ਬਠਿੰਡਾ, 28 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨਵੰਬਰ 1984 ਸਿੱਖ ਕਤਲੇਆਮ ਦੇ ਜਖ਼ਮ ਅਤੇ ਪੀੜਾਂ/ਦਰਦ ਨੂੰ
ਤਾਜਾ ਰੱਖਣ ਅਤੇ ਇਨਸਾਫ਼ ਦੀ ਲੜਾਈ ਨੂੰ ਜਿਉਂਦਾ ਰੱਖਣ ਅਤੇ ਕਤਲ ਕੀਤੇ ਗਏ ਨਿਰਦੋਸ਼ਾਂ ਨੂੰ ਸ਼ਰਧਾਂਜਲੀ ਦੇਣ ਲਈ ਦਲ ਖ਼ਾਲਸਾ ਵੱਲੋਂ ਬਠਿੰਡਾ ਵਿਖੇ 1 ਨਵੰਬਰ ਨੂੰ ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ ਕੀਤਾ ਜਾਵੇਗਾ।ਇਥੇ ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆ ਪਾਰਟੀ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣਗੇ ਉਪਰੰਤ ਅਰਦਾਸ ਮਾਰਚ ਦੁਪਹਿਰ 12 ਵਜੇ ਗੁਰੂਦੁਆਰਾ ਹਾਜੀ ਰਤਨ ਤੋਂ ਸ਼ੁਰੂ ਹੋਵੇਗਾ ਅਤੇ ਸਮਾਪਤੀ ਗੁਰਦੁਆਰਾ ਕਲਗੀਧਰ ਪਾਤਿਸ਼ਾਹੀ ਦਸਵੀਂ ਕਿਲਾ ਮੁਬਾਰਕ ਵਿਖੇ ਕੀਤੀ ਜਾਵੇਗੀ।ਪ੍ਰਧਾਨ ਚੀਮਾ ਨੇ ਕਿਹਾ ਕਿ ਨਵੰਬਰ 1984 ਵਿੱਚ ਦੁਨੀਆਂ ਦੀ ਅਖ਼ੌਤੀ ਵੱਡੀ ਜਮਹੂਰੀਅਤ ਨੇ ਆਪਣੀ ਦਰਿੰਦਗੀ, ਬੇਸ਼ਰਮੀ ਅਤੇ ਸੈਤਾਨੀ ਸੋਚ ਦਾ ਮੁਜ਼ਾਹਰਾ ਕਰਦਿਆ ਨਿਰਦੋਸ ਸਿੱਖਾਂ, ਬੱਚੇ, ਬੱਚੀਆਂ, ਔਰਤਾਂ ਤੇ ਮਰਦਾਂ ਦਾ ਕਰੂਰਤਾ ਨਾਲ ਕਤਲੇਆਮ ਕੀਤਾ ਸੀ। ਉਹਨਾਂ ਕਿਹਾ ਕਿ ਸਿੱਖ ਕਤਲੇਆਮ ਦੇ ਦੋਸੀਆਂ ਨੂੰ ਸਜਾਵਾਂ ਨਾ ਮਿਲਣ ਦਾ ਮੁੱਖ ਕਾਰਨ ਭਾਰਤੀ ਸਟੇਟ ਵੱਲ ਘੱਟ ਗਿਣਤੀਆਂ ਵਿਰੁੱਧ ਨਸਲਕੁਸ਼ੀ, ਨਫ਼ਰਤ ਅਤੇ ਬਦਲੇ ਦੀ ਰਾਜਨੀਤੀ ਨੂੰ ਇੱਕ ਰਣਨੀਤੀ ਵਜੋਂ ਪ੍ਰਵਾਨਗੀ ਹੈ। ਉਹਨਾਂ ਦੋਸ਼ ਲਾਇਆ ਕਿ ਭਾਰਤ ਦੀਆਂ ਦੋਹਾਂ ਪ੍ਰਮੁੱਖ ਪਾਰਟੀਆਂ ਕਾਂਗਰਸ ਅਤੇ ਭਾਜਪਾ ਨੇ ਨਸਲਕੁਸ਼ੀ ਦੀ ਰਾਜਨੀਤੀ ਖੇਡ ਕੇ ਹਜਾਰਾਂ ਹੀ ਬੇਗੁਨਾਹਾਂ ਦਾ ਖ਼ੂਨ ਡੋਲਿਆ ਹੈ।
ਪਾਰਟੀ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ 1984 ਦਾ ਕਤਲੇਆਮ ਨਸਲਕੁਸ਼ੀ ਸੀ ਨਾ ਕਿ ਦੰਗੇ। ਉਹਨਾਂ ਟਿੱਪਣੀ ਕਰਦਿਆਂ ਕਿਹਾ ਕਿ ਇੱਕ ਹੀ ਧਰਮ ਨਾਲ ਸਬੰਧਤ 8000 ਤੋਂ ਵੱਧ ਵਿਅਕਤੀਆਂ ਦਾ ਕਤਲੇਆਮ ਜੇਕਰ ਨਸਲਕੁਸ਼ੀ ਨਹੀਂ ਤਾਂ ਹੋਰ ਕੀ ਹੈ।ਉਹਨਾਂ ਕਿਹਾ ਕਿ 1984 ਦੀਆਂ ਘਟਨਾਵਾਂ ਨੇ ਸਿੱਖ ਕੌਮ ਨੂੰ ਆਜ਼ਾਦੀ ਅਤੇ ਸਵੈ ਨਿਰਣੈ ਦੇ ਰਾਹ ਤੋਰਿਆ।ਹਕੂਮਤ ਅਤੇ ਕਤਲੇਆਮ ਦੇ ਦੋਸ਼ੀ ਚਾਹੁੰਦੇ ਹਨ ਕਿ ਸਿੱਖ ਨਵੰਬਰ 1984 ਭੁੱਲ ਜਾਣ ਪਰ ਇਹ ਜਖ਼ਮ, ਪੀੜਾਂ ਅਤੇ ਇਨਸਾਫ਼ ਦੀ ਲੜਾਈ ਨੂੰ ਜਿਉਂਦਾ ਰੱਖਣਗੇ।
ਇਸ ਸਮੇਂ ਪਾਰਟੀ ਆਗੂਆਂ ਵਲੋਂ ਕੈਟੋਲੋਨੀਆ ਵਲੋਂ ਸਵੈ ਨਿਰਣੈ ਰਾਹੀਂ ਆਪਣੀ ਆਜ਼ਾਦੀ ਦੇ ਐਲਾਨ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਉਨਾਂ ਕਿਹਾ ਕਿ ਕੈਟੋਲੋਨੀਆ ਵੱਲੋਂ ਆਪਣੀ ਆਜ਼ਾਦੀ ਦਾ ਐਲਾਨ ਕਰਨਾ, ਉਹਨਾ ਲੋਕਾਂ ਅਤੇ ਸੰਘਰਸਸ਼ੀਲ ਕੌਮਾਂ ਲਈ ਇੱਕ ਨਵੀਂ ਆਸ ਦੀ ਕਿਰਨ ਹੈ ਜੋ ਆਪਣੀ ਕਿਸਮਤ ਦੇ ਆਪ ਮਾਲਕ ਬਣਨਾ ਚਾਹੁੰਦੇ ਹਨ ਤੇ ਉਹਨਾਂ ਜਾਲਮ ਹਕੂਮਤਾਂ ਲਈ ਵੀ ਇਹ ਇੱਕ ਸਬਕ ਹੈ, ਜੋ ਅਜ਼ਾਦੀ ਪਸੰਦ ਕੌਮਾਂ ਨੂੰ ਰਾਜ ਦੀ ਤਾਕਤ ਨਾਲ ਜਬਰੀ ਗੁਲਾਮ ਬਣਾ ਕੇ ਰੱਖਣਾ ਚਾਹੁੰਦੀਆਂ ਹਨ।ਉਨਾਂ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦਿਆ ਕਿਹਾ ਕਿ ਨਵੰਬਰ 84 ਕੋਈ ਦੰਗੇ ਨਹੀਂ ਸਨ, ਇਹ ਇੱਕ ਹਕੂਮਤ ਅਤੇ ਫ਼ਿਰਕਾਪ੍ਰਸਤੀ ਕਾਂਗਰਸੀ ਲੀਡਰਸ਼ਿਪ ਦੀ ਅਗਵਾਈ ਵਿੱਚ ਕੀਤੀ ਗਈ ਨਸਲਕੁਸ਼ੀ ਸੀ ਅਤੇ ਪੱਤਰਕਾਰ ਭਾਈਚਾਰਾ ਆਪਣੇ ਖੇਤਰ ਵਿੱਚ ਦੰਗੇ ਸ਼ਬਦ ਦੀ ਥਾਂ ਸਿੱਖ ਨਸਲਕੁਸ਼ੀ ਸ਼ਬਦ ਦੀ ਵਰਤੋਂ ਕਰਨ।
ਭਾਈ ਗੁਰਵਿੰਦਰ ਸਿੰਘ ਬਠਿੰਡਾ ਨੇ ਦੱਸਿਆ ਕਿ ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ ਗੁਰਦੁਆਰਾ ਹਾਜੀ ਰਤਨ ਤੋਂ ਸ਼ੁਰੂ ਹੋ ਕੇ ਲਿਬਰਟੀ ਚੌਂਕ, ਬੱਸ ਅੱਡਾ, ਫੌਜੀ ਚੌਂਕ, ਮਾਲ ਰੋਡ, ਹਸਪਤਾਲ ਬਾਜ਼ਾਰ, ਕਿੱਕਰ ਬਜਾਰ ਹੁੰਦਾ ਹੋਇਆ ਗੁਰਦੁਆਰਾ ਕਿਲਾ ਮੁਬਾਰਕ ਵਿਖੇ ਸਮਾਪਤੀ ਹੋਵੇਗੀ।ਪ੍ਰੈਸ ਕਾਨਫ਼ਰੰਸ ਵਿਚ ਦਲ ਖ਼ਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਡਾ, ਊਦੇ ਸਿੰਘ ਫ਼ਤਹਿਗੜ ਸਾਹਿਬ ਸਕੱਤਰ, ਭਾਈ ਗੁਰਵਿੰਦਰ ਸਿੰਘ ਬਠਿੰਡਾ ਵਰਕਿੰਗ ਕਮੇਟੀ ਮੈਂਬਰ ਵੀ ਹਾਜਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media