Wednesday, June 10, 2026

ਜਿਲਾ ਅੰਮ੍ਰਿਤਸਰ ਦੇ 13 ਹਜ਼ਾਰ ਕਿਸਾਨਾਂ ਦਾ 170 ਕਰੋੜ ਦਾ ਕਰਜਾ ਹੋਇਆ ਮੁਆਫ- ਅਜਨਾਲਾ

PPN2011201705ਅੰਮ੍ਰਿਤਸਰ, 19 ਨਵੰਬਰ (ਪੰਜਾਬ ਪੋਸਟ  ਮਨਜੀਤ ਸਿੰਘ) – ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਵੱਲੋਂ ਆਪਣੇ ਸਬੰਧਤ ਅਦਾਰਿਆਂ ਮਾਰਕਫੈਡ, ਵੇਰਕਾ ਅਤੇ ਇਫਕੋ ਦੀ ਸਹਾਇਤਾ ਨਾਲ ਮਿਲਕ ਪਲਾਂਟ ਵੇਰਕਾ ਵਿਖੇ ਮਨਾਏ ਗਏ 64ਵੇਂ ਸਰਬ ਭਾਰਤੀ ਸਹਿਕਾਰੀ ਸਪਤਾਹ ਦੌਰਾਨ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਛੋਟੀ ਕਿਰਸਾਨੀ ਦੇ ਮੁਆਫ ਕੀਤੇ ਗਏ 2 ਲੱਖ ਰੁਪਏ ਦੇ ਫਸਲੀ ਕਰਜ਼ੇ ਨਾਲ ਜਿਲਾ ਅੰਮਿ੍ਰਤਸਰ ਦੇ 13 ਹਜ਼ਾਰ ਕਿਸਾਨਾਂ ਦਾ 170 ਕਰੋੜ ਰੁਪਏ ਕਰਜ਼ਾ ਮੁਆਫ ਹੋਇਆ ਹੈ।ਇਸ ਮੌਕੇ ਸ੍ਰੀ ਸੁਨੀਲ ਦੱਤੀ, ਸੰਤੋਖ ਸਿੰਘ ਭਲਾਈਪੁਰ ਅਤੇ ਹਰਮਿੰਦਰ ਸਿੰਘ ਗਿਲ ਸਾਰੇ ਵਿਧਾਇਕ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਉਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਸਹਿਕਾਰੀ ਲਹਿਰ ਮਜ਼ਬੂਤ ਕਰਨ ਦੀ ਲੋੜ ਹੈ, ਕਿਉਂਕਿ ਕਿਰਸਾਨੀ ਲਗਾਤਾਰ ਛੋਟੀ ਹੋ ਰਹੀ ਹੈ ਅਤੇ ਖੇਤੀ ਸੰਦ ਮਹਿੰਗੇ ਅਤੇ ਵੱਡੇ।ਉਨਾਂ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨ ਵੱਡੇ ਖੇਤੀਸੰਦ ਸਹਿਕਾਰੀ ਸਭਾ ਵਿਚ ਲੈ ਕੇ ਕੰਮ ਕਰਨ, ਤਾਂ ਖੇਤੀ ਖਰਚੇ ਘੱਟ ਸਕਦੇ ਹਨ, ਜਿਸ ਨਾਲ ਕਿਸਾਨ ਦੀ ਆਮਦਨ ਵਧੇਗੀ। ਉਨਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਕੋਆਪਰੇਟਿਵ ਸੁਸਾਇਟੀਆਂ ਤੋਂ ਹੀ ਕਰਜ਼ ਲੈਣ, ਕਿਉਂਕਿ ਇਨਾਂ ਸੁਸਾਇਟੀਆਂ ਵੱਲੋਂ 4 ਫੀਸਦ ਵਿਆਜ਼ ਦਰ ’ਤੇ ਕਰਜ਼ਾ ਦਿੱਤਾ ਜਾਂਦਾ ਹੈ, ਜੋ ਕਿ ਸਭ ਤੋਂ ਘੱਟ ਵਿਆਜ਼ ਦਰ ਹੈ।ਉਨਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਜਿਸ ਮੰਤਵ ਲਈ ਕਰਜਾ ਲੈਂਦੇ ਹਨ, ਉਸੇ ਮੰਤਵ ’ਤੇ ਲਗਾਉਣ, ਤਾਂ ਜੋ ਕਰਜ਼ੇ ਦੀ ਵਾਪਸੀ ਸਮੇਂ ਸਿਰ ਹੋ ਸਕੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਜਦੋਂ ਕਿਸਾਨ ਖੇਤੀ ਲਈ ਕਰਜਾ ਲੈ ਕੇ ਹੋਰ ਥਾਂ ’ਤੇ ਵਰਤ ਲੈਂਦਾ ਹੈ, ਤਾਂ ਇਸ ਵਿਚੋਂ ਨਿਕਲਣਾ ਮੁਸ਼ਿਕਲ ਹੋ ਜਾਂਦਾ ਹੈ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ 2.5 ਤੋਂ 5 ਕਿੱਲੇ ਵਾਲੇ ਕਿਸਾਨ ਖੇਤੀ ਨਾਲ ਸਬੰਧਤ ਸੰਦ ਖਰੀਦਣ ਨਾਲੋਂ ਸਹਿਕਾਰੀ ਸੁਸਾਇਟੀਆਂ ਤੋਂ ਕਿਰਾਏ ’ਤੇ ਲੈਣ ਦੀ ਕੋਸ਼ਿਸ਼ ਕਰਨ। ਉਨਾਂ ਨੇ ਪਰਾਲੀ ਨਾ ਸਾੜਨ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਕ ਕੰਪਨੀ ਨਾਲ ਪਰਾਲੀ ਤੋਂ ਬਿਜਲੀ ਅਤੇ ਠੋਸ ਬਾਲਣ ਤਿਆਰ ਕਰਨ ਲਈ ਸਮਝੌਤਾ ਕਰ ਲਿਆ ਹੈ, ਜਿਸ ਨਾਲ ਕਿਸਾਨ ਆਉਂਦੇ ਸੀਜ਼ਨ ਨੂੰ ਆਪਣੀ ਪਰਾਲੀ ਵੇਚ ਸਕਣਗੇ। ਉਨਾਂ ਇਹ ਵੀ ਕਿਹਾ ਕਿ ਪਰਾਲੀ ਸਾੜਨ ਨਾਲ ਜੋ ਧੂੰਆਂ ਪੈਦਾ ਹੁੰਦਾ ਹੈ, ਉਹ ਵਾਤਾਵਰਣ ਪ੍ਰਦੂਸ਼ਣ ਦੇ ਨਾਲ-ਨਾਲ ਐਕਸੀਡੈਂਟ ਦਾ ਕਾਰਨ ਵੀ ਬਣ ਰਿਹਾ ਹੈ।
ਸੁਨੀਲ ਦੱਤੀ ਹਲਕਾ ਵਿਧਾਇਕ ਅੰਮਿ੍ਰਤਸਰ ਉਤਰੀ ਨੇ ਕਿਹਾ ਕਿ ਦੇਸ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਸਹਿਕਾਰਤਾ ਲਹਿਰ ਨੂੰ 5 ਸਾਲਾ ਯੋਜਨਾਵਾਂ ਵਿੱਚ ਸ਼ਾਮਲ ਕੀਤਾ ਸੀ, ਜਿਸ ਦਾ ਮੁੱਖ ਉਦੇਸ਼ ਕਿਸਾਨਾਂ ਦਾ ਜੀਵਨ ਪੱਧਰ ਉਚਾ ਚੁੱਕਣਾ ਸੀ ਅਤੇ ਇਹ ਹਰੀ ਕ੍ਰਾਂਤੀ ਵਿਚ ਵੱਡਾ ਸੂਤਰਧਾਰ ਬਣਿਆ।ਉਨਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ 22000 ਦੇ ਕਰੀਬ ਉਦਯੋਗਿਕ ਯੂਨਿਟ ਬੰਦ ਹੋਣ ਦੇ ਨਾਲ ਪੰਜਾਬ ਤੋਂ ਬਾਹਰ ਚਲੇ ਗਏ ਹਨ ਅਤੇ ਹੁਣ ਕਾਂਗਰਸ ਸਰਕਾਰ ਮੁੜ ਸਰਜੀਤੀ ਲਈ ਯਤਨ ਕਰ ਰਹੀ ਹੈ।
ਇਸ ਮੌਕੇ ਹਰਿੰਦਰ ਸਿੰਘ ਸਿੱਧੂ ਐਮ.ਡੀ ਖੇਤੀਬਾੜੀ ਵਿਕਾਸ ਬੈਂਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀਬਾੜੀ ਵਿਕਾਸ ਬੈਂਕ ਦਾ 3700 ਕਰੋੜ ਰੁਪਏ ਤੋਂ ਵੱਧ ਰਕਮ ਕਿਸਾਨੀ ਕਰਜਾ ਸਕੀਮਾਂ ਵਿੱਚ ਲਗਾ ਹੋਇਆ ਹੈ ਅਤੇ 8 ਲੱਖ ਤੋਂ ਜਿਆਦਾ ਇਸ ਦੇ ਮੈਂਬਰ ਹਨ।ਉਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਵਿਭਾਗ ਤੋਂ ਆਪਣੀ ਲੋੜ ਅਨੁਸਾਰ ਹੀ ਕਰਜਾ ਲੈਣ ਤਾਂ ਜੋ ਵਾਪਸ ਕਰਨ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।
ਸਮਾਗਮ ਵਿੱਚ ਭੂਪਿੰਦਰ ਸਿੰਘ ਵਾਲੀਆ ਡਿਪਟੀ ਰਜਿਸਟਰਾਰ ਅੰਮਿ੍ਰਤਸਰ, ਪਲਵਿੰਦਰ ਸਿੰਘ ਬੱਲ, ਡਿਪਟੀ ਰਜਿਸਟਰਾਰ ਤਰਨਤਾਰਨ ਅਤੇ ਸਮੂਹ ਸਹਾਇਕ ਰਜਿਸਟਰਾਰ ਜਿਲਾ ਅੰਮਿ੍ਰਤਸਰ ਅਤੇ ਤਰਨਤਾਰਨ, ਹਰਪ੍ਰੀਤ ਸਿੰਘ ਚੀਮਾ, ਜਗਦੀਪ ਸਿੰਘ ਘਈ, ਪ੍ਰੀਤ ਮਹਿੰਦਰ ਸਿੰਘ (ਸਾਰੇ ਡੀ.ਜੀ.ਐਮ), ਖੇਤੀਬਾੜੀ ਵਿਕਾਸ ਬੈਂਕ ਦੇ ਵਾਈਸ  ਚੇਅਰਮੈਨ ਰਵੇਲ ਸਿੰਘ, ਸਮੂਹ ਡਾਇਰੈਕਟਰ ਐਸ.ਏ.ਡੀ.ਬੀ ਚੰਡੀਗੜ, ਰਿਪੂਦਮਨ ਸਿੰਘ ਜਿਲਾ ਮੈਨੇਜਰ ਅੰਮਿ੍ਰਤਸਰ ਅਤੇ ਤਰਨਤਾਰਨ, ਕੰਵਲਜੀਤ ਸਿੰਘ ਕਪੂਰਥਲਾ, ਸੁਨੀਲ ਮਹਾਜਨ ਗੁਰਦਾਸਪੁਰ, ਸੁਰਿੰਦਰ ਸਿੰਘ ਜਲੰਧਰ, ਰਵਿੰਦਰ ਸਿੰਘ ਪਠਾਣੀਆਂ ਹੁਸ਼ਿਆਰਪੁਰ (ਸਾਰੇ ਜਿਲਾ ਮੈਨੇਜਰ) ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply