60 ਬੈਡ ਰੂਮ ਅਤੇ ਤਿੰਨ ਮੀਟਿੰਗ ਹਾਲ ਨਾਲ ਲੈਸ ਹੋਵੇਗਾ
ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਮਿਤਸਰ ਜਿਥੇ ਕਿ ਵਿਸ਼ਵ ਭਰ ਵਿਚੋਂ ਮਹਾਨ ਹਸਤੀਆਂ ਸ੍ਰੀ ਹਰਿਮੰਦਰ ਸਾਹਿਬ ਨਤਮਸਕਤ ਹੋਣ ਪਹੁੰਚਦੀਆਂ ਹਨ, ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਵਿਸ਼ਵ ਮਿਆਰ ’ਤੇ ਖਰੇ ਉਤਰਦੇ ਸਰਕਟ ਹਾੳੂਸ ਦੀ ਉਸਾਰੀ ਕਰਵਾਈ ਜਾ ਰਹੀ ਹੈ, ਜੋ ਕਿ ਇਸ ਸਾਲ ਅਕਤੂਬਰ ਮਹੀਨੇ ਤੱਕ ਮੁਕੰਮਲ ਕਰ ਲਈ ਜਾਵੇਗੀ।ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਅੰਮ੍ਰਿਤਸਰ ਧਾਰਮਿਕ ਸ਼ਹਿਰ ਹੋਣ ਦੇ ਨਾਲ-ਨਾਲ ਪ੍ਰਸਾਸਨਿਕ ਪੱਖ ਤੋਂ ਵੀ ਪੰਜਾਬ ਵਿਚ ਅਹਿਮ ਸਥਾਨ ਰੱਖਦਾ ਹੈ, ਸੋ ਪੰਜਾਬ ਸਰਕਾਰ ਨੇ ਇਨਾਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਨਵੇਂ ਸਰਕਟ ਹਾਊਸ ਦਾ ਡਿਜ਼ਾਇਨ ਉਲੀਕਿਆ ਹੈ।
ਉਨਾਂ ਦੱਸਿਆ ਕਿ ਇਹ ਸਰਕਟ ਹਾਊਸ ਪੁਰਾਣੇ ਸਰਕਟ ਹਾਊਸ ਕੰਪਲੈਕਸ ਵਿਚ ਹੀ ਬਣਾਇਆ ਜਾ ਰਿਹਾ ਹੈ ਅਤੇ ਇਸ ’ਤੇ ਅੰਦਾਜ਼ਨ 23 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ 75000 ਵਰਗ ਫੁੱਟ ਖੇਤਰ ਵਿਚ ਉਸਾਰੀ ਜਾ ਰਹੀ ਇਸ ਇਮਾਰਤ ਵਿਚ ਸ਼ਹਿਰ ਆਉਣ ਵਾਲੀਆਂ ਅਹਿਮ ਸਖਸ਼ੀਅਤਾਂ ਲਈ 60 ਬੈਡ ਰੂਮ ਉਸਾਰੇ ਜਾ ਰਹੇ ਹਨ।ਸੰਘਾ ਨੇ ਦੱਸਿਆ ਕਿ ਇਸ ਦੀ ਧਰਾਤਲੀ ਮੰਜ਼ਿਲ ’ਤੇ 100 ਵਿਅਕਤੀਆਂ ਦੀ ਸਮਰੱਥਾ ਵਾਲਾ ਵਾਤਾਅਨਕੂਲਿਤ ਕਾਨਫਰੰਸ ਹਾਲ, ਤਿੰਨ ਛੋਟੇ ਮੀਟਿੰਗ ਹਾਲ ਜਿੰਨਾਂ ਦੀ ਸਮਰੱਥਾ 20 ਵਿਅਕਤੀ ਹਰੇਕ ਹੈ, ਡਾਇਨਿੰਗ ਹਾਲ ਅਤੇ ਸਵਾਗਤੀ ਸਥਾਨ ਬਣਾਏ ਜਾ ਰਹੇ ਹਨ।
ਇਸ ਤੋਂ ਇਲਾਵਾ ਪਹਿਲੀ, ਦੂਸਰੀ, ਤੀਸਰੀ ਮੰਜ਼ਿਲ ’ਤੇ 60 ਵਾਤਾਅਨਕੂਲ ਬੈਡ ਰੂਮ ਬਣਾਏ ਜਾ ਰਹੇ ਹਨ ਅਤੇ ਚੌਥੀ ਮੰਜ਼ਿਲ ’ਤੇ ਅਹਿਮ ਹਸਤੀਆਂ ਦੇ ਰਹਿਣ ਲਈ 2 ਵੀ.ਵੀ.ਆਈ.ਪੀ ਸੂਇਟ ਬਣਾਏ ਜਾਣਗੇ, ਜਿਨਾਂ ਨਾਲ ਮੀਟਿੰਗ ਰੂਮ ਦੀ ਸਹੂਲਤ ਵੀ ਦਿੱਤੀ ਜਾਵੇਗੀ।ਉਨਾਂ ਦੱਸਿਆ ਕਿ ਇਸ ਕੰਪਲੈਕਸ ਵਿਚ ਤਿੰਨ ਲਿਫਟਾਂ, 2 ਪੌੜੀਆਂ, ਅੱਗ ਬੁਝਾਊ ਸਿਸਟਮ, ਸੂਰਜੀ ਊਰਜਾ ਦੇਣ ਵਾਲੇ ਪੈਨਲ, ਸਾਫ ਪਾਣੀ ਲਈ ਫਿਲਟਰ, ਸੁਰੱਖਿਆ ਲਈ ਸੀ.ਸੀ.ਟੀ.ਵੀ ਕੈਮਰੇ ਅਤੇ ਖੂਬਸੂਰਤੀ ਲਈ ਉਚ ਮਿਆਰੀ ਲੈਂਡ ਸਕੇਪਿੰਗ ਵੀ ਕਰਵਾਈ ਜਾਵੇਗੀ।
ਸੰਘਾ ਨੇ ਆਸ ਪ੍ਰਗਟਾਈ ਕਿ ਇਸ ਸਰਕਟ ਹਾਊਸ ਦੇ ਬਣਨ ਨਾਲ ਸ਼ਹਿਰ ਵਿਚ ਆਉਣ ਵਾਲੀਆਂ ਅਹਿਮ ਹਸਤੀਆਂ ਨੂੰ ਰਹਿਣ ਵਾਸਤੇ ਸੁਰੱਖਿਅਤ ਸਰਕਾਰੀ ਠਹਿਰ ਮੁਹੱਈਆ ਕਰਵਾਈ ਜਾ ਸਕੇਗੀ।
Punjab Post Daily Online Newspaper & Print Media