ਬਠਿੰਡਾ, ੨੧ ਜੁਲਾਈ (ਜਸਵਿੰਦਰ ਸਿੰਘ ਜੱਸੀ)- ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਕਾਂਗਰਸ ਪਾਰਟੀ ਵੱਲੋਂ ਮੋਰਚਾ ਖੋਲ੍ਹਦਿਆਂ 23 ਜੁਲਾਈ ਨੂੰ ਬਠਿੰਡਾ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਲਈ ਜਿੱਥੇ ਵਰਕਰਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ ਉੁਥੇ ਹੀ ਲੋਕਾਂ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਬੱਸ ਕਿਰਾਏ, ਕੇਂਦਰ ਸਰਕਾਰ ਵੱਲੋਂ ਵਧਾਏ ਬਿਜਲੀ ਦਰਾਂ ਵਿੱਚ ਵਾਧਾ, ਤੇਲ ਕੀਮਤਾਂ ਵਿੱਚ ਵਾਧਾ ਤੇ ਨਸ਼ਿਆਂ ‘ਚ ਗਰਕ ਹੋ ਰਹੀ ਜਵਾਨੀ ਵਰਗੇ ਅਹਿਮ ਮੁੱਦਿਆਂ ਨੂੰ ਲੈਕੇ ਲੋਕਾਂ ਵਿੱਚ ਵੀ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਨੇ ਧਰਨੇ ਦੀਆਂ ਤਿਆਰੀਆਂ ਲਈ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਅਤੇ ਪਿੰਡਾਂ ਵਿੱਚ ਕੀਤੀਆਂ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾ ਜਿਲ੍ਹਾ ਬਠਿੰਡਾ ਦੇ ਸਮੂਹ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਲੋਕ ਵਿਰੋਧੀ ਸਰਕਾਰ ਨੂੰ ਚਲਦਾ ਕਰਨ ਲਈ ਵਿਸ਼ਾਲ ਰੋਸ ਧਰਨੇ ਵਿੱਚ ਸ਼ਮੂਲੀਅਤ ਕਰਨ। ਇਸ ਦਿਨ ਧਰਨੇ ਨੂੰ ਸੰਬੋਧਨ ਕਰਨ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਸਮੇਤ ਸੀਨੀਅਰ ਲੀਡਰਸ਼ਿਪ ਅਤੇ ਜਿਲ੍ਹਾ ਬਠਿੰਡਾ ਦੇ ਸਮੂਹ ਵਿਧਾਇਕ, ਸਾਬਕਾ ਵਿਧਾਇਕ, ਜਿਲ੍ਹਾ ਦਿਹਾਤੀ ਅਤੇ ਸ਼ਹਿਰੀ ਪ੍ਰਧਾਨ ਤੇ ਹੋਰ ਅਹੁੱਦੇਦਾਰ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਦਿਨ ਬੀਬੀ ਭੱਠਲ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਲੋਕਾਂ ਨੂੰ ਯੂਪੀਏ ਸਰਕਾਰ ਵੱਲੋਂ ਪੰਜਾਬ ਨੂੰ ਦਿੱਤੇ ਵਿਤੀ ਪੈਕੇਜ, ਵੱਖ ਵੱਖ ਗਰਾਂਟਾਂ ਜਿਸ ਵਿੱਚ ਬਾਦਲ ਪਰਿਵਾਰ ਨੇ ਘਪਲੇਬਾਜੀ ਕੀਤੀ ਦੇ ਖੁਲਾਸੇ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਸੂਬੇ ਦੇ ਹਾਲਾਤ ਬਦ ਤੋਂ ਬਦਤਰ ਬਣ ਚੁੱਕੇ ਹਨ, ਟੈਕਸਾਂ ਕਾਰਨ ਵਪਾਰ ਬੰਦ ਹੋ ਕੇ ਰਹਿ ਗਿਆ ਹੈ, ਪੂਰੀ ਬਿਜਲੀ ਨਾ ਮਿਲਣ ਕਰਕੇ ਖੇਤੀ ਅਤੇ ਇੰਡਸਟਰੀ ਬਰਬਾਦ ਹੋ ਗਈ, ਬਿਜਲੀ ਸਰਪਲੱਸ ਸੂਬਾ ਬਿਜਲੀ ਨੂੰ ਤਰਸ ਰਿਹਾ ਹੈ ਪਰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਲੋਕ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਜਿਸ ਕਰਕੇ ਕਾਂਗਰਸ ਪਾਰਟੀ ਨੂੰ ਲੋਕਾਂ ਦੇ ਹੱਕ ਵਿੱਚ ਸੜ੍ਹਕਾਂ ਤੇ ਉਤਰਨਾ ਪੈ ਰਿਹਾ ਹੈ। ਉਹਨਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੀ ਕਰੜੇ ਹੱਥੀ ਲੈਦਿਆਂ ਕਿਹਾ ਕਿ ਦੋ ਮਹੀਨੇ ਵਿੱਚ ਉਹਨਾਂ ਆਪਣੇ ਹਲਕੇ ਦੇ ਵਿਕਾਸ ਲਈ ਕੋਈ ਪ੍ਰੋਜੈਕਟ ਮਨਜੂਰ ਨਾ ਕਰਵਾਕੇ ਮਾਮੂਲੀ ਲੀਡ ਦਾ ਗੁੱਸਾ ਸਾਹਮਣੇ ਲਿਆਂਦਾ ਹੈ ਕਿਉਂਕਿ ਪੰਜਾਬ ਅਤੇ ਕੇਂਦਰ ਸਰਕਾਰ ਦੇ ਬੱਜਟ ਵਿੱਚ ਮਾਲਵਾ ਇਲਾਕੇ ਨੂੰ ਕੋਈ ਵੱਡਾ ਪ੍ਰੋਜੈਕਟ ਜਾਂ ਵਿਤੀ ਪੈਕੇਜ ਨਹੀਂ ਮਿਲਿਆ। ਇਸ ਮੌਕੇ ਉਹਨਾਂ ਦੇ ਨਾਲ ਜਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਮੋਹਨ ਲਾਲ ਝੁੰਬਾ, ਸਕੱਤਰ ਪੀਪੀਸੀਸੀ ਇਕਬਾਲ ਢਿੱਲੋਂ, ਜਸਵੰਤ ਗੋਲਡੀ, ਵਿਜੇ ਗੋਇਲ, ਅਸ਼ਵਨੀ ਗੋਇਲ ਆਦਿ ਦੇ ਨਾਲ ਵੱਡੀ ਗਿਣਤੀ ਵਿੱਚ ਵਰਕਰ ਹਾਜਰ ਸਨ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …