ਭੀਖੀ, 23 ਮਈ (ਪੰਜਾਬ ਪੋਸਟ – ਕਮਲ ਜਿੰਦਲ) – ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ ’ਤੇ ਕਈ ਸਕੀਮਾਂ ਚਲਾਈਆਂ ਜਾਂਦੀਆਂ ਹਨ, ਜਿਸ ਤਹਿਤ ਸਬਸਿਡੀ ਦੇ ਨਾਲ-ਨਾਲ ਚਾਹਵਾਨ ਵਿਅਕਤੀਆਂ ਲਈ ਮੁਫ਼ਤ ਸਿਖਲਾਈ ਕੈਂਪ ਵੀ ਲਗਾਏ ਜਾਂਦੇ ਹਨ। ਇਸੇ ਲੜੀ ਤਹਿਤ ਪਿੰਡ ਅਲੀਸ਼ੇਰ ਖੁਰਦ ਬਲਾਕ ਭੀਖੀ ਵਿਖੇ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ 12 ਏਕੜ 2 ਕਨਾਲ ਰਕਬੇ ਵਿੱਚ ਸਰਕਾਰੀ ਮੱਛੀ ਪੂੰਗ ਫਾਰਮ ਬਣਾਇਆ ਜਾ ਰਿਹਾ ਹੈ, ਜਿਸ ਸਬੰਧੀ ਚੇਅਰਮੈਨ ਮੱਛੀ ਪਾਲਕ ਵਿਕਾਸ ਏਜੰਸੀ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ ਵੱਲੋਂ ਦੌਰਾ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ ਸਿੱਧੂ ਨੇ ਇਸ ਸਮੇਂ ਦੱਸਿਆ ਕਿ ਸਰਕਾਰੀ ਮੱਛੀ ਪੰੂਗ ਫਾਰਮ ਵਿਖੇ ਪੰਜਾਬ ਸਰਕਾਰ ਵੱਲੋਂ ਪ੍ਰਵਾਨਿਤ ਮੱਛੀਆਂ ਦੀਆਂ ਕਿਸਮਾਂ ਦਾ ਮੱਛੀ ਪੰੂਗ ਪੈਦਾ ਕਰਕੇ ਚਾਹਵਾਨ ਮੱਛੀ ਕਾਸ਼ਤਕਾਰਾਂ ਨੂੰ ਰਿਆਇਤੀ ਦਰਾਂ ’ਤੇ ਸਪਲਾਈ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੱਛੀ ਪੰੂਗ ਫਾਰਮ ਵਿਖੇ ਸਥਾਪਿਤ ਕੀਤੇ ਜਾ ਰਹੇ ਮੱਛੀ ਪਾਲਣ ਸਿਖਲਾਈ ਕੇਂਦਰ ਵਿਖੇ ਚਾਹਵਾਨ ਮੱਛੀ ਕਾਸ਼ਤਕਾਰਾਂ ਨੂੰ ਮੱਛੀ ਪਾਲਣ ਦੇ ਕਿੱਤੇ ਸਬੰਧੀ ਮੁਫ਼ਤ ਸਿਖਲਾਈ ਵੀ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਮੱਛੀ ਪੰੂਗ ਫਾਰਮ ਵਿਖੇ ਮੱਛੀ ਕਾਸ਼ਤਕਾਰਾਂ ਦੀ ਜ਼ਮੀਨ ਦੀ ਮਿੱਟੀ ਅਤੇ ਪਾਣੀ ਦੀ ਟੈਸਟਿੰਗ ਲਈ ਪ੍ਰਯੋਗਸ਼ਾਲਾ ਵੀ ਸਥਾਪਿਤ ਕੀਤੀ ਜਾ ਰਹੀ ਹੈ।ਇਸ ਉਪਰੰਤ ਉਨ੍ਹਾਂ ਵੱਲੋਂ ਪਿੰਡ ਰੱਲਾ ਵਿਖੇ ਸ਼੍ਰੀ ਜਗਸੀਰ ਸਿੰਘ ਦੇ ਮੱਛੀ ਤਲਾਬ ਦਾ ਨਿਰੀਖਣ ਵੀ ਕੀਤਾ ਗਿਆ।ਸਹਾਇਕ ਡਾਇਰੈਕਟਰ ਮੱਛੀ ਪਾਲਣ ਮਾਨਸਾ ਬ੍ਰਿਜ ਭੂਸ਼ਣ ਗੋਇਲ ਅਤੇ ਮੁੱਖ ਕਾਰਜਕਾਰੀ ਅਫ਼ਸਰ ਮੱਛੀ ਪਾਲਕ ਵਿਕਾਸ ਏਜੰਸੀ ਰਜੇਸ਼ਵਰ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਹ ਪੰਜਾਬ ਰਾਜ ਵਿੱਚ 15 ਵਾਂ ਸਰਕਾਰੀ ਮੱਛੀ ਪੂੰਗ ਫਾਰਮ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਅਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ, ਪਟਿਆਲਾ ਤੇ ਰੂਪਨਗਰ ਵਿਖੇ 1-1 ਅਤੇ ਸੰਗਰੂਰ ਵਿਖੇ 2 ਸਰਕਾਰੀ ਮੱਛੀ ਪੂੰਗ ਫਾਰਮ ਚੱਲ ਰਹੇ ਹਨ।ਉਨ੍ਹਾਂ ਦੱਸਿਆ ਕਿ ਮੱਛੀ ਪੂੰਗ ਫਾਰਮ ਦੀ ਸਥਾਪਨਾ ਨਾਲ ਇਲਾਕੇ ਦੇ ਕਿਸਾਨਾਂ ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਮੱਛੀ ਪਾਲਣ ਦਾ ਧੰਦਾ ਕਰਨ ਲਈ ਬਹੁਤ ਜ਼ਿਆਦਾ ਫਾਇਦਾ ਪੰਹੁਚੇਗਾ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਮੱਛੀ ਪਾਲਣ ਦੇ ਧੰਦੇ ਨੂੰ ਵਧੀਆ ਢੰਗ ਨਾਲ ਕੀਤਾ ਜਾ ਰਿਹਾ ਹੈ ਅਤੇ ਜਿਸ ਖੇਤਰ ਦਾ ਜ਼ਮੀਨ ਹੇਠਲਾ ਪਾਣੀ ਜ਼ਿਆਦਾ ਖਾਰਾ ਹੋਵੇ ਅਤੇ ਜ਼ਮੀਨ ਫਸਲ ਬੀਜਣ ਯੋਗ ਨਾ ਹੋਵੇ ਜਾਂ ਘੱਟ ਉਪਜਾਊ ਹੋਵੇ, ਤਾਂ ਉਸ ਜ਼ਮੀਨ ਨੂੰ ਮੱਛੀ ਪਾਲਣ ਜਾਂ ਝੀਂਗਾ ਪਾਲਣ ਲਈ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ ਅਤੇ ਇਸ ਤੋਂ ਚੰਗੀ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ।ਉਨ੍ਹਾਂ ਦੱਸਿਆ ਕਿ ਹਰ ਨੌਜਵਾਨ, ਬਜ਼ੁਰਗ, ਇਸਤਰੀ ਜਾਂ ਮਰਦ, ਪੜ੍ਹਿਆ ਜਾਂ ਅਨਪੜ੍ਹ ਸਹਿਜੇ ਹੀ ਮੱਛੀ ਪਾਲਣ ਦਾ ਧੰਦਾ ਅਪਣਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁੱਢਲਾ ਗਿਆਨ ਦੇਣ ਲਈ ਹਰ ਮਹੀਨੇ 5 ਦਿਨਾਂ ਮੁਫ਼ਤ ਸਿਖਲਾਈ ਕੈਂਪ ਵੀ ਲਗਾਇਆ ਜਾਂਦਾ ਹੈ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media