Sunday, December 22, 2024

ਜਥੇਦਾਰ ਅਕਾਲ ਤਖਤ ਨੇ ਪੰਥ ਵਿਰੋਧੀ ਕਾਰਵਾਈਆਂ ਦੇ ਦੋਸ਼ ‘ਚ ਹਰਿਆਣਾ ਦੇ ਸਿੱਖ ਆਗੂ ਝੀਂਡਾ, ਨਲਵੀ ਤੇ ਚੱਠਾ ਪੰਥ ਚੋਂ ਛੇਕੇ

ਜੋ ਕੁੱਝ ਵੀ ਕੀਤਾ ਹਰਿਆਣਾ ਦੇ ਸਿੱਖਾਂ ਲਈ ਹੀ ਕੀਤਾ- ਝੀਂਡਾ

PPN160713

ਅੰਮ੍ਰਿਤਸਰ, 16  ਜੁਲਾਈ (ਜਸਬੀਰ ਸਿੰਘ) – ਸ੍ਰੀ ਅਕਾਲ ਤਖਤ ਸਾਹਿਬ ਤੋ ਹਰਿਆਣਾ ਦੀ ਵੱਖਰੀ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਸ੍ਰ. ਜਗਦੀਸ਼ ਸਿੰਘ ਝੀਡਾ, ਦੀਦਾਰ ਸਿੰਘ ਨਲਵੀ ਅਤੇ ਹਰਿਆਣਾ ਦੇ ਪਤਿੱਤ ਵਿੱਤ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੂੰ ਵੱਖਰੀ ਕਮੇਟੀ ਬਣਾ ਕੇ ਸਿੱਖਾਂ ਵਿੱਚ ਵੰਡੀਆਂ ਪਾਉਣ ਦੇ ਦੋਸ਼ ‘ਚ ਪੰਥ ਵਿੱਚੋ ਛੇਕ ਦਿੱਤਾ ਗਿਆ ਹੈ ਜਦ ਕਿ ਸ੍ਰ. ਝੀਡਾ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਇਸ ਹੁਕਮ ਦਾ ਜਵਾਬ ਉਹਨਾਂ ਭਲਕੇ ਸੰਗਤਾਂ ਨਾਲ ਸਲਾਹ ਕਰਕੇ ਦੇਣਗੇ ਕਿਉਕਿ ਉਹਨਾਂ ਨੇ ਜੋ ਕੁੱਝ ਵੀ ਕੀਤਾ ਹੈ, ਆਪਣੇ ਲਈ ਨਹੀ ਸਗੋਂ ਹਰਿਆਣਾ ਦੇ ਸਿੱਖਾਂ ਲਈ ਹੀ ਕੀਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀਬਲਵੰਤ ਸਿੰਘ ਨੰਦਗੜ, ਤਖਤ ਸ੍ਰੀ ਪਟਨਾ ਸਾਹਿਬ ਦੇ ਵਿਵਾਦਤ ਜਥੇਦਾਰ ਗਿਆਨੀ ਇਕਬਾਲ ਸਿੰਘ ਤੋ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸ਼ਮੂਲੀਅਤ ਕੀਤੀ ਤੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਜਗਦੀਸ਼ ਸਿੰਘ ਝੀਡਾ, ਜਨਰਲ ਸਕੱਤਰ ਸ੍ਰ. ਦੀਦਾਰ ਸਿੰਘ ਨਲਵੀ ਅਤੇ ਹਰਿਆਣਾ ਦੇ ਪਤਿਤ ਵਿੱਤ ਮੰਤਰੀ ਸ੍ਰ. ਹਰਮੋਹਿੰਦਰ ਸਿੰਘ ਚੱਠਾ ਨੂੰ ਪੰਥ ਵਿਰੋਧੀ ਗਤੀਵਿਧੀਆਂ ਕਰਕੇ ਹਰਿਆਣਾ ਦੀ ਵੱਖਰੀ ਕਮੇਟੀ ਬਣਾ ਕੇ ਸਿੱਖ ਪੰਥ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਪੰਥ ਵਿੱਚੋ ਛੇਕ ਦਿੱਤਾ ਗਿਆ ਹੈ।

PPN160707

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਹੁਕਮਨਾਮਾ ਪੜ ਕੇ ਸੁਣਾਇਆ ਜਿਸ ਦਾ ਮੂਲ ਪਾਠ ਇਸ ਤਰਾ ਹੈ, ”ਅੱਜ ਮਿਤੀ 1  ਸਾਵਣ ਸੰਮਤ ਨਾਨਕਸ਼ਾਹੀ ੫੪੬ ਮੁਤਾਬਿਕ 16  ਜੁਲਾਈ 2014, ਦਿਨ ਬੁੱਧਵਾਰ ਨੂੰ ਗੁਰੂ ਪੰਥ ਦੇ ਪ੍ਰਤੀਨਿਧ ਪੰਜ ਸਿੰਘ ਸਾਹਿਬਾਨ ਦੀ ਹੰਗਾਮੀ ਇਕੱਤਰਤਾ ਵਿਚ ਅੰਤ੍ਰਿੰਗ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਮਤਾ ਨੰਬਰ 1575 ਮਿਤੀ 16-07-2014  ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਸਿੱਖ ਪੰਥ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ, ਸਭਾ ਸੁਸਾਇਟੀਆਂ, ਟਕਸਾਲਾਂ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ ਆਦਿ ਦੇ ਪ੍ਰਤੀਨਿਧਾਂ ਵੱਲੋਂ ਕੀਤੇ ਗੁਰਮਤੇ ‘ਤੇ ਗੰਭੀਰ ਵਿਚਾਰਾਂ ਕੀਤੀਆਂ ਗਈਆਂ। ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਜਿਸ ਦੀ ਸਿਰਜਣਾ ਸਿੱਖ ਪੰਥ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ, ਨੂੰ ਤੋੜਨ ਤੇ ਕਮਜ਼ੋਰ ਕਰਨ ਦੀਆਂ ਪੰਥ ਵਿਰੋਧੀ ਸਾਜਿਸ਼ਾਂ ਵਿੱਚ ਸ਼ਾਮਲ ਵਿਅਕਤੀਆਂ ਦੇ ਰੋਲ ‘ਤੇ ਵਿਚਾਰ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਸਿਧਾਤਾਂ, ਪ੍ਰੰਪਰਾਵਾਂ ਤੇ ਮਰਿਆਦਾ ਦੀ ਰੌਸ਼ਨੀ ਵਿੱਚ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਹੈ। ਜਿਸ ਤੇ ਦੁਨੀਆਂ ਭਰ ਵਿਚ ਵੱਸਣ ਵਾਲੇ ਸਿੱਖਾਂ ਦੀ ਆਸਥਾ ਹੈ। ਜਦੋਂ ਵੀ ਕਿਸੇ ਸਮੇਂ ਦੇਸ਼-ਦੁਨੀਆਂ ਵਿਚ ਕਿਸੇ ਸਿੱਖ ਨੂੰ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਕਰਦਾ ਹੈ। ਹੁਣ ਹਰਿਆਣੇ ਦੇ ਕੁੱਝ ਨਾਮ-ਨਿਹਾਦ ਸਿੱਖਾਂ ਵੱਲੋਂ ਪੰਥਕ ਸੋਚ ਦੇ ਵਿਰੋਧ ਵਿੱਚ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੰਡਣ ਦੀ ਸਾਜਿਸ਼ ਵਿਚ ਸ਼ਰੀਕ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦਿੰਦਿਆਂ ਵੱਖਰੀ ਅਖੌਤੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਾ ਰਹੀ ਹੈ, ਜਿਸ ਵਿੱਚ ਜਗਦੀਸ਼ ਸਿੰਘ (ਝੀਂਡਾ), ਦੀਦਾਰ ਸਿੰਘ (ਨਲਵੀ), ਹਰਮੋਹਿੰਦਰ ਸਿੰਘ (ਚੱਠਾ) ਆਦਿ ਨੇ ਮੀਣੇ, ਧੀਰਮੱਲੀਏ, ਮਸੰਦਾਂ ਦੀ ਸੋਚ ਰੱਖਦਿਆਂ ਅਖੌਤੀ ‘ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ’ ਨੂੰ ਬਣਾਉਣ ਵਿਚ ਨਿਭਾਏ ਰੋਲ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਬੁਲਾਇਆ ਗਿਆ ਸੀ ਪ੍ਰੰਤੂ ਇਨਾਂ ਨੇ ਬਹਾਨੇਬਾਜ਼ੀ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਤੋਹੀਨ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਨਾਂ ਵਿਅਕਤੀਆਂ ਨੂੰ ਪੰਥ ਵਿਰੋਧੀ ਕਾਰਵਾਈਆਂ ਤੋਂ ਬਾਜ਼ ਆਉਣ ਲਈ ਵਾਰ-ਵਾਰ ਤਾੜਨਾ ਵੀ ਕੀਤੀ ਗਈ ਪਰ ਇਹ ਇਨਾਂ ਪੰਥ ਵਿਰੋਧ ਕਾਰਵਾਈਆਂ ਤੋਂ ਬਾਜ਼ ਨਹੀਂ ਆਏ। ਹਰਿਆਣੇ ਦੇ ਅਖੌਤੀ ਸਿੱਖ ਆਗੂਆਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਅੱਗੇ ਪੇਸ਼ ਹੋਣ ਤੋਂ ਵੀ ਆਨਾਕਾਨੀ ਕੀਤੀ।ਅੰਤ੍ਰਿੰਗ ਕਮੇਟੀ ਅਤੇ ਵੱਖ-ਵੱਖ ਜਥੇਬੰਦੀਆ ਵੱਲੋਂ ਦਿੱਤੇ ਮੰਗ ਪੱਤਰਾਂ ਉਪਰ ਗੰਭੀਰ ਵਿਚਾਰ ਕਰਨ ਉਪਰੰਤ ਗੁਰੂ ਪੰਥ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਫੈਸਲਾ ਕੀਤਾ ਜਾਂਦਾ ਹੈ ਕਿ ਇਹਨਾਂ ਪੰਥ ਦੋਖੀਆਂ, ਗੁਰਮਤਿ ਦੇ ਦੋਸ਼ੀਆ ਉਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਚੁਨੌਤੀ ਦੇਣ ਦੇ ਕਾਰਨ ਇਹਨਾਂ ਤੋਂ ਸਿੱਖ ਹੋਣ ਦਾ ਮਾਣ ਸਤਿਕਾਰ, ਹੱਕ ਹਕੂਕ ਵਾਪਸ ਲਏ ਜਾਂਦੇ ਹਨ। ਦੇਸ਼ ਵਿਦੇਸ਼ ਵਿੱਚ ਵੱਸਣ ਵਾਲੀਆ ਸਿੱਖ ਸੰਗਤਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜਿੰਨੀ ਦੇਰ ਉਕਤ ਤਿੰਨੇ ਪੰਥ ਦੋਖੀ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਪੰਥਕ ਰਵਾਇਤਾਂ ਅਨੁਸਾਰ ਤਨਖਾਹ ਨਹੀ ਲਗਵਾ ਲੈਦੇ ਉਨੀ ਦੇਰ ਤੱਕ ਇਹਨਾਂ ਨਾਲ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸਬੰਧ ਨਾ ਰੱਖੇ ਜਾਣ। ਅਖੌਤੀ ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਹੋਰ ਸਹਿਯੋਗੀਆ ਨੂੰ ਸਖਤ ਤਾੜਨਾ ਕੀਤੀ ਜਾਂਦੀ ਹੈ ਕਿ ਉਹ ਭਰਾ ਮਾਰੂ ਜੰਗ ਤੋਂ ਸੁਚੇਤ ਰਹਿਣ।”

ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਆਦੇਸ਼ ਜਾਰੀ ਕਰਦਿਆਂ ਭਾਂਵੇ ਛੇਕਣ ਦਾ ਲਫਜ਼ ਜਥੇਦਾਰ ਸਾਹਿਬ ਨੇ ਨਹੀ ਵਰਤਿਆ, ਪਰ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਤਿੰਨਾਂ ਵਿਅਕਤੀਆਂ ਨੂੰ ਛੇਕ ਦਿੱਤਾ ਗਿਆ ਹੈ। ਅਸਿੱਧੇ ਰੂਪ ਵਿੱਚ ਉਹਨਾਂ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਹੁਣ ਤੱਕ ਦੀ ਕੀਤੀ ਗਈ ਕਾਰਵਾਈ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਹਰਿਆਣੇ ਦੇ ਸਿੱਖਾਂ ਨੂੰ ਕਲਾਵੇ ਵਿੱਚ ਲੈਣ ਤੋਂ ਪੂਰੀ ਤਰਾਂ ਅਸਮੱਰਥ ਰਹੀ ਹੈ ਜਿਸ ਕਰਕੇ ਇਹ ਨੌਬਤ ਆਈ ਹੈ।ਸ੍ਰੀ ਅਕਾਲ ਤਖਤ ਤੋ ਜਾਰੀ ਕੀਤੇ ਹੁਕਮਾਂ ਨਾਲ ਸਿੱਖ ਰਹਿਤ ਮਰਿਆਦਾ ਤੇ ਪੰਥਕ ਪਰੰਪਰਾਵਾਂ ਦੀ ਵੀ ਉਸ ਵੇਲੇ ਉਲੰਘਣਾ ਜਦੋਂ ਇੱਕ ਦਾਹੜੀ ਰੰਗਣ ਵਾਲੇ ਪਤਿੱਤ ਚੱਠਾ ਨੂੰ ਛੇਕ ਦਿੱਤਾ ਗਿਆ ਜਿਸ ਨਾਲ ਸਹਿਜਧਾਰੀ ਫੈਡਰੇਸ਼ਨ ਜਥੇਦਾਰ ਦੇ ਇਹ ਹੁਕਮ ਲੈ ਕੇ ਸੁਪਰੀਮ ਕੋਰਟ ਵਿੱਚ ਜਾਵੇਗੀ ਕਿ ਜੇਕਰ ਪਤਿਤ ਪ੍ਰਵਾਨ ਹਨ ਤਾਂ ਸਹਿਜਧਾਰੀ ਕਿਉ ਨਹੀ? ਜਦੋਂ ਗਿਆਨੀ ਗੁਰਬਚਨ ਸਿੰਘ ਦਾ ਧਿਆਨ ਇਸ ਪਾਸੇ ਵੱਲ ਦਿਵਾਇਆ ਗਿਆ ਕਿ ਸ੍ਰੀ ਹਰਮੋਹਿੰਦਰ ਸਿੰਘ ਚੱਠਾ ਪਤਿਤ ਹੈ ਤੇ ਉਹ ਆਪਣੀ ਦਾਹੜੀ ਕਾਲੀ ਕਰਦਾ ਹੈ ਤਾਂ ਉਹਨਾਂ ਆਗਿਆਨਤਾ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਸਿੱਖ ਬਣ ਕੇ ਹੀ ਪੇਸ਼ ਹੋਵੇਗਾ। ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵਿਰੁੱਧ ਜਦੋਂ ਮੁਕੱਦਮਾ ਦਰਜ ਹੋਣ ਬਾਰੇ ਪੁੱਛਿਆ ਗਿਆ ਤਾਂ ਇਸ ਨੂੰ ਲੈ ਕੇ ਜਥੇਦਾਰ ਤੋ ਕੁੱਝ ਪੱਤਰਕਾਰਾਂ ਵਿੱਚ ਤੱਤਕਾਰ ਹੋ ਗਿਆ ਜਿਸ ਦਾ ਮੁੱਦਾ ਕਾਫੀ ਵੱਧ ਗਿਆ ਨੌਬਤ ਧਰਨੇ ਤੱਕ ਦੀ ਆ ਗਈ, ਪਰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰੀ ਪ੍ਰਤਾਪ ਸਿੰਘ ਨੇ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਮੰਗ ਪੱਤਰ ਲੈ ਕੇ ਪੱਤਰਕਾਰਾਂ ਨੂੰ ਤੋਰ ਦਿੱਤਾ।

ਸ੍ਰੀ ਅਕਾਲ ਤਖਤ ਸਾਹਿਬ ਦੇ ਦਫਤਰ ਵਿੱਚ ਅੱਜ ਸਵੇਰ ਤੋ ਕਾਫੀ ਗਹਿਮਾ ਗਹਿਮੀ ਰਹੀ ਅਤੇ ਸ੍ਰੋਮਣੀ ਕਮੇਟੀ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਤੇ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਜਥੇਦਾਰ ਅਕਾਲ ਤਖਤ ਨਾਲ ਵੱਖ ਵੱਖ ਮੁਲਾਕਾਤਾਂ ਕੀਤੀਆ ਤੇ ਹਰਿਆਣਾ ਕਮੇਟੀ ਬਾਰੇ ਵਿਚਾਰ ਸਾਂਝੇ ਕੀਤੇ।ਬੀਤੀ ਸ਼ਾਮ ਹੀ ਮੀਟਿੰਗ ਉਸ ਵੇਲੇ ਬੁਲਾਈ ਗਈ ਜਦੋਂ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਤੇ ਤੱਤਕਾਲ ਮੀਟਿੰਗ ਬੁਲਾ ਲਈ ਗਈ।ਸਿਆਸੀ ਪੰਡਤਾਂ ਦੀਆਂ ਕਿਆਸ ਅਰਾਈਆ ਵੀ ਇਹੀ ਸਨ ਕਿ ਹਰਿਆਣਾ ਦੇ ਵੱਖਰੀ ਕਮੇਟੀ ਦੀ ਕਨੂੰਨੀ ਲੜਾਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਸ਼੍ਰੋਮਣੀ ਕਮੇਟੀ ਹਾਰ ਚੁੱਕੀ ਹੈ ਤੇ ਉਹਨਾਂ ਨੇ ਹੁਣ ਧੱਕੇਸ਼ਾਹੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋ ਕਰਨ ਦਾ ਹੀ ਹੱਥਕੰਡਾ ਵਰਤਿਆ ਹੈ।

ਇਸ ਸਬੰਧੀ ਜਦੋਂ ਹਰਿਆਣਾ ਕਮੇਟੀ (ਐਡਹਾਕ) ਦੇ ਪ੍ਰਧਾਨ ਸ੍ਰ. ਜਗਦੀਸ਼ ਸਿੰਘ ਝੀਡਾ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਪੱਤਰਕਾਰਾਂ ਤੋ ਹੀ ਜਾਣਕਾਰੀ ਮਿਲੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋ ਛੇਕਣ ਦੇ ਜਾਰੀ ਹੋਏ ਹੁਕਮਨਾਮਾ ਜਾਣਕਾਰੀ ਮਿਲੀ ਹੈ ਪਰ ਉਹਨਾਂ ਨੇ ਜੋ ਕੁੱਝ ਵੀ ਕੀਤਾ ਹੈ ਉਹ ਹਰਿਆਣਾ ਦੀ ਸਿੱਖ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਹੀ ਕੀਤਾ ਹੈ ਅਤੇ ਉਹ ਭਲਕੇ ਸੰਗਤਾਂ ਨਾਲ ਵਿਚਾਰ ਕਰਕੇ ਹੀ ਕੋਈ ਜਵਾਬ ਦੇਣਗੇ। ਇਸੇ ਤਰਾਂ ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਜੋ ਤੁਧ ਭਾਵੈ ਨਾਨਕਾ ਸਾਈ ਗੱਲ ਚੰਗੀ ਅਨੁਸਾਰ ਉਹ ਭਲਕੇ ਅਖਬਾਰਾਂ ਪੜ ਕੇ ਤੇ ਅਕਾਲ ਤਖਤ ਸਾਹਿਬ ਤੋ ਜਾਰੀ ਹੋਏ ਹੁਕਮਨਾਮੇ ਦੀ ਕਾਪੀ ਮਿਲਣ ਉਪਰੰਤ ਹੀ ਕੋਈ ਟਿੱਪਣੀ ਕਰਨਗੇ ਪਰ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਨੇ ਹਰਿਆਣਾ ਦੇ ਸਿੱਖਾਂ ਦੀ ਇੱਛਾ ਅਨੁਸਾਰ ਹੀ ਹਰਿਆਣਾ ਦੀ ਵੱਖਰੀ ਕਮੇਟੀ ਬਣਵਾਈ ਹੈ।ਉਨਾਂ ਕਿਹਾ ਕਿ ਸਿੱਖ ਪੰਥ ਲਈ ਜਦੋਂ ਕੋਈ ਕਰ ਗੁਜਰਦਾ ਹੈ ਤਾਂ ਉਸ ਨੂੰ ਫਿਰ ਸੂਲੀ ਦਾ ਵੀ ਕੋਈ ਡਰ ਨਹੀ ਰਹਿੰਦਾ। 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply