ਤਰਨ ਤਾਰਨ, 5 ਮਾਰਚ (ਪੰਜਾਬ ਪੋਸਟ ਬਿਊਰੋ) – ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਵਿੱਖ ਸੋਨੇ ਦਾ ਤਗਮਾ ਜਿੱਤਣ ਤੋਂ ਬਾਅਦ ਵਾਪਸ ਆਈ ਨਵਜੋਤ ਕੌਰ ਦਾ ਅੱਜ ਤਰਨ-ਤਾਰਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਨੇ ਨਿੱਘਾ ਸਵਾਗਤ ਕੀਤਾ ਜਦਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਕੌਰ ਨੂੰ ਉਸ ਦੀ ਵਿਲੱਖਣ ਕਾਰਗੁਜ਼ਾਰੀ ਲਈ ਵਧਾਈ ਦਿੰਦੇ ਹੋਏ ਇਸ ਹਫਤੇ ਦੇ ਆਖਰ ਤੱਕ ਉਸ ਦਾ ਰਸਮੀ ਤੌਰ ’ਤੇ ਸਨਮਾਨ ਕਰਨ ਦੇ ਫੈਸਲੇ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਨਾ ਕੇਵਲ ਪੰਜਾਬ ਸਗੋਂ ਸਮੁੱਚੇ ਦੇਸ਼ ਲਈ ਨਾਮਣਾ ਖੱਟਣ ਵਾਲੀ ਪੰਜਾਬ ਦੀ ਪੁਤਰੀ ਨਵਜੋਤ ਕੌਰ ਦੀ ਇਸ ਕਾਰਗੁਜ਼ਾਰੀ ਲਈ ਪ੍ਰਸ਼ੰਸਾ ਕੀਤੀ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਇਸ ਮੁਟਿਆਰ ਦਾ ਉਸ ਦੇ ਪਿੰਡ ਵਿਖੇ ਨਿੱਘਾ ਸਵਾਗਤ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ ਅਤੇ ਸਬ ਡਵੀਜ਼ਨਲ ਮੈਜੀਸਟੇ੍ਰਟ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਨਵਜੋਤ ਕੌਰ ਨੂੰ ਆਪਣੇ ਜੱਦੀ ਪਿੰਡ ਬਾਗੜੀਆ ਵਿਖੇ ਆਉਣ ’ਤੇ ਸਵਾਗਤ ਕੀਤਾ ਅਤੇ ਉਸ ਦੇ ਮਾਪਿਆਂ ਸੁਖਚੈਨ ਸਿੰਘ ਅਤੇ ਗਿਆਨ ਕੌਰ ਸਣੇ ਕੋਚ ਅਸ਼ੋਕ ਕੁਮਾਰ ਨੂੰ ਵਧਾਈ ਦਿੱਤੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਕੌਰ ਨੇ ਪੰਜਾਬ ਅਤੇ ਦੇਸ਼ ਦੋਵਾਂ ਦਾ ਮਾਣ ਵਧਾਇਆ ਹੈ ਅਤੇ ਮੈਨੂੰ ਉਮੀਦ ਹੈ ਕਿ ਵੱਡੀ ਸਮਰੱਥਾ ਵਾਲੀ ਇਹ ਲੜਕੀ ਨੇੜਲੇ ਭਵਿੱਖ ਵਿੱਚ ਵੀ ਅੰਤਰ-ਰਾਸ਼ਟਰੀ ਪੱਧਰ ’ਤੇ ਨਾਮਣਾ ਖੱਟੇਗੀ।
ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਨਵਜੋਤ ਕੌਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਔਰਤ ਬਣ ਗਈ ਹੈ ਜਿਸ ਨੇ ਕਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਖੇ ਹੋਈ ਇਹ ਚੈਂਪੀਅਨਸ਼ਿਪ ਜਿੱਤੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਇਹ ਪਹਿਲਵਾਨ ਮੁਟਿਆਰ ਆਪਣੇ ਸਾਥੀ ਖਿਡਾਰੀਆਂ ਖਾਸਕਰ ਉਭਰ ਰਹੇ ਪਹਿਲਵਾਨਾਂ ਨੂੰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਆਪਣੀ ਸਮਰੱਥਾ ਨੂੰ ਸਿੱਧ ਕਰਨ ਲਈ ਪ੍ਰੇਰਿਤ ਕਰੇਗੀ।ਉਨ੍ਹਾਂ ਕਿਹਾ ਕਿ ਨਵਜੋਤ ਕੌਰ ਦੀ ਪ੍ਰਾਪਤੀ ਉਸ ਦੇ ਵਿਸ਼ਵਾਸ ਵਿੱਚ ਵਾਧਾ ਕਰੇਗੀ ਅਤੇ ਉਹ ਆਉਂਦੀ ਟੋਕੀਓ ਓਲੰਪਿਕ ਵਿੱਚ ਆਪਣੀ ਸਫਲ ਕਹਾਣੀ ਨੂੰ ਮੁੜ ਦੁਹਰਾਏਗੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …