ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਿਕਾਸ ਮੰਚ ਕਿਹਾ ਹੈ ਕਿ 20 ਫਰਵਰੀ ਤੋਂ ਨਵੀਂ ਸ਼ੁਰੂ ਹੋ ਰਹੀ ਅੰਮ੍ਰਿਤਸਰ-
ਬਰਮਿੰਘਮ ਸਿੱਧੀ ਹਵਾਈ ਉਡਾਨ ਅੰਮ੍ਰਿਤਸਰ ਦੇ ਸੈਰ ਸਪਾਟਾ ਉਦਯੋਗ ਲਈ ਲਾਹੇਵੰਦ ਸਾਬਤ ਹੋਵੇਗੀ।ਮੰਚ ਦੇ ਪ੍ਰਧਾਨ ਪ੍ਰਿੰ. ਕੁਲਵੰਤ ਸਿੰਘ ਅਣਖੀ ਦੀ ਪ੍ਰਧਾਨਗੀ ਹੇਠ ਹੋਈ ਇਕਤੱਰਤਾ ਜਿਸ ਵਿਚ ਮਨਮੋਹਨ ਸਿੰਘ ਬਰਾੜ, ਮਾਈਕਲ, ਹਰਦੀਪ ਸਿੰਘ ਚਾਹਲ, ਮਨਜੀਤ ਸਿੰਘ ਸੈਣੀ, ਲਖਬੀਰ ਸਿੰਘ ਘੁੰਮਣ ਤੇ ਪ੍ਰੋ. ਮੋਹਣ ਸਿੰਘ ਆਦਿ ਕਾਰਜਕਾਰਨੀ ਮੈਂਬਰ ਸ਼ਾਮਲ ਹੋਏ ਨੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦਾ ਉਨਾਂ ਵਲੋਂ ਕੀਤੀਆਂ ਸੁਹਿਰਦ ਤੇ ਪ੍ਰਭਾਵੀ ਕੋਸ਼ਿਸ਼ਾਂ ਲਈ ਧੰਨਵਾਦ ਕੀਤਾ।ਅੰਮ੍ਰਿਤਸਰ-ਬਰਮਿੰਘਮ ਸਿੱਧੀ ਏਅਰ ਇੰਡੀਆ ਦੀ ਉਡਾਨ 15 ਫਰਵਰੀ 2018 ਨੂੰ ਚਾਲੂ ਹੋਣੀ ਸੀ, ਪ੍ਰੰਤੂ ਕੁੱਝ ਤਕਨੀਕੀ ਕਾਰਨਾਂ ਕਰਕੇ ਇਹ ਅੰਮ੍ਰਿਤਸਰ ਅਤੇ ਖਾਸ ਕਰਕੇ ਪੂਰੇ ਪੰਜਾਬੀਆਂ ਲਈ ਬਹੁਤ ਮਹੱਤਵਪੂਰਨ ਫਲਾਈਟ ਨਵੇਂ ਸ਼ਡਿਊਲ ਮੁਤਾਬਕ 20 ਫਰਵਰੀ 2018 ਨੂੰ 7 ਸਾਲ ਦੇ ਵਕਫੇ ਬਾਅਦ ਮੁੜ ਸੁਰਜੀਤ ਹੋਏਗੀ।
ਮੰਚ ਆਗੂਆਂ ਨੇ ਕਿਹਾ ਕਿ ਇਹ ਫਲਾਈਟ ਸ਼ੁਰੂ ਹੋਣ ਸਦਕਾ ਅੰਮ੍ਰਿਤਸਰ ਦੇ ਸੈਰ ਸਪਾਟਾ ਉਦਯੋਗ ਨੂੰ ਵਿਸ਼ੇਸ਼ ਹੁਲਾਰਾ ਅਤੇ ਤਰੱਕੀ ਮਿਲੇਗੀ ਜਿਸ ਦੀ ਵਰਤਮਾਨ ਸਮੇਂ ਬਹੁਤ ਲੋੜ ਹੈ ਕਿਊਂਕਿ ਅੰਮ੍ਰਿਤਸਰ ਦਾ ਟੈਕਸਟਾਈਲ, ਪੱਖਿਆਂ ਦੀ, ਮਕੈਨੀਕਲ, ਦਵਾਈ ਉਤਪਾਦ ਅਤੇ ਲੋਹਾ ਢਾਲਣ (ਫਾਊਂਡਰੀ) ਆਦਿ ਉਦਯੋਗ ਹੋਲੀ ਹੋਲੀ ਦਮ ਤੋੜ ਰਹੇ ਹਨ।ਹੁਣ ਅੰਮ੍ਰਿਤਸਰ ਦੇ ਵਿਕਾਸ ਲਈ ਸੈਰ ਸਪਾਟਾ ਉਦਯੋਗ ਅਤੇ ਇਨਫਾਰਮੇਸ਼ਨ ਟੇਕਨਾਲਾਜੀ ਆਦਿ ਉਦਯੋਗਾਂ ਦਾ ਸਥਾਪਿਤ ਹੋਣਾ ਅਤੇ ਪਰਫੁਲਿਤ ਹੋਣਾ ਬਹੁਤ ਜਰੂਰੀ ਹੈ।
ਵਰਨਣਯੋਗ ਹੈ ਕਿ 23 ਦਸੰਬਰ 2017 ਨੂੰ ਨਾਂਦੇੜ (ਅਬਿਚਲ ਨਗਰ ਸ਼੍ਰੀ ਹਜ਼ੂਰ ਸਾਹਿਬ) ਲਈ ਅਤੇ 20 ਫਰਵਰੀ 2018 ਤੋਂ ਬਰਮਿੰਘਮ ਲਈ ਸਿੱਧੀ ਉਡਾਨ ਚਾਲੂ ਹੋ ਜਾਵੇਗੀ।ਉਨਾਂ ਕਿਹਾ ਕਿ ਇੰਗਲੈਂਡ ਵੱਸਦੇ ਪੰਜਾਬੀਆਂ ਨੂੰ ਹੁਣ ਪੰਜਾਬ ਆਉਣ ਸਮੇਂ ਦਿੱਲੀ ਹਵਾਈ ਅੱਡੇ ਤੇ ਖੱਜਲ ਖੁਆਰ ਨਹੀਂ ਹੋਣਾ ਪਵੇਗਾ ਅਤੇ ਨਾ ਹੀ ਉਨਾਂ ਨੂੰ ਦਿੱਲੀ ਤੋਂ ਅੰਮ੍ਰਿਤਸਰ ਆਉਣ ਲਈ ਬੱਸਾਂ ਵਿੱਚ ਧੱਕੇ ਖਾਣੇ ਪੈਣਗੇ।
ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਬਰਮਿੰਘਮ ਅਤੇ ਹੋਰ ਅੰਤਰਰਾਸ਼ਟਰੀ ਅਤੇ ਘਰੇਲੂ ਸਿੱਧੀਆਂ ਹਵਾਈ ਉਡਾਨਾਂ ਚਾਲੂ ਕਰਾਉਣ ਲਈ ਅੰਮ੍ਰਿਤਸਰ ਵਿਕਾਸ ਮੰਚ ਦੀ ਟੀਮ ਨੇ ਜਲੰਧਰ ਵਿਖੇ ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨਾਲ ਮੁਲਕਾਤ ਕੀਤੀ ਸੀ।ਇਸ ਤੋਂ ਇਲਾਵਾ ਮੰਚ ਵਲੋਂ ਪ੍ਰਸਿੱਧ ਵਕੀਲ ਅੰਕੁਰ ਸੋਨੀ ਰਾਹੀਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਸਿਵਲ ਰਿਟ ਨੰ. 2102 ਆਫ 2017 ਵੀ ਦਾਇਰ ਕੀਤੀ ਹੈ, ਜੋ ਸੁਣਵਾਈ ਅਧੀਨ ਹੈ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media