Saturday, July 4, 2026

ਚੀਫ ਖਾਲਸਾ ਦੀਵਾਨ ਟਾਟਾ ਗਰੁੱਪ ਦੀ ਭਾਈਵਾਲੀ ਨਾਲ ਅੰਮ੍ਰਿਤਸਰ ਸ਼ੁਰੂ ਕਰੇਗਾ ਕੈਂਸਰ ਕੇਅਰ ਹਸਪਤਾਲ

PPN0604201805ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਟਾਟਾ ਗਰੁੱਪ ਦੀ ਭਾਈਵਾਲੀ  ਨਾਲ ਛੇਤੀ ਹੀ ਅੰਮ੍ਰਿਤਸਰ `ਚ ਇਕ ਅਤਿ ਆਧੁਨਿਕ ਤਕਨੀਕੀ ਸੁਵਿਧਾਵਾਂ ਨਾਲ ਲੈਸ ਕੈਂਸਰ ਕੇਅਰ ਹਸਪਤਾਲ ਸਥਾਪਿਤ ਕਰਨ ਜਾ ਰਿਹਾ ਹੈ।ਜਿਥੇ ਮਾਹਿਰ ਡਾਕਟਰਾਂ ਦੁਆਰਾ ਕੈਂਸਰ ਮਰੀਜ਼ਾਂ ਦਾ ਸੱਸਤੀਆਂ ਦਰਾਂ `ਤੇ ਪ੍ਰਭਾਵੀ ਇਲਾਜ ਕੀਤਾ ਜਾਵੇਗਾ।ਚੀਫ ਖਾਲਸਾ ਦੀਵਾਨ ਦੀ ਅੰਮ੍ਰਿਤਸਰ ਵਿਖੇ 10 ਏਕੜ ਜਮੀਨ `ਤੇ ਟਾਟਾ ਗਰੁੱਪ ਵਲੋਂ ਕਰੀਬ 100 ਕਰੋੜ ਦੀ ਲਾਗਤ ਨਾਲ ਕੈਂਸਰ ਕੇਅਰ ਹਸਪਤਾਲ ਉਸਾਰਿਆ ਜਾ ਰਿਹਾ ਹੈ, ਜਿਸ ਨੂੰ ਉਸਾਰੀ ਉਪਰੰਤ ਚੀਫ ਖਾਲਸਾ ਦੀਵਾਨ ਨੂੰ ਸੋਂਪ ਦਿੱਤਾ ਜਾਵੇਗਾ।ਇਸ ਹਸਪਤਾਲ ਵਿਚ ਚੀਫ ਖਾਲਸਾ ਦੀਵਾਨ ਵਲੋਂ ਆਮ ਮਰੀਜਾਂ ਦੀ ਸਹੂਲਤ ਲਈ 100 ਬੈਡਾਂ ਨਾਲ ਸੁਸਜਿਤ ਇਕ ਆਧੁਨਿਕ ਜਨਰਲ ਹਸਪਤਾਲ ਵੀ ਉਸਾਰਿਆ ਜਾਵੇਗਾ।ਅੰਮ੍ਰਿਤਸਰ ਵਿਖੇ ਉਸਾਰਿਆ ਜਾ ਰਿਹਾ ਕੈਂਸਰ ਕੇਅਰ ਹਸਪਤਾਲ ਮੁੰਬਈ ਵਿਖੇ ਸਥਾਪਿਤ ਪ੍ਰਸਿਧ ਕੈਂਸਰ ਕੇਅਰ ਇਸੰਟੀਚਿਉਟ ਦੀ ਤਰਜ਼ `ਤੇ ਬਣਾਇਆ ਜਾ ਰਿਹਾ ਹੈ ਜਿਸ ਦੀ ਉਸਾਰੀ ਕਰੀਬ 9 ਮਹੀਨਿਆਂ ਵਿਚ ਪੂਰੀ ਹੋ ਜਾਵੇਗੀ।
ਇਸ ਸੰਬੰਧ ਵਿਚ ਅੱਜ ਦੀਵਾਨ ਦੀ ਮੈਨੇਜਮੈਂਟ ਨੇ ਟਾਟਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਮਿ: ਆਰ ਵੈਂਕੇਟਰਮਨਨ ਤੇ ਟਾਟਾ ਗਰੱਪ ਦੇ ਚੇਅਰਮੈਨ ਮਿ: ਚੰਦਰਾਸੇਕਰਨ ਨਾਲ ਖਾਸ ਮੁਲਾਕਾਤ ਕੀਤੀ।ਪ੍ਰਧਾਨ ਡਾ: ਸੰਤੋਖ ਸਿੰਘ ਨੇ ਕਿਹਾ ਕਿ ਲੋਕਾਂ ਵਿਚ ਕੈਂਸਰ ਪ੍ਰਤੀ ਜਾਗਰੁਕਤਾ ਨਾ ਹੋਣ ਕਰਕੇ ਮਰੀਜ਼ ਸਕਰੀਨਿੰਗ ਨਹੀਂ ਕਰਵਾਉਂਦਾ, ਪਰੰਤੁ  ਸਮੇਂ ਸਿਰ ਕੀਤੇ ਗਏ ਕੈਂਸਰ ਦੇ ਲੱਛਣਾਂ ਦੀ ਪਹਿਚਾਣ ਨਾਲ ਕੈਂਸਰ ਵਰਗੀ ਖਤਰਨਾਕ ਬੀਮਾਰੀ ਦਾ ਇਲਾਜ ਛੇਤੀ, ਸਰਲ ਤੇ ਪ੍ਰਭਾਵੀ ਹੋ ਸਕਦਾ ਹੈ।ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਵਲੋਂ ਟਾਟਾ ਗਰੁੱਪ ਦੇ ਸਹਿਯੋਗ ਨਾਲ ਕੀਤੀ ਇਹ ਪਹਿਲ ਸ਼ਹਿਰ ਵਾਸੀਆਂ ਤੇ ਨਜਦੀਕੀ ਇਲਾਕਿਆਂ ਦੇ ਕੈਂਸਰ ਪੀੜਤਾਂ ਲਈ ਵਰਦਾਨ ਸਾਬਤ ਹੋਵੇਗੀ, ਜਿਹਨਾਂ ਨੂੰ ਇਲਾਜ ਲਈ ਲੰਬਾ ਸਫਰ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ।
ਮੀਟਿੰਗ ਵਿਚ ਪ੍ਰਧਾਨ ਡਾ: ਸੰਤੋਖ ਸਿੰਘ, ਮੀਤ ਪ੍ਰਧਾਨ ਧੰਨਰਾਜ ਸਿੰਘ ਤੇ  ਸਰਬਜੀਤ ਸਿੰਘ, ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਸਵਿੰਦਰ ਸਿੰਘ ਕੱਥੁਨੰਗਲ, ਰਾਜਮੋਹਿੰਦਰ ਸਿੰਘ ਮਜੀਠਾ, ਜਸਵਿੰਦਰ ਸਿੰਘ ਐਡਵੋਕੇਟ, ਕੁਲਜੀਤ ਸਿੰਘ ਸਾਹਨੀ, ਰਣਬੀਰ ਸਿੰਘ ਚੋਪੜਾ ਤੇ ਹੋਰ ਮੈਂਬਰ ਮੌਜੂਦ ਸਨ।
 

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …

Leave a Reply