Thursday, October 1, 2026

‘ਦੀ ਕਯੂਸਟ ਕੰਟੀਨਿਊ ਲੋਸਟ ਹੈਰੀਟੇਜ਼ ਦੀ ਸਿੱਖ-ਲੈਗੇਸੀ ਇਨ ਪਾਕਿਸਤਾਨ’ ਕਿਤਾਬ ਲੋਕ ਅਰਪਿਤ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) -ਖ਼ਾਲਸਾ ਕਾਲਜ ਫਾਰ ਵੂਮੈਨ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਸਿੰਘਾਪੁਰ ਤੋਂ ਪਹੁੰਚੇ ਪ੍ਰਸਿੱਧ PPN0711201727ਸਿੱਖ ਵਿਦਵਾਨ ਸ: ਅਮਰਦੀਪ ਸਿੰਘ ਰੰਗੜ, ਜੋ ਕਿ ਇਕ ਫਾਜਿਲ ਲੇਖਕ ਹਨ, ਦੀ ਪਾਕਿਸਤਾਨ ਸਥਿਤ ਗੁਰਦੁਆਰਿਆਂ ਅਤੇ ਇਤਿਹਾਸਕ ਇਮਾਰਤਾਂ ਪ੍ਰਤੀ ਖੋਜ਼ ’ਤੇ ਅਧਾਰਿਤ ਪੁਸਤਕ ‘ਦੀ ਕਯੂਸਟ ਕੰਟੀਨਿਊ ਲੋਸਟ ਹੈਰੀਟੇਜ਼ ਦੀ ਸਿੱਖ-ਲੈਗੇਸੀ ਇਨ ਪਾਕਿਸਤਾਨ’ ਪੁਸਤਕ ਨੂੰ ਲੋਕ ਅਰਪਿਤ ਕੀਤਾ ਗਿਆ। ਇਸ ਪੁਸਤਕ ’ਚ ਗੁਆਂਢੀ ਮੁਲਕ ਦੇ ਵੱਖ-ਵੱਖ ਖੇਤਰਾਂ ’ਚ ਸਿੱਖ ਵਿਰਾਸਤ ਸਬੰਧੀ ਇਮਾਰਤਾਂ ਦੇ ਤਰਸਯੋਗ ਹਾਲਾਤਾਂ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਤ ਸਕੱਤਰ ਅਤੇ ਦਲਬੀਰ ਫਾਊਂਡੇਸ਼ਨ ਦੇ ਮੁੱਖੀ ਗੁਨਬੀਰ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਲੇਖਕ ਨੇ ਕਿਹਾ ਕਿ ਪਾਕਿ ’ਚ ਅਤਿ ਬਿਰਧ ਦੁਰਦਸ਼ਾ ਵਾਲੀਆਂ ਇਮਾਰਤਾਂ ਆਲੋਪ ਹੋਣ ਦੇ ਕਗਾਰ ’ਤੇ ਹਨ, ਜਿਸ ਕਾਰਨ ਸਿੱਖ ਇਤਿਹਾਸ ਨਾਲ ਜੁੜੇ ਬਹੁਮੁੱਲੇ ਵਿਰਸੇ ਨੂੰ ਹਮੇਸ਼ਾਂ ਲਈ ਖੋਹੇ ਜਾਣ ਦਾ ਡਰ ਹੈ।ਉਨ੍ਹਾਂ ਆਪਣੇ ਪ੍ਰੈਜਨਟੇਸ਼ਨ ’ਚ ਦੱਸਿਆ ਕਿ ਪਾਕਿ ਦੇ ਦੂਰ-ਦੂਰਾਂਡੇ ਇਲਾਕਿਆਂ ’ਚ ਪਹੁੰਚ ਕਰਕੇ ਇੰਨ੍ਹਾਂ ਇਮਾਰਤਾਂ ਪ੍ਰਤੀ ਜਾਣਕਾਰੀ ਹਾਸਲ ਕੀਤੀ।
ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਵਿਸ਼ੇਸ਼ ਤੌਰ ’ਤੇ ਪੁੱਜੇ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ।ਅਮਰਦੀਪ ਸਿੰਘ ਨੇ ਉਕਤ ਪੁਸਤਕ ਦੇ ਵੱਖ-ਵੱਖ ਪਹਿਲੂਆਂ ’ਤੇ ਚਾਨਣਾ ਪਾਉਂਦਿਆ ਕਿਹਾ ਕਿ ਜਿਆਦਾਤਰ ਵਿਰਸਾ ਪਾਕਿ ਦੀ ਧਰਤੀ ’ਤੇ ਮੌਜ਼ੂਦ ਹੈ, ਜੋ ਕਿ ਭਾਰਤ-ਪਾਕਿ ਵੰਡ ਉਪਰੰਤ ਪਾਕਿਸਤਾਨ ’ਚ ਰਹਿ ਗਿਆ। ਉਨ੍ਹਾਂ ਕਿਹਾ ਕਿ ਜੇਕਰ ਇਸ ਨੂੰ ਸਹੀ ਸਮੇਂ ’ਤੇ ਬਚਾਇਆ ਨਾ ਗਿਆ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਆਪਣੇ ਵਿਰਸੇ ਤੋਂ ਵਾਂਝਾ ਰਹਿ ਜਾਵੇਗੀ।
ਉਨ੍ਹਾਂ ਨੇ ਆਪਣੀ ਨਵਲਿਖਤ ਕਿਤਾਬ ਨੂੰ ਇਕ ਉਤਸੁਕਤਾ ਭਰੀ ਖੋਜ ਦੱਸਦਿਆ ਕਿਹਾ ਕਿ 2014 ’ਚ ਅਚਾਨਕ ਹੀ ਆਪਣੇ ਪਾਕਿਸਤਾਨ ਦੌਰੇ ਦੌਰਾਨ ਉਨ੍ਹਾਂ ਸਿੱਖ ਇਤਿਹਾਸ ਨਾਲ ਸਬੰਧਿਤ ਕੁੱਝ ਇਮਾਰਤਾਂ ਨੂੰ ਢਹਿ ਢੇਰੀ ਹਾਲਤ ’ਚ ਵੇਖਿਆ, ਜਿਸ ਉਪਰੰਤ ਉਨ੍ਹਾਂ ’ਚ ਇਸ ਤਰ੍ਹਾਂ ਦੀਆਂ ਇਮਾਰਤਾਂ ਨੂੰ ਲੱਭਣ ਦੀ ਜਗਿਆਸਾ ਜਾਗੀ।ਉਨ੍ਹਾਂ ਕਿਹਾ ਕਿ ਉਹ ਪਹਿਲਾਂ ਇਸ ਵਿਸ਼ੇ ’ਤੇ ਇਕ ਕਿਤਾਬ ਲਿਖ ਚੁੱਕੇ ਹਨ ਅਤੇ ਇਸ ਸਬੰਧੀ ਦੂਜੀ ਪੁਸਤਕ ਅੱਜ ਲੋਕ ਅਰਪਿਤ ਕੀਤੀ ਗਈ ਹੈ।
ਇਸ ਮੌਕੇ ਗੁਨਬੀਰ ਸਿੰਘ ਨੇ ਕਿਹਾ ਕਿ ਲੇਖਕ ਨੇ ਇਕ ਵਾਸਤਵਿਕ ਖੋਜ ਨੂੰ ਕਲਮਬੱਧ ਕੀਤਾ ਹੈ, ਜੋ ਕਿ ਖ਼ਤਮ ਹੋ ਰਹੇ ਵਿਰਸੇ ਦੀ ਭਲੀਭਾਂਤ ਤਸਵੀਰ ਪੇਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਸ: ਅਮਰਦੀਪ ਸਿੰਘ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਜਿੱਥੇ ਸਾਡੇ ਵਿਦਵਾਨਾਂ, ਇਤਿਹਾਸਕਾਰਾਂ ਨੂੰ ਇਸ ਵਿਸ਼ੇ ’ਤੇ ਖੋਜ਼ ਕਰਨ ਲਈ ਪ੍ਰੇਰਿਤ ਕਰੇਗੀ, ਉੱਥੇ ਆਮ ਪਾਠਕਾਂ ਲਈ ਆਪਣੇ ਵਿਰਸੇ ਨੂੰ ਜਾਨਣ ਲਈ ਚਾਨਣ ਮੁਨਾਰੇ ਦਾ ਕੰਮ ਕਰੇਗੀ।
ਪ੍ਰਿੰ: ਡਾ. ਮਾਹਲ ਨੇ ਕਿਹਾ ਕਿ ਰੰਗੜ ਵੱਲੋਂ ਵਿਰਸੇ ਅਤੇ ਭਾਰਤ-ਪਾਕਿ ਦੇ ਅੰਤਰਲੇ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਮੁਹੱਈਆ ਕੀਤੀ ਗਈ ਹੈ, ਉਹ ਉਨ੍ਹਾਂ ਦੇ ਗਿਆਨ ’ਚ ਵਾਧਾ ਕਰੇਗੀ।ਵਿਦਿਆਰਥੀਆਂ ਨੇ ਵੀ ਵਿਚਾਰ-ਵਟਾਂਦਰੇ ’ਚ ਖਾਸ ਰੁਚੀ ਦਿਖਾਈ ਅਤੇ ਇਕ ਬਹੁਤ ਲਾਭਦਾਇਕ ਚਰਚਾ ਹੋਈ।ਇਸ ਮੌਕੇ ਖ਼ਾਲਸਾ ਕਾਲਜ ਵੈਟਰਨਰੀ ਐਂਡ ਐਨੀਮਲ ਸਾਇੰਸਸ ਦੇ ਪ੍ਰਿੰਸੀਪਲ ਡਾ. ਐਸ.ਐਸ ਸਿੱਧੂ, ਡਾ. ਮਨਪ੍ਰੀਤ ਕੌਰ, ਪ੍ਰੋ: ਸਤਿੰਦਰ ਕੌਰ ਅਤੇ ਹੋਰ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply