Thursday, May 2, 2024

ਸੁੰਦਰ ਦਿੱਖ ਦੇਣ ਲੱਗੇ ਅੰਮ੍ਰਿਤਸਰ ਦੀਆਂ ਬਾਹਰੀ ਸੜਕਾਂ ‘ਤੇ ਲੱਗੇ ਖਜ਼ੂਰ ਦੇ ਰੁੱਖ

ਤਾਰਾਂ ਵਾਲੇ ਪੁੱਲ ਤੋਂ ਤਰਨ ਤਾਰਨ ਰੋਡ ਤੱਕ ਬਣਾਇਆ ‘ਜੌਗਿੰਗ ਟਰੈਕ’

PPN260713
ਅੰਮ੍ਰਿਤਸਰ, 26  ਜੁਲਾਈ (ਸੁਖਬੀਰ ਸਿੰਘ)- ਸ਼ਹਿਰ ਵਿਚ ਜਿੱਥੇ ਬੱਸ ਰੇਪਿਡ ਟਰਾਂਜਿਟ ਸਿਸਟਮ ਲਈ ਬਣ ਰਹੀਆਂ ਨਵੀਆਂ ਸੜਕਾਂ ਕਾਰਨ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ, ਉਥੇ ਸ਼ਹਿਰ ਦੀ ਆਬੋ-ਹਵਾ ਸਾਫ-ਸੁਥਰੀ ਰੱਖਣ ਲਈ ਨਵੇਂ ਰੁੱਖ ਲਗਾਉਣ ਦਾ ਕੰਮ ਵੀ ਜਾਰੀ ਹੈ। ਇਸ ਤਹਿਤ ਅੰਮ੍ਰਿਤਸਰ-ਜਲੰਧਰ ਰਾਸ਼ਟਰੀ ਸ਼ਾਹ ਮਾਰਗ ਦੇ ਦੋਵੇਂ ਪਾਸੇ ਅਤੇ ਹਵਾਈ ਅੱਡਾ ਸੜਕ ‘ਤੇ ਲੱਗੇ ਖਜ਼ੂਰ (ਡੇਟ ਪਾਮ), ਚਿੱਟੇ ਫੁੱਲਾਂ ਵਾਲੀ ਚੰਪਾ ਅਤੇ ਸਿਲਵਰ ਓਕ ਦੇ ਲੱਗੇ ਰੁੱਖ ਅੰਮ੍ਰਿਤਸਰ ਦੇ ਪ੍ਰਵੇਸ਼ ਨੂੰ ਬਹੁਤ ਖੂਬਸੂਰਤ ਦਿੱਖ ਦੇ ਰਹੇ ਹਨ। ਲੋਕ ਨਿਰਮਾਣ ਵਿਭਾਗ ਦੇ ਐਸ ਡੀ ਓ ਸਤਿੰਦਰ ਸਿੰਘ (ਬਾਗਬਾਨੀ ਵਿਭਾਗ) ਨੇ ਦੱਸਿਆ ਕਿ ਲਗਭਗ 2.5 ਕਰੋੜ ਰੁਪਏ ਦੀ ਲਾਗਤ ਨਾਲ ਲਗਾਏ ਗਏ ਇੰਨਾਂ ਰੁੱਖਾਂ ਦਾ ਕੰਮ ਜਿਸ ਨਰਸਰੀ ਨੂੰ ਦਿੱਤਾ ਗਿਆ ਹੈ, ਉਸ ਨੂੰ ਇਸ ਦੀ ਪੰਜ ਸਾਲ ਸਾਂਭ-ਸੰਭਾਲ ਕਰਨ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ, ਤਾਂ ਕਿ ਕੋਈ ਵੀ ਬੂਟਾ ਮਰੇ ਨਾ। 

PPN260712
               ਉਨ੍ਹਾਂ ਦੱਸਿਆ ਕਿ ਖਜ਼ੂਰਾਂ ਦੇ 270 ਬੂਟੇ ਲਗਾਏ ਗਏ ਹਨ, ਜੋ ਕਿ ਕੀਮਤੀ ਦਰਖਤ ਹੈ ਅਤੇ ਵੇਖਣ ਨੂੰ ਬਹੁਤ ਸੋਹਣਾ ਲੱਗਦਾ ਹੈ। ਇਨਾਂ ਖਜ਼ੂਰਾਂ ਦੇ ਵਿਚ ਚੰਪਾ ਅਤੇ ਇਸ ਤੋਂ ਪਿੱਛੇ ਸਿਲਵਰ ਓਕ ਦੇ ਦਰਖਤ ਲਗਾਏ ਗਏ ਹਨ, ਜੋ ਕਿ ਵੱਡੇ ਹੋ ਕੇ ਕੰਧ ਦਾ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਰੁੱਖਾਂ ਦੀ ਇਹ ਯੋਜਨਾਬੰਦੀ ਭੰਡਾਰੀ ਪੁੱਲ ਤੱਕ ਕੀਤੀ ਗਈ ਹੈ ਅਤੇ ਐਲੀਵੇਟਿਡ ਰੋਡ ਤੋਂ ਅੱਗੇ ਇਹ ਸਜਾਵਟੀ ਦਰਖਤ ਪੁੱਲ ਦੇ ਹੇਠਾਂ ਭੰਡਾਰੀ ਪੁੱਲ ਤੱਕ ਲਗਾਏ ਜਾਣੇ ਹਨ। ਇਸ ਤੋਂ ਇਲਾਵਾ ਇਸ ਹਰੀ ਪੱਟੀ ਨੂੰ ਹੇਠਾਂ ਤੋਂ ਢੱਕਣ ਲਈ ਸੁੰਦਰ ਫੁੱਲ ਅਤੇ ਘਾਹ ਲਗਾਇਆ ਗਿਆ ਹੈ। 
             ਸਤਿੰਦਰ ਸਿੰਘ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਇਸ ਹਰੀ ਪਟੀ ਦੇ ਕੰਮ ਨੂੰ ਆਪਣੇ ਨਿੱਜੀ ਧਿਆਨ ਹੇਠ ਕਰਵਾ ਰਹੇ ਹਨ ਅਤੇ ਅੰਮ੍ਰਿਤਸਰ ਦੇ ਹਰੇਕ ਦੌਰੇ ਮੌਕੇ ਉਹ ਇਸ ਬਾਰੇ ਸਾਡੇ ਕੋਲੋਂ ਪੁੱਛ-ਪੜਤਾਲ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ. ਬਾਦਲ ਦੇ ਦਿਸ਼ਾ-ਨਿਰਦੇਸ਼ ਹੇਠ ਤਾਰਾਂ ਵਾਲੇ ਪੁੱਲ ਤੋਂ ਤਰਨਤਾਰਨ ਵਾਲੀ ਸੜਕ ਤੱਕ ਲਗਭਗ ਸਾਢੇ ਤਿੰਨ ਕਿਲੋਮੀਟਰ ਲੰਮੀ ਸੜਕ ਦੇ ਨਾਲ-ਨਾਲ ਪਾਪੂਲਰ ਲਗਾ ਕੇ ਹਰੀ ਪੱਟੀ ਬਣਾਈ ਗਈ ਹੈ, ਜਿੱਥੇ 2600 ਦੇ ਕਰੀਬ ਦਰਖਤ ਲੱਗੇ ਹਨ। ਇਸ ਤੋਂ ਇਲਾਵਾ ਇਸ ਪੱਟੀ ਦੇ ਨਾਲ 12  ਫੁੱਟ ਚੌੜਾ ਰਸਤਾ ਇੰਟਰਲਾਕਿੰਗ ਟਾਇਲਾਂ ਲਗਾ ਕੇ ਸੈਰ ਵਾਸਤੇ ਬਣਾਇਆ ਗਿਆ ਹੈ, ਤਾਂ ਕਿ ਲੋਕ ਸਵੇਰੇ-ਸ਼ਾਮ ਇੱਥੇ ਸੈਰ ਕਰ ਸਕਣ। ਉਨ੍ਹਾਂ ਦੱਸਿਆ ਕਿ ਇਸ ਪੱਟੀ ਨੂੰ ਸੁੰਦਰ ਦਿੱਖ ਦੇਣ ਲਈ ਇਸ ਦੇ ਵਿਚ ਚਕਰਸੀਆ ਅਤੇ ਗੁਲਮੋਹਰ ਦੇ ਦਰਖਤ ਲਗਾਏ ਜਾ ਚੁੱਕੇ ਹਨ। ਐਸ ਡੀ ਓ ਨੇ ਦੱਸਿਆ ਕਿ ਸ਼ਹਿਰ ਦੀਆਂ ਅੰਦਰਲੀਆਂ ਸੜਕਾਂ, ਜੋ ਕਿ ਅਜੇ ਚੌੜੀਆਂ ਕੀਤੀਆਂ ਜਾ ਰਹੀਆਂ ਹਨ, ਦੇ ਕਿਨਾਰੇ ਰੁੱਖ ਲਗਾਉਣ ਦੀ ਯੋਜਨਾਬੰਦੀ ਵੀ ਕੀਤੀ ਜਾ ਰਹੀ ਹੈ ਅਤੇ ਸੜਕਾਂ ਬਣਨ ਮਗਰੋਂ ਇੱਥੇ ਵੀ ਸੁੰਦਰ ਰੁਖ ਲਗਾਏ ਜਾਣਗੇ। 

Check Also

ਖ਼ਾਲਸਾ ਕਾਲਜ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ

ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਖ਼ਾਲਸਾਈ …

Leave a Reply