ਹਲਕੇ ਦੀਆਂ ਸਮਸਿਆਵਾਂ ਸਬੰਧੀ ਸਰਕਾਰ ਗੰਭੀਰ – ਗੋਲਡੀ ਖੰਗੂੜਾ
ਧੂਰੀ, 21 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) -ਪਿਛਲੇ ਲੰਮੇ ਸਮੇਂ ਤੋਂ ਧੂਰੀ ਹਲਕੇ ਦੇ ਪਿੰਡ ਜਹਾਂਗੀਰ ਦੀ ਨਹਿਰੀ ਪੁਲ ਦੀ ਟੁੱਟੇ ਹੋਣ ਕਾਰਨ ਸਿਆਸਤ ਦਾ ਮੁੱਦਾ ਬਣੇ ਇਸ ਮਾਮਲੇ ਨੂੰ ਆਖਿਰਕਾਰ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਕੀਤੇ ਉਪਰਾਲਿਆਂ ਨਾਲ ਨਹਿਰੀ ਬੰਦੀ ਮਿਲਣ ਤੇ ਇਸ ਮਾਮਲੇ ਤੇ ਪੂਰੀ ਤਰਾਂ ਵਿਰਾਮ ਲਗਾ ਦਿੱਤਾ ਗਿਆ।ਜਿਕਰਯੋਗ ਹੈ ਕਿ ਇਕ ਕਰੋੜ 75 ਲੱਖ ਰੁਪੈ ਦੀ ਲਾਗਤ ਨਾਲ ਬਣਨ ਵਾਲੇ ਇਸ ਨਹਿਰੀ ਪੁਲ ਦੀ ਉਸਾਰੀ ਲਈ 20 ਅਕਤੂਬਰ ਤੋਂ 21 ਦਿਨਾਂ ਲਈ ਨਹਿਰੀ ਬੰਦੀ ਪ੍ਰਾਪਤ ਹੋਈ ਹੈ।ਅੱਜ ਮਹਿਕਮੇ ਦੇ ਅਧਿਕਾਰੀਆਂ ਦੀ ਹਾਜਰੀ ’ਚ ਪੁਲ ਦੀ ਉਸਾਰੀ ਲਈ ਇੱਟ ਰੱਖਕੇ ਉਸਾਰੀ ਕੰਮਾਂ ਦੀ ਸ਼ੁਰੂਆਤ ਤੋਂ ਬਾਅਦ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਇਹ ਪੁਲ ਦੀ ਉਸਾਰੀ ਦਾ ਕੰਮ ਅਕਾਲੀ-ਭਾਜਪਾ ਸਰਕਾਰ ਵੇਲੇ ਤੋਂ ਲਟਕਦਾ ਆ ਰਿਹਾ ਹੈ, ਪਰ ਜਦੋਂ ਤੋਂ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਣੀ ਹੈ, ਉਦੋਂ ਤੋਂ ਹੀ ਮੈਂ ਅਤੇ ਸਰਕਾਰ ਇਸ ਮਾਮਲੇ ਨੂੰ ਲੈ ਕੇ ਅਤਿ ਗੰਭੀਰ ਸਨ ਅਤੇ ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਲੋਕ ਨਿਰਮਾਣ ਮੰਤਰੀ ਰਜੀਆ ਸੁਲਤਾਨਾ ਦੇ ਧਿਆਨ ’ਚ ਲਿਆਉਣ ਤੋਂ ਬਾਅਦ ਨਹਿਰੀ ਬੰਦੀ ਪ੍ਰਾਪਤ ਕਰਨ ’ਚ ਸਫਲ ਹੋਏ ਹਾਂ।ਉਨਾਂ ਕਿਹਾ ਕਿ ਬਠਿੰਡਾ ਸਮੇਤ ਕੁੱਝ ਹੋਰ ਜਿਲਿਆਂ ’ਚ ਖੇਤੀ ਦਾ ਕੰਮ ਇਸ ਨਹਿਰੀ ਪਾਣੀ ਤੇ ਨਿਰਭਰ ਕਰਦਾ ਹੈ, ਜਿਸ ਕਾਰਨ ਨਹਿਰੀ ਬੰਦੀ ਮਿਲਣ ’ਚ ਦੇਰੀ ਹੋਈ ਹੈ।ਉਨਾਂ ਕਿਹਾ ਕਿ ਹਲਕੇ ਦੀ ਹਰ ਸਮੱਸਿਆ ਨੂੰ ਲੈ ਕੇ ਮੈਂ ਅਤੇ ਸਰਕਾਰ ਪੂਰੀ ਤਰਾਂ ਗੰਭੀਰ ਹਾਂ ਅਤੇ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਹੀ ਧੂਰੀ ਇਲਾਕੇ ਦੀ ਪਿਛਲੇ 40 ਸਾਲਾਂ ਤੋਂ ਫਾਇਰ ਬਿਗ੍ਰੇਡ ਦੀ ਲਟਕਦੀ ਆ ਰਹੀ ਮੰਗ ਨੂੰ ਪੂਰਾ ਕੀਤਾ ਗਿਆ ਹੈ।ੱਉਨਾਂ ਕਿਹਾ ਕਿ ਸਰਕਾਰ ਵੱਲੋਂ ਇਸ ਨਹਿਰੀ ਪੁਲ ਦੇ ਟੁੱਟਣ ਹੋਣ ਕਾਰਨ ਬਦਲਵੇਂ ਰਸਤੇ ਨੂੰ ਕਰੀਬ 25 ਲੱਖ ਰੁਪੈ ਦੀ ਲਾਗਤ ਨਾਲ ਇੱਟਾਂ ਲਗਾ ਕੇ ਪੱਕਾ ਕੀਤਾ ਗਿਆ ਹੈ।
ਉਨਾਂ ਇਸ ਮੁਲ ਦੀ ਉਸਾਰੀ ਦਾ ਕੰਮ ਸ਼ੁਰੂ ਹੋਣ ਅਤੇ ਨਹਿਰੀ ਬੰਦੀ ਮਿਲਣ ’ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਲੋਕ ਨਿਰਮਾਣ ਮੰਤਰੀ ਰਜੀਆ ਸੁਲਤਾਨਾ ਦਾ ਧੰਨਵਾਦ ਕਰਦਿਆਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅਕਾਲੀ-ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਅਤੇ ਅਕਾਲੀਆਂ ਵੱਲੋਂ ਪੰਜਾਬ ਦੇ ਫੰਡਾਂ ਦੀ ਰੱਜ ਕੇ ਕੀਤੀ ਗਈ ਦੁਰਵਰਤੋਂ ਕਾਰਨ ਪੰਜਾਬ ਨੂੰ ਮਾੜੀ ਆਰਥਿਕਤਾ ਦਾ ਸਾਹਮਣਾ ਕਰਨਾ ਪਿਆ ਹੈ, ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਯੋਗ ਅਗਵਾਈ ਸਦਕਾ ਪੰਜਾਬ ਮੁੜ ਤਰੱਕੀ ਦੀਆਂ ਰਾਹਾਂ ’ਤੇ ਤੁਰਿਆ ਹੈ।
ਇਸ ਮੌਕੇ ਐਕਸੀਅਨ ਜਗਦੀਪ ਸਿੰਘ ਤੁੰਗ, ਐਸ.ਡੀ.ਓ ਚੰਦਰ ਪ੍ਰਕਾਸ਼, ਕਾਂਗਰਸੀ ਆਗੂਆਂ ’ਚ ਪ੍ਰੇਮ ਕੁਮਾਰ ਬਾਂਸਲ, ਅੱਛਰਾ ਸਿੰਘ ਭਲਵਾਨ, ਇੰਦਰਪਾਲ ਸਿੰਘ ਗੋਲਡੀ ਕਹੇਰੂ, ਜਗਤਾਰ ਸਿੰਘ ਤਾਰਾ ਬੇਨੜਾ, ਹਨੀ ਤੂਰ, ਇੰਦਰਜੀਤ ਸਿੰਘ ਘਨੌਰੀ, ਇਕਬਾਲ ਸਿੰਘ ਬਾਦਸ਼ਾਹਪੁਰ, ਇੰਦਰਜੀਤ ਸਿੰਘ ਕੱਕੜਵਾਲ, ਗੁਰਸੇਵਕ ਸਿੰਘ ਸੇਬੀ ਕਾਂਝਲਾ, ਗੁਰਪਿਆਰ ਸਿੰਘ ਧੂਰਾ, ਗੁਰਮੀਤ ਸਿੰਘ ਬਮਾਲ, ਮਿੱਠੂ ਲੱਡਾ ਆਦਿ ਵੀ ਹਾਜਰ ਸਨ।
Punjab Post Daily Online Newspaper & Print Media