ਪਟਨਾ ਸਾਹਿਬ, 23 ਦਸੰਬਰ (ਪੰਜਾਬ ਪੋਸਟ ਬਿਊਰੋ) – ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 351 ਵਾਂ ਪ੍ਰਕਾਸ਼ ਪੁਰਬ ਅਤੇ ਸ਼ੁਕਰਾਨਾ ਦਿਵਸ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ।ਜਿਥੇ ਦੁਨੀਆ ਭਰ ਦੇ ਕੋਨੇ ਕੋਨੇ ਤੋਂ ਸੰਗਤਾਂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਹਾਜ਼ਰੀਆਂ ਭਰ ਰਹੀਆਂ ਹਨ। ਇਸ ਦੌਰਾਨ ਅੱਜ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਪ੍ਰਧਾਨਗੀ ਹੇਠ ਤਖ਼ਤ ਸਾਹਿਬ ਦੇ ਮੇਨ ਸਟੇਜ ’ਤੇ 11 ਵਜੇ ਤੋਂ 3 ਵਜੇ ਤਕ ਸੰਤ ਸਮਾਗਮ ਕਰਾਇਆ ਗਿਆ, ਜਿੱਥੇ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਨੇ ਹਾਜ਼ਰੀ ਭਰੀ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਇਸ ਮੌਕੇ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਗੁਰ ਇਤਿਹਾਸ ਦੀ ਕਥਾ ਸਰਵਨ ਕਰਾਉਣ ਉਪਰੰਤ ਕਿਹਾ ਕਿ ਸ੍ਰੀ ਨਿਤੀਸ਼ ਕੁਮਾਰ ਅਤੇ ਬਿਹਾਰ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 350 ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਇੱਕ ਸਾਲ ਤੋਂ ਕੀਤੇ ਗਏ ਬੇਮਿਸਾਲ ਪ੍ਰਬੰਧਾਂ ਅਤੇ ਪਿਛਲੇ ਸਾਰੇ ਸਮਾਗਮਾਂ ਨੇ ਸਿੱਖ ਹਿਰਦਿਆਂ ਵਿੱਚ ਅਮਿਟ ਛਾਪ ਛੱਡੀ ਹੈ ਜਿਸ ਲਈ ਸਿੱਖ ਭਾਈਚਾਰਾ ਉਹਨਾਂ ਦਾ ਧੰਨਵਾਦੀ ਹੈ।
ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਅਤੇ ਸੰਤਾਂ ਮਹਾਂਪੁਰਸ਼ਾਂ ਨੇ ਦਸਮੇਸ਼ ਪਿਤਾ ਦੀ ਜੀਵਨੀ ’ਤੇ ਰੌਸ਼ਨੀ ਪਾਉਂਦਿਆਂ ਉਹਨਾਂ ਦੇ ਪਰ ਉਪਕਾਰਾਂ ਨੂੰ ਯਾਦ ਕੀਤਾ, ਗੁਰਬਾਣੀ ਵਿਚਾਰਾਂ ਕੀਤੀਆਂ ਅਤੇ ਇਤਿਹਾਸ ਰਾਹੀਂ ਸੰਗਤ ਨੂੰ ਜੋੜਿਆ ਗਿਆ।ਸੰਤਾਂ ਮਹਾਂਪੁਰਸ਼ਾਂ ਨੇ ਸੰਗਤ ਨੂੰ ਗੁਰੂਘਰ ਨਾਲ ਜੋੜਿਆ, ਅਮ੍ਰਿਤ ਛਕਣ ਅਤੇ ਸਮੂਹ ਸੰਗਤ ਨੂੰ ਗੁਰੂ ਸਾਹਿਬ ਦਾ ਸੰਦੇਸ਼ ਉਪਦੇਸ਼ ਘਰ ਘਰ ਪਹੁੰਚਾਉਣ ਦੀਆਂ ਅਪੀਲਾਂ ਕੀਤੀਆਂ।ਸੰਤ ਬਲਬੀਰ ਸਿੰਘ ਸੀਚੇਵਾਲ,ਸੰਤ ਬਾਬਾ ਪ੍ਰਦੀਪ ਸਿੰਘ ਬੋਰੇ ਵਾਲੇ, ਸੰਤ ਬਲਜਿੰਦਰ ਸਿੰਘ ਰਾੜੇ ਵਾਲੇ, ਸੰਤ ਅਮੀਰ ਸਿੰਘ ਜਵਦੀ ਕਲਾਂ, ਸੰਤ ਜਗਜੀਤ ਸਿੰਘ ਬੜੂ ਸਾਹਿਬ, ਸੰਤ ਦਿਆਲ ਸਿੰਘ ਟਾਹਲੀ ਸਾਹਿਬ, ਸੰਤ ਅਮਰੀਕ ਸਿੰਘ ਖੁਖਰੈਣ, ਸੰਤ ਕੁਲਦੀਪ ਸਿੰਘ ਪਾਉਂਟਾ ਸਾਹਿਬ, ਬਾਬਾ ਬੀਰਾ ਸਿੰਘ ਕਾਰਸੇਵਾ ਦਿਲੀ, ਸੰਤ ਮਹਿੰਦਰ ਸਿੰਘ ਯੂ.ਕੇ, ਗਿਆਨੀ ਗੁਰਮੀਤ ਸਿੰਘ ਖੋਸਾ ਕੋਟਲਾ, ਬਾਬਾ ਕਾਹਨ ਸਿੰਘ ਸੇਵਾਪੰਥੀ, ਬਾਬਾ ਕਰਮਜੀਤ ਸਿੰਘ ਪ੍ਰਧਾਨ ਸੇਵਾ ਪੰਥੀ, ਭਾਈ ਜਸਪਾਲ ਸਿੰਘ ਸਿੱਧੂ ਬੰਬਈ, ਭਾਈ ਪ੍ਰਨਾਮ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਪ੍ਰਕਾਸ਼ ਸਿੰਘ, ਭਾਈ ਸਤਨਾਮ ਸਿੰਘ, ਭਾਈ ਅਮਰਜੀਤ ਸਿੰਘ ਰੰਧਾਵਾ ਆਦਿ ਤੋਂ ਇਲਾਵਾ, ਦਮਦਮੀ ਟਕਸਾਲ ਦੇ ਸੈਂਕੜੇ ਸਿੰਘਾਂ, ਨਿਹੰਗ ਜਥੇਬੰਦੀਆਂ, ਨਿਰਮਲੇ, ਸੰਪਰਦਾਵਾਂ ਨੇ ਸਮਾਗਮ ਦੀ ਸਫਲਤਾ ਲਈ ਵਡਮੁੱਲਾ ਯੋਗਦਾਨ ਪਾਇਆ।ਪ੍ਰੋ: ਸਰਚਾਂਦ ਸਿੰਘ ਅਨੁਸਾਰ ਪਟਨਾ ਸਾਹਿਬ ਵਿਖੇ ਦਮਦਮੀ ਟਕਸਾਲ ਦੇ ਸਹਿਯੋਗ ਨਾਲ ਸੰਤ ਬਾਬਾ ਪ੍ਰਦੀਪ ਸਿੰਘ ਜੀ ਬੋਰੇ ਵਾਲਿਆਂ ਵਲੋਂ 21 ਤੋਂ 25 ਤੱਕ ਇੱਕ ਵੱਡਾ ਲੰਗਰ ਲਗਾਇਆ ਜਾ ਰਿਹਾ ਹੈ।ਜਿਸ ਵਿੱਚ 300 ਵਰਤਾਵਿਆਂ ਤੋਂ ਇਲਾਵਾ 150 ਹਲਵਾਈ ਸ਼ਾਮਿਲ ਹਨ ਜੋ ਕਿ ਇੱਕ ਸਮੇਂ ’ਚ 1500 ਸੰਗਤ ਲਈ ਲੰਗਰ ਛਕਣ ਦਾ ਪ੍ਰਬੰਧ ਕੀਤਾ ਗਿਆ ਹੈ।ਇਸ ਤੋ ਇਲਾਵਾ ਸੰਤ ਬਲਜਿੰਦਰ ਸਿੰਘ ਰਾੜੇ ਵਾਲਿਆਂ ਵਲੋਂ ਲਗਾਇਆ ਗਿਆ ਲੰਗਰ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।ਉਹਨਾਂ ਦੱਸਿਆ ਕਿ ਕਲ ਇੱਕ ਵਜੇ ਦੁਪਹਿਰ ਨੂੰ ਗੁਰਦਵਾਰਾ ਗਊ-ਘਾਟ ਤੋਂ ਵਿਸ਼ਾਲ ਨਗਰ-ਕੀਰਤਨ ਆਰੰਭ ਹੋਵੇਗਾ।ਦਮਦਮੀ ਟਕਸਾਲ ਦੇ ਮੁਖੀ ਨੇ ਸਮੂਹ ਸੰਗਤਾਂ ਨੂੰ ਗੁਰਪੁਰਬ ਸਮਾਗਮਾਂ ਵਿੱਚ ਵਧ ਚੜ ਕੇ ਹਾਜ਼ਰੀਆਂ ਭਰਨ ਲਈ ਪਟਨਾ ਸਾਹਿਬ ਪਹੁੰਚਣ ਦੀ ਸੰਗਤ ਨੂੰ ਅਪੀਲ ਕੀਤੀ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …