ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇਸ਼ ਨੂੰ ਲਿਜਾਵੇਗੀ ਬੁਲੰਦੀਆਂ ‘ਤੇ
ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆਂ ਮੌਕੇ ਹੋਈ ਅਕਾਲੀ ਦਲ ਦੀ ਭਰਵੀਂ ਕਾਨਫਰੰਸ
ਰਈਆ/ਤਰਸਿੱਕਾ 10 ਅਗਸਤ (ਬਲਵਿੰਦਰ ਸਿੰਘ ਸੰਧੂ/ਕਵਲਜੀਤ ਸਿੰਘ) – ਸਿੱਖ ਕੌਮ ਨੂੰ ਆਪਣੀ ਜਾਨ ਨਾਲੋ ਵੱਧ ਗੁਰਦੁਆਰਾ ਸਾਹਿਬ ਪਿਆਰੇ ਹਨ ਅਤੇ ਗੁਰੂ ਘਰਾਂ ‘ਤੇ ਕਾਂਗਰਸ ਪਾਰਟੀ ਦੇ ਏਜੰਟਾਂ ਨੂੰ ਕਿਸੇ ਵੀ ਕੀਮਤ ਤੇ ਕਾਬਜ਼ ਨਹੀ ਹੋਣ ਦਿੱਤਾ ਜਾਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਦੇ ਮੌਕੇ ਹੋਈ ਅਕਾਲੀ ਦਲ ਦੀ ਭਰਵੀਂ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿਤਰ ਧਰਤੀ ‘ਤੇ ਨਤਮਸਤਕ ਹੁੰਦੇ ਆਈ ਹੋਈ ਸੰਗਤ ਨੂੰ ਰੱਖੜੀ ਦੀ ਵਧਾਈ ਦਿੱਤੀ।
ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਬ੍ਰਿਟਿਸ਼ ਰਾਜ ਵਿਚ ਲੱਖਾਂ ਕੁਰਬਾਨੀਆਂ ਦੇ ਕੇ ਹੌਦ ਵਿਚ ਆਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਵੀ ਹਾਲਤ ਵਿਚ ਵੰਡਣ ਨਹੀ ਦਿੱਤਾ ਜਾਵੇਗਾ । ਉਨਾਂ ਕਾਂਗਰਸ ਪਾਰਟੀ ਦੀ ਸਖ਼ਤ ਸਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਆਜਾਦੀ ਤੋ ਲੈ ਕੇ ਹੁਣ ਤਕ ਇਸਨੇ ਹਮੇਸ਼ਾ ਪੰਜਾਬ ਦੇ ਰਾਜਨੀਤਿਕ, ਸਮਾਜਿਕ, ਆਰਥਿਕ ਤੇ ਧਾਰਮਿਕ ਖੇਤਰ ਵਿਚ ਦਖਲ ਅੰਦਾਜੀ ਕੀਤੀ ਹੈ, ਜਿਸ ਨੂੰ ਸਹਿਣ ਨੂੰ ਕੀਤਾ ਜਾਵੇਗਾ। ਬਲਿਊ ਸਟਾਰ ਆਪਰੇਸ਼ਨ ਤੇ 1984 ਦੇ ਦੰਗਿਆਂ ਤੋ ਬਾਅਦ ਕਾਂਗਰਸ ਪਾਰਟੀ ਵਲੋ ਹਰਿਆਣਾ ਵਿਚ ਹਰਿਆਣਾ ਗੁਰਦੁਆਰਾ ਮੈਨਜੇਮੈਟ ਕਮੇਟੀ ਦਾ ਗਠਨ ਕਰਕੇ ਸਿੱਖ ਕੌਮ ਤੇ ਤੀਜਾ ਵੱਡਾ ਹਮਲਾ ਕੀਤਾ ਗਿਆ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀ ਕਰੇਗੀ। ਉਨਾਂ ਕਿਹਾ ਕਿ ਹਰਿਆਣਾ ਸਰਕਾਰ ਵਲੋ ਗੁਰਦੁਆਰਿਆਂ ਤੇ ਕਾਬਜ ਹੋਣ ਵਾਲੇ ਮਨਸੂਬਿਆਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕਾਂਗਰਸ ਜਮਾਤ ਸ਼ਰੋਮਣੀ ਅਕਾਲੀ ਦਲ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ।
ਸ. ਬਾਦਲ ਨੇ ਅੰਗਰੇਜ਼ਾਂ ਨੇ 250 ਸਾਲ ਦੇ ਆਪਣੇ ਰਾਜ ਵਿਚ ਭਾਰਤ ਦੀ ਉਨੀ ਲੁੱਟ ਨਹੀਂ ਕੀਤੀ, ਜਿੰਨੀ ਕਾਂਗਰਸ ਨੇ ਦੇਸ਼ ਦੀ ਕੀਤੀ ਹੈ। ਉਨਾਂ ਕਿਹਾ ਕਿ ਪੰਜਾਬ ਦੇਸ਼ ਦੇ ਅੰਨ ਭੰਭਾਰ ਵਿਚ 60 ਪ੍ਰਤੀਸ਼ਤ ਤੋਂ ਵੱਧ ਦਾ ਯੋਗਦਾਨ ਪਾਉਦਾ ਹੈ ਅਤੇ ਦੇਸ਼ ਦੀ ਆਜ਼ਾਦੀ ਵਿਚ ਵੀ ਪੰਜਾਬੀਆਂ ਨੇ 80 ਪ੍ਰਤੀਸ਼ਤ ਕੁਰਬਾਨੀਆਂ ਦੇ ਮੋਹਰੀ ਰੋਲ ਨਿਭਾਇਆ ਹੈ ਅਤੇ ਅੱਜ ਵੀ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰ ਰਹੇ ਹਨ। ਉਨਾਂ ਕਿਹਾ ਕਿ ਜਦ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ ਤਾਂ ਇਸ ਨੇ ਕਿਸਾਨ, ਗਰੀਬ ਤੇ ਉਦਯੋਗਪਤੀਆਂ ਵਿਰੁੱਧ ਗਲਤ ਫੈਸਲੇ ਕਰਕੇ ਪੰਜਾਬ ਨੂੰ ਬਹੁਤ ਨੁਕਸਾਨ ਪੁਹੰਚਾਇਆ। ਉਨਾਂ ਕਿਹਾ ਕਿਹਾ ਕਿ ਸੂਬੇ ਦੇ ਕਿਸਾਨ ਦੇਸ਼ ਨੂੰ ਅਨਾਜ ਦੇਣ ਵਾਸਤੇ ਹਰ ਸਾਧਨ ਵਰਤਦੇ ਰਹੇ ਪਰ ਇਸ ਕਾਂਗਰਸ ਜਮਾਤ ਨੇ ਹਮੇਸ਼ਾਂ ਪੰਜਾਬ ਨਾਲ ਧੋਖਾ ਕੀਤਾ।
ਸ. ਬਾਦਲ ਨੇ ਕਿਹਾ ਕਿ ਕੇਂਦਰ ਵਿਚ ਕਾਂਗਰਸ ਪਾਰਟੀ ਅਗਵਾਈ ਵਾਲੀ ਸਰਕਾਰ ਨੇ ਹਮੇਸ਼ਾ ਸ਼ਕਤੀਆਂ ਦਾ ਕੇਂਦਰੀਕਰਨ ਕਰਕੇ ਦੇਸ਼ ਨੂੰ ਤਬਾਹੀ ਦੇ ਕਗਾਰ ਤੇ ਖੜ੍ਹਾ ਕਰਕੇ ਰੱਖ ਦਿੱੱਤਾ। ਉਨਾਂ ਕਿਹਾ ਕਿ ਹੁਣ ਕੇਂਦਰ ਵਿਚ ਬਹੁਤ ਹੀ ਕਾਰਜਸ਼ੀਲ ਤੇ ਦੂਰਅੰਦੇਸ਼ੀ ਦੇ ਮਾਲਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੌਦੀ ਦੀ ਅਗਵਾਈ ਵਿਚ ਐਨ.ਡੀ.ਏ ਦੀ ਸਰਕਾਰ ਬਣ ਗਈ ਹੈ। ਉਨਾਂ ਕਿਹਾ ਕਿ ਸ੍ਰੀ ਮੋਦੀ ਦੇਸ਼ ਨੂੰ ਵਿਕਾਸ ਦੇ ਖੇਤਰ ਵਿਚ ਬੁਲੰਦੀਆਂ ਤਕ ਲੈ ਕੇ ਜਾਣ ਅਤੇ ਸਾਰੇ ਦੇਸ਼ ਦਾ ਸਰਬਪੱਖੀ ਵਿਕਾਸ ਹੋਵੇਗਾ।
ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਨੀਤੀ ਹੈ ਕਿ ਸਿੱਖ ਕੌਮ ਵਿਚ ਵੰਡ ਪਾਈ ਜਾਵੇ ਤੇ ਸਿੱਖ ਕੌਮ ਦੇ ਸ਼ਕਤੀ ਦੇ ਸੋਮੇ ਗੁਰਦਆਰਿਆਂ ਸਾਹਿਬ ਤੇ ਕਾਬਜ਼ ਹੋਇਆ ਜਾਵੇ। ਉਨਾਂ ਕਿਹਾ ਕਿ ਕਾਂਗਰਸ ਦੇ ਮਨਸੂਬੇ ਕਦੇ ਵੀ ਪੂਰੇ ਨਹੀ ਹੋਣ ਦਿੱਤੇ ਜਾਣਗੇ। ਉਨਾਂ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਬਾਦਲ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹੈ ਅਤੇ ਸੂਬੇ ਅੰਦਰ ਆਪਸੀ ਪਿਆਰ, ਸ਼ਾਂਤੀ ਤੇ ਸਦਭਾਵਨਾ ਨਾਲ ਪਿਛਲੇ ਸੱਤ ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਭਰ ਅੰਦਰ ਵਿਕਾਸ ਕਾਰਜਾਂ ਦੇ ਨਾਲ-ਨਾਲ ਆਪਣੀ ਵਿਰਾਸਤ ਨੂੰ ਸੰਭਾਲਣ ਦੇ ਵਿਸ਼ੇਸ ਯਤਨ ਕੀਤੇ ਗਏ ਹਨ । ਉਨਾਂ ਕਿਹਾ ਕਿ ਸਰਕਾਰ ਵਲੋਂ ਵੱਡਾ ਘੱਲੂਘਾਰਾ ਸਾਹਿਬ, ਛੋਟਾ ਘੱਲੂਘਾਰਾ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ, ਸ੍ਰੀ ਆਨੰਦਪੁਰ ਸਾਹਿਬ ਵਿਥੇ ਖਾਲਸਾ ਹੈਰੀਟੇਜ ਕੰਪਲੈਕਸ, ਮੋਤੀ ਲਾਲ ਮਹਿਰਾ ਦੀ ਯਾਦਗਾਰ, ਬਾਬਾ ਜੈਤਾ ਜੀ ਦੀ ਯਾਦਗਾਰ ਅਤੇ ਅੰਮ੍ਰਿਤਸਰ ਵਿਖੇ ਭਗਵਾਨ ਵਾਲਮੀਕਿ ਦੀ ਯਾਦਗਾਰ ਉਸਾਰੀ ਜਾ ਰਹੀ ਹੈ।
ਇਸ ਮੌਕੇ ਪੱਤਰਕਾਰਾਂ ਦੇ ਸਵਾਲ ਦਾ ਜਵਾਲ ਦੇਦਿੰਆਂ ਸ. ਬਾਦਲ ਨੇ ਕਿਹਾ ਕਿ ਮੋਦੀ ਸਰਕਾਰ ਪੂਰੀ ਮਿਹਨਤ ਤੇ ਦ੍ਰਿੜਤਾ ਨਾਲ ਦੇਸ਼ ਦੇ ਵਿਕਾਸ ਲਈ ਕੰਮ ਕਰ ਰਹੇ ਹਨ ਅਤੇ ਆਉਣ ਵਾਲੇ ਥੋੜੇ ਸਮੇਂ ਵਿਚ ਹੀ ਦੇਸ਼ ਦੀ ਤਰੱਕੀ ਪੱਖੋ ਬਦਲੀ ਹੋਈ ਦਿਸ਼ਾ ਨਜ਼ਰ ਆਵੇਗੀ। ਉਨਾਂ ਕਿਹਾ ਕਿ ਪੰਜਾਬ ਨੂੰ ਐਨ.ਡੀ.ਏ ਸਰਕਾਰ ਤੋਂ ਬਹੁਤ ਉਮੀਦਾਂ ਹਨ ਅਤੇ ਕੇਂਦਰ ਵਿਚ ਸ੍ਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋ ਪੰਜਾਬ ਦਾ ਸਰਬਪੱਖੀ ਵਿਕਾਸ ਕਰਵਾਉਣ ਵਿਚ ਭਾਰੀ ਮਦਦ ਮਿਲੇਗੀ। ਉਨਾਂ ਅੱਗੇ ਕਿਹਾ ਕਿ ਸਰਕਾਰ ਸੂਬੇ ਸਰਕਾਰ ਨਸ਼ਾ ਖਤਮ ਕਰਨ ਲਈ ਵਚਨਬੱਧ ਹੈ। ਨਸ਼ਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ੁਨਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਦੇ ਨਾਲ ਨਾਲ ਇਸ ਦੇ ਸ਼ਿਕਾਰ ਵਿਅਕਤੀਆਂ ਦੇ ਮੁੜ ਵਸੇਬੇ ਲਈ ਵੀ ਉਪਾਰਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਅਗਲੇ ਚਾਰ ਮਹਿਨਿਆਂ ਵਿਚ 22 ਮੁੜ ਵਸੇਬਾ ਕੇਂਦਰ ਚਾਲੂ ਕੀਤੇ ਜਾ ਰਹੇ ਹਨ। ਇਕ ਸਵਾਲ ਦੇ ਜਵਾਬ ਦੇਦਿੰਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਕੇਵਲ ਵਿਰੋਧ ਕਰਨ ਵਾਸਤੇ ਹੀ ਨਕਾਰਾਤਮਕ ਰੋਲ ਅਦਾ ਕਰ ਰਹੀ ਹੈ। ਉਨਾਂ ਕਾਂਗਰਸ ਪਾਰਟੀ ਨੂੰ ਰਾਜ ਤੇ ਦੇਸ਼ ਦੇ ਵਿਕਾਸ ਲਈ ਸਕਾਰਤਮਕ ਨੀਤੀ ਆਪਣਾਉਣ ਦੀ ਸਲਾਹ ਦਿੱਤੀ।
ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਦਾ ਪੂਰਾ ਮਾਣ ਤੇ ਸਨਮਾਨ ਕਰਦੀ ਹੈ ਅਤੇ ਇਸੇ ਮਕਸਦ ਨਾਲ ਸਰਕਾਰ ਵਲੋਂ ਇਕ ਖੇਡ ਨੀਤੀ ਬਣਾਈ ਗਈ ਹੈ, ਜਿਸ ਤਹਿਤ ਨਾ ਕੇਵਲ ਖਿਡਾਰੀਆਂ ਨੂੰ ਨਕਦ ਇਨਾਮ ਦਿੱਤੇ ਜਾਂਦੇ ਹਨ ਸਗੋਂ ਉਨਾਂ ਨੂੰ ਸਰਕਾਰੀਆਂ ਨੌਕਰੀਆਂ ਵੀ ਦਿੱਤੀਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਅੱਜ ਕਬੱਡੀ ਦੀ ਪੂਰੇ ਵਿਸ਼ਵ ਵਿਚ ਧਾਕ ਜੰਮ ਗਈ ਹੈ ਅਤੇ ਵਿਦੇਸ਼ੀ ਲੋਕ ਵੀ ਇਸ ਖੇਡ ਨੂੰ ਖੇਡਣ ਲੱਗ ਪਏ ਹਨ।
ਇਸ ਉਪਰੰਤ ਸ. ਬਾਦਲ ਇਰਾਕ ਵਿਚ ਫਸੇ ਵਿਅਕਤੀਆਂ ਦੇ ਪਰਿਵਾਰ ਵਾਲਿਆਂ ਨੂੰ ਵੀ ਮਿਲੇ ਅਤੇ ਉਨਾਂ ਪੂਰਾ ਭਰੋਸਾ ਦਿਵਾਇਆ ਕਿ ਭਾਰਤ ਦੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨਾਲ ਉਨਾਂ ਦਾ ਲਗਾਤਰ ਸੰਪਰਕ ਬਣਿਆ ਹੋਇਆ ਹੈ ਅਤੇ ਉਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਘਰ ਸਹੀ ਸਲਾਮਤ ਲਿਆਉਣ ਲਈ ਉਹ ਕੋਈ ਕਸਰ ਨਹੀਂ ਛੱਡਣਗੇ। ਅੱਜ ਦੀ ਇਸ ਵਿਸ਼ਾਲ ਕਾਨਫਰੰਸ ਨੂੰ ਹੋਰਨਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ, ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਤੇ ਵਿਧਾਇਕ ਮਨਜੀਤ ਸਿੰਘ ਮੰਨਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਸਪੈਸ਼ਲ ਪ੍ਰਿੰਸੀਪਲ ਸੈਕਰੇਟਰੀ ਸ੍ਰੀ ਅਜੇ ਸ਼ਰਮਾ ਵੀ ਮੌਜੂਦ ਸਨ। ਇਸ਼ ਮੌਕੇ ਹੋਰਨਾਂ ਤੋਂ ਇਲਾਵਾ ਕਾਨਫਰੰਸ ਵਿਚ ਅਕਾਲੀ-ਭਾਜਪਾ ਦੇ ਨੇਤਾ ਤੇ ਵਰਕਰ ਆਦਿ ਹਾਜ਼ਰ ਸਨ।