ਨਵੇਂ ਸਾਲ ਚੁੱਕੀਏ ਮਸ਼ਾਲ ਮੇਰੇ ਸਾਥੀਓ।
ਮੱਥਾ ਲਾਈਏ ਨ੍ਹੇਰਿਆਂ ਦੇ ਨਾਲ ਮੇਰੇ ਸਾਥੀਓ।
ਜ਼ੁਲਮ ਦੇ ਅੱਗੇ ਕਦੇ ਸੀਸ ਝੁਕਾਈਏ ਨਾ,
ਪਾਸਾ ਵੱਟ ਕਦੇ ਵੀ ਕੋਲੋਂ ਦੀ ਲੰਘ ਜਾਈਏ ਨਾ,
ਅੱਗੇ ਹੋ ਕੇ ਬਣ ਜਾਈਏ ਢਾਲ ਮੇਰੇ ਸਾਥੀਓ।
ਮੱਥਾ ਲਾਈਏ ਨ੍ਹੇਰਿਆਂ ਦੇ ਨਾਲ ਮੇਰੇ ਸਾਥੀਓ।…
ਤੰਗੀ-ਤੁਰਸ਼ੀ ਦੇ ਵਿੱਚ ਖੁਦਕੁਸ਼ੀ ਕਰੀਏ ਨਾ,
ਮਰਨਾ ਤਾਂ ਸਭ ਨੇ ਹੈ ਭੰਗ ਭਾੜੇ ਮਰੀਏ ਨਾ,
ਲੋਕਾਂ ਲਈ ਬਣੀਏ ਮਿਸਾਲ ਮੇਰੇ ਸਾਥੀਓ।
ਮੱਥਾ ਲਾਈਏ ਨ੍ਹੇਰਿਆਂ ਦੇ ਨਾਲ ਮੇਰੇ ਸਾਥੀਓ।…
ਰੰਗਰੇਟੇ ਗੁਰੂ ਦੇ ਬੇਟੇ ਨੂੰ ਗਲੇ ਲਾਈਏ ਜੀ,
ਲਾਲੋ ਵੱਲ ਵੇਖ ਕੇ ਮੱਥੇ ਨਾ ਤਿਉੜੀ ਪਾਈਏ ਜੀ,
ਕਿਰਤੀ ਦੇ ਹੱਥਾਂ `ਚ ਕਮਾਲ ਮੇਰੇ ਸਾਥੀਓ।
ਮੱਥਾ ਲਾਈਏ ਨ੍ਹੇਰਿਆਂ ਦੇ ਨਾਲ ਮੇਰੇ ਸਾਥੀਓ।…
ਅੰਧ-ਵਿਸ਼ਵਾਸ਼ ਵਾਲੀ ਨ੍ਹੇਰੀ ਜੋ ਝੁਲਾਈ ਜਾਂਦੇ,
ਭੋਲੀ-ਭਾਲੀ ਜਨਤਾ ਨੂੰ ਉਲੂ ਜੋ ਬਣਾਈ ਜਾਂਦੇ,
ਪੁੱਠੀ ਪਾਉਣੀ ਬਾਬਿਆਂ ਦੀ ਚਾਲ ਮੇਰੇ ਸਾਥੀਓ ।
ਮੱਥਾ ਲਾਈਏ ਨ੍ਹੇਰਿਆਂ ਦੇ ਨਾਲ ਮੇਰੇ ਸਾਥੀਓ।…
ਬਲ਼ ਕੇ ਵੀ ਆਪ ਅਸੀਂ ਚਾਨਣ ਖਿੰਡਾਵਾਂਗੇ,
ਜੁਗਨੂੰ ਜਿੰਨਾ ਹੀ ਸਹੀ ਹਿੱਸਾ ਜ਼ਰੂਰ ਪਾਵਾਂਗੇ,
ਅਣਖਾਂ ਨੂੰ ਰੱਖਿਉ ਸੰਭਾਲ ਮੇਰੇ ਸਾਥੀਓ।
ਮੱਥਾ ਲਾਈਏ ਨ੍ਹੇਰਿਆਂ ਦੇ ਨਾਲ ਮੇਰੇ ਸਾਥੀਓ ।
ਨਵੇਂ ਸਾਲ ਚੁੱਕੀਏ ਮਿਸ਼ਾਲ ਮੇਰੇ ਸਾਥੀਓ।
Punjab Post Daily Online Newspaper & Print Media
ਗੁਰਪ੍ਰੀਤ ਸਿੰਘ ਰੰਗੀਲਪੁਰ