ਫਾਜ਼ਿਲਕਾ, 4 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਬੇਰੁਜ਼ਗਾਰ ਮਲਟੀਪਰਜ਼ ਹੈਲਥ ਵਰਕਰ ਯੂਨੀਅਨ ਪੰਜਾਬ ਨੇ ਅੱਜ ਆਪਣੀਆਂ ਮੰਗਾਂ ਸਬੰਧੀ ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਨੂੰ ਭੇਜਣ ਲਈ ਸਹਾਇਕ ਕਮਿਸ਼ਨਰ (ਅੰਡਰ ਟੇ੍ਰਨਿੰਗ) ਰਣਦੀਪ ਸਿੰਘ ਹੀਰ ਨੂੰ ਮੰਗ ਪੱਤਰ ਸੋਂਪਿਆ।
ਜ਼ਿਲਾ ਆਗੂ ਹੁਸ਼ਿਆਰ ਸਿੰਘ ਭਾਬੜਾ ਦੀ ਅਗਵਾਈ ਵਿਚ ਮੰਗ ਪੱਤਰ ਦੇਣ ਪੁੱਜੇ ਯੂਨੀਅਨ ਮੈਂਬਰਾਂ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਵਿਚ ਸਿਹਤ ਵਰਕਰ (ਮੇਲ) ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ। ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਦੇ ਲੰਬੇ ਸੰਘਰਸ਼ ਕਾਰਨ 30 ਅਪ੍ਰੈਲ 2016 ਦੀ ਕੈਬੀਨੇਟ ਮੀਟਿੰਗ ਵਿਚ ਪੰਜਾਬ ਸਰਕਾਰ ਵੱਲੋਂ 1263 ਅਸਾਮੀਆਂ ਨੂੰ ਪ੍ਰਵਾਣਗੀ ਦਿੱਤੀ ਗਈ ਸੀ।ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵੱਲੋਂ ਦਸੰਬਰ 2016 ਵਿਚ ਲਗਭਗ 5000 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲੈ ਕੇ 1723 ਉਮੀਦਵਾਰਾਂ ਦੀ ਕੌਂਸਲਿੰਗ ਕਰਵਾਹੀ ਸੀ। ਇਸ ਤਰਾ 1723 ਵਿਚੋਂ ਬਾਕੀ ਰਹਿੰਦੇ 460 ਉਮੀਦਵਾਰਾਂ ਨੂੰ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਅਸਾਮੀਆਂ ਵਿਚ ਵਾਧਾ ਕਰਕੇ ਨਿਯੁਕਤ ਕਰਨ ਦਾ ਭਰੋਸਾ ਦਿੱਤਾ ਸੀ। ਉਧਰ 1263 ਵਿਚੋਂ ਪਹਿਲੀ ਸੂਚੀ ਦੇ 919 ਉਮੀਦਵਾਰਾਂ ਨੂੰ ਨਿਯੁੱਕਤੀ ਪੱਤਰ ਜਾਰੀ ਕਰ ਦਿੱਤੇ ਸਨ, ਪਰ ਇਸ ਸੂਚੀ ਤੇ ਮਾਨਯੋਗ ਅਦਾਲਤ ਹਾਈਕੋਰਟ ਪੰਜਾਬ ਅਤੇ ਹਰਿਆਣਾ ਵੱਲੋਂ 5 ਮਈ 2017 ਨੂੰ ਰੋਕ ਲਗਾ ਦਿੱਤੀ ਗਈ ਸੀ। ਜੋਕਿ ਵਿਭਾਗ ਦੀ ਢਿਲੀ ਪੇਰਵਹੀ ਕਰਕੇ ਅੱਜ ਤੱਕ ਵੀ ਜਾਰੀ ਹੈ। ਜਿਸਦੀ ਅਗਲੀ ਪੇਸ਼ੀ 15 ਨਵੰਬਰ ਹੈ ਜਦਕਿ ਭਰਤੀ ਲਈ ਜਾਰੀ ਇਸ਼ਤਿਹਾਰ ਦੀ ਇੱਕ ਸਾਲ ਦੀ ਮਿਆਦ ਵੀ ਇਸ ਸਾਲ ਦੇ ਨਵੰਤਰ ਮਹੀਨੇ ਵਿਚ ਖ਼ਤਮ ਹੋਣ ਦਾ ਖਦਸ਼ਾ ਹੈ।
ਉਨਾਂ ਮੰਗ ਕਰਦੇ ਹੋਏ ਕਿਹਾ ਕਿ ਚੱਲ ਰਹੇ ਸਾਲ ਵਿਚ 1263 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ, ਬਾਕੀ ਰਹਿੰਦੀਆਂ ਅਸਾਮੀਆਂ ਨੂੰ ਡਿਰੀਜਰਵ ਕਰਕੇ ਯੋਗ ਉਮੀਦਵਾਰਾਂ ਨੂੰ ਦਿੱਤੇ ਜਾਣ, ਕੌਂਸਲਿੰਗ ਕਰਵਾ ਚੁੱਕੇ ਉਮੀਦਵਾਰਾਂ ਨੂੰ ਅਸਾਮੀਆਂ ਵਿਚ ਵਾਧਾ ਕਰਕੇ ਅਡਜਸਟ ਕੀਤਾ ਜਾਵੇ।ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾ ਅਤੇ ਸ਼ਰਨਜੀਤ ਅਜਨਾਲਾ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਕੀਤੇ ਫੈਸਲੇ ਮੁਤਾਬਕ ਪੰਜਾਬ ਸਰਕਾਰ ਨੂੰ ਆਪਣਾ ਵਾਅਦਾ 15 ਅਕਤੂਬਰ ਤੱਕ ਪੂਰਾ ਕਰਨ ਦੀ ਅਪੀਲ ਕੀਤੀ। ਵਾਅਦੇ ਤੋਂ ਮੁਨਕਰ ਹੋਣ ਦੀ ਹਾਲਤ ਵਿਚ 15 ਅਕਤੂਬਰ ਨੂੰ ਸਿਹਤ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਧਰਨਾ ਦੇਣ ਦਾ ਐਲਾਣ ਕੀਤਾ ਗਿਆ। ਯੂਨੀਅਨ ਆਗੂਆਂ ਨੇ ਕਿਹਾ ਕਿ ਵਾਅਦਾ ਪੂਰਾ ਕਰਵਾਉਣ ਲਈ 15 ਅਕਤੂਬਰ ਨੂੰ ਯੂਨੀਅਨ ਮੈਂਬਰ ਵੱਡੀ ਗਿਣਤੀ ’ਚ ਪਟਿਆਲਾ ਪੁੱਜਣਗੇ ਅਤੇ ਲੋੜ ਪੈਣ ਤੇ ਦਿਵਾਲੀ ਦੇ ਤਿਓਹਾਰ ਨੂੰ ‘ਕਾਲੀ ਦੀਵਾਲੀ’ ਵਜੋਂ ਮਨਾਉਣ ਲਈ ਪੱਕਾ ਮੋਰਚਾ ਸ਼ੁਰੂ ਕੀਤਾ ਜਾ ਸਕਦਾ ਹੈ।
ਇਸ ਮੌਕੇ ਜ਼ਿਲਾ ਆਗੂ ਰਮੇਸ਼ ਚੰਦਰ, ਬਲਵਿੰਦਰ ਪਾਲ ਸਿੰਘ, ਰਿਪਨ ਕੁਮਾਰ, ਪ੍ਰੇਮ ਕੁਮਾਰ, ਜਤਿੰਦਰ ਕੁਮਾਰ, ਬਲਵਿੰਦਰ ਸਿੰਘ, ਸੰਜੀਵ ਕੁਮਾਰ, ਰਜਿੰਦਰ ਕੁਮਾਰ, ਵਿਜ ਕੁਮਾਰ, ਰਮਨ ਕੁਮਾਰ, ਪਵਨ ਕੁਮਾਰ, ਬੂਟਾ ਸਿੰਘ, ਵਰਿੰਦਰ ਕੁਮਾਰ ਅਤੇ ਹੋਰ ਹਾਜ਼ਰ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media