10 ਨਰਸਰੀਆਂ ਵਿੱਚ ਕਰੀਬ 2.50 ਲੱਖ ਬੂਟੇ ਕੀਤੇ ਜਾ ਰਹੇ ਹਨ ਤਿਆਰ – ਡੀ.ਸੀ
ਪਠਾਨਕੋਟ, 7 ਜੂਨ (ਪੰਜਾਬ ਪੋਸਟ ਬਿਊਰੋ) – ਵਣ ਵਿਭਾਗ ਪਠਾਨਕੋਟ ਵੱਲੋਂ ਮਿਸਨ ਤੰਦਰੁਸਤ ਪੰਜਾਬ ਅਧੀਨ ਆਉਂਣ ਵਾਲੇ ਸਮੇਂ ਦੌਰਾਨ ਜ਼ਿਲ੍ਹੇ ਅੰਦਰ ਕੰਮ ਕਰ ਰਹੀਆਂ ਕਰੀਬ 10 ਨਰਸਰੀਆਂ ਵਿੱਚ ਕਰੀਬ 2.50 ਲੱਖ ਬੂਟੇ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਆਉਣ ਵਾਲੇ ਦਿਨਾਂ ਅੰਦਰ ਇਹ ਬੂਟੇ ਸੜਕਾਂ, ਪਾਰਕਾਂ, ਖਾਲੀ ਪਈਆਂ ਬਰਮਾ ਆਦਿ ਤੇ ਬੂਟੇ ਲਗਾਏ ਜਾਣ ਤਾਂ ਜੋ ਇਸ ਸਾਲ ਲਈ ਕਰੀਬ ਤਿੰਨ ਲੱਖ ਤੱਕ ਬੂਟੇ ਲਗਵਾਉਂਣ ਦਾ ਨਿਰਧਾਰਤ ਕੀਤਾ ਟੀਚਾ ਪੂਰਾ ਕੀਤਾ ਜਾ ਸਕੇ।ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜ਼ਿਲ੍ਹਾ ਪਠਾਨਕੋਟ ’ਚ ਸੈਲੀ ਰੋਡ ਸਥਿਤ ਆਡੀਟੋਰੀਅਮ ਵਿਖੇ ਵਾਤਾਵਰਨ ਦਿਵਸ ਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ `ਮਿਸ਼ਨ ਤੰਦਰੁਸਤ ਪੰਜਾਬ` ਲਾਂਚ ਕਰਨ ਲਈ ਕੀਤੇ ਸਮਾਰੋਹ ਦੋਰਾਨ ਸੰਬੋਧਨ ਕਰਦਿਆਂ ਕੀਤਾ।ਇਸ ਸਮਾਰੋਹ ਵਿੱਚ ਸ੍ਰੀਮਤੀ ਨੀਲਿਮਾ ਮੁੱਖ ਮਹਿਮਾਨ ਵਜੋਂ ਅਤੇ ਜੋਗਿੰਦਰ ਪਾਲ ਵਿਸ਼ੇਸ ਮਹਿਮਾਨ ਵਜੋਂ ਹਾਜ਼ਰ ਹੋਏ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਧਰਤੀ ਨੂੰ ਬਚਾਉਣ ਦੇ ਲਈ ਖੁਦ ਹੀ ਜਾਗਰੁਕ ਹੋਣ ਦੀ ਜਰੁਰਤ ਹੈ ਅਤੇ ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਜਿਆਦਾ ਤੋਂ ਜਿਆਦਾ ਪੋਦੇ ਲਗਾਈਏ।ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੇ ਹਰੇਕ ਵਿਭਾਗ ਵੱਲੋਂ ਤੰਦਰੁਸਤ ਪੰਜਾਬ ਅਧੀਨ ਚਲਾਈ ਗਈ ਮੁਹਿੰਮ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਨ ਦੀ ਗੱਲ ਹੈ ਕਿ ਸਾਡਾ ਜਿਲ੍ਹਾ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਂਣ ਵਿੱਚ ਪਹਿਲੇ ਨੰਬਰ ਤੇ ਰਿਹਾ ਹੈ ਅਤੇ ਇਸ ਤੋਂ ਵੀ ਵੱਡੀ ਗੱਲ ਹੈ ਕਿ ਜਿਲ੍ਹਾ ਪਠਾਨਕੋਟ ਦੀਆਂ ਕਰੀਬ 50 ਪੰਚਾਇਤਾਂ ਨੇ ਕਣਕ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਲਈ ਪੰਚਾਇਤ ਵਿੱਚ ਮਤੇ ਪਾਸ ਕਰਕੇ ਇਹ ਸਹੁੰ ਚੁੱਕੀ ਹੈ ਕਿ ਉਹ ਖੁਦ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਨਹੀਂ ਲਗਾਉਂਗੇ ਅਤੇ ਦੂਸਰੇ ਲੋਕਾਂ ਨੂੰ ਵੀ ਜਾਗਰੁਕ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੋਰਾਨ ਹਰੇਕ ਵਿਭਾਗ ਨੇ ਤੰਦਰੁਸਤ ਪੰਜਾਬ ਅਧੀਨ ਕਾਰਜ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਪਲਾਸਟਿਕ ਦੇ ਪ੍ਰਯੋਗ ਤੋਂ ਵੀ ਦੂਰ ਰਹਿਣਾਂ ਚਾਹੀਦਾ ਹੈ ਅਤੇ ਜਿੱਥੋਂ ਤੱਕ ਹੋ ਸਕੇ ਮਾਰਕਿਟ ਵਿੱਚੋਂ ਸਮਾਨ ਲੈਣ ਜਾਂਦਿਆਂ ਹੋਇਆ ਆਪਣੇ ਘਰ ਤੋਂ ਹੀ ਕਪੜੇ ਦਾ ਬਣਿਆ ਹੋਇਆ ਝੋਲਾ ਜਰੂਰ ਲੈ ਕੇ ਜਾਣ ਅਤੇ ਪਲਾਸਟਿਕ ਦੇ ਪ੍ਰਯੋਗ ਤੋਂ ਹਮੇਸਾ ਦੂਰ ਰਿਹਾ ਜਾਵੇ।
ਇਸ ਮੋਕੇ ਤੇ ਸੰਬੋਧਨ ਕਰਦਿਆਂ ਜੋਗਿੰਦਰ ਪਾਲ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੀ ਸੋਚ ਸਦਕਾ ਹੀ ਇਹ `ਮਿਸ਼ਨ ਤੰਦਰੁਸਤ ਪੰਜਾਬ` ਸੁਰੂ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਅਜਿਹੇ ਸਮਾਰੋਹ ਕੇਵਲ ਇਕ ਦਿਨ ਹੀ ਨਹੀਂ ਸਾਰਾ ਸਾਲ ਕੀਤੇ ਜਾਣ ਦੀ ਜਰੁਰਤ ਹੈ।ਉਨ੍ਹਾਂ ਕਿਹਾ ਕਿ ਸਰਕਾਰੀ ਦਫਤਰਾਂ ਅਤੇ ਹੋਰ ਖਾਲੀ ਸਥਾਨਾਂ ਤੇ ਪੋਦੇ ਲਗਾਉਂਣ ਦੀ ਜਰੂਰਤ ਤਾਂ ਹੈ, ਪਰ ਉਨ੍ਹਾਂ ਪੋਦਿਆਂ ਦੀ ਦੇਖ ਰੇਖ ਕਰਨਾ ਵੀ ਸਾਡੀ ਹੀ ਜਿੰਮੇਦਾਰੀ ਬਣਦੀ ਹੈ।ਉਨ੍ਹਾਂ ਵਨ ਵਿਭਾਗ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਸੜਕਾਂ ਦੇ ਕਿਨਾਰੇ ਤੇ ਸੁੱਕ ਚੁੱਕੇ ਬੂਟੇ ਕੱਟੇ ਜਾਣ ਅਤੇ ਉਨ੍ਹਾ ਦੇ ਸਥਾਨ ਤੇ ਨਵੇਂ ਬੂਟੇ ਲਗਾਏ ਜਾਣ।
ਜਿਕਰਯੋਗ ਹੈ ਕਿ ਸਮਾਰੋਹ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਸਹੀਦ ਭਗਤ ਸਿੰਘ ਚੋਕ ਨਜਦੀਕ ਚੱਕੀ ਪੁਲ ਵਿਖੇ ਅਰਬਨ ਡਿਸਪੈਂਸਰੀ ਦਾ ਉਦਘਾਟਣ ਕੀਤਾ।ਇਸ ਮਗਰੋ ਉਹ ਇਨਵਾਇਅਰਮੈਂਟ ਪਾਰਕ ਸੈਲੀ ਰੋਡ ਵਿਖੇ ਪਹੁੰਚੇ ਅਤੇ ਵਾਤਾਵਰਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢੀ ਜਾ ਰਹੀ ਜਾਗਰੁਕਤਾ ਰੈਲੀ ਨੂੰ ਝੰਡੀ ਦੇੇ ਕੇ ਰਵਾਨਾਂ ਕੀਤਾ।ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀ ਜਾਗਰੁਕਤਾ ਰੈਲੀ ਨੂੰ ਲੈ ਕੇ ਆਡੀਟੋਰੀਅਮ ਵਿਖੇ ਪਹੁੰਚੇ।ਆਡੀਟੋਰੀਅਮ ਵਿਖੇ ਹੀ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਐਸ.ਡੀ.ਐਮ ਪਠਾਨਕੋਟ, ਸਿਵਲ ਸਰਜਨ, ਡੀ.ਐਫ.ਓ ਅਤੇ ਹੋਰ ਅਧਿਕਾਰੀਆਂ ਵੱਲੋਂ ਪੋਦੇ ਵੀ ਲਗਾਏ ਗਏ।ਇਸ ਤੋਂ ਇਲਾਵਾ ਸਮਾਰੋਹ ਦੋਰਾਨ ਸੈਲਫ ਹੈਲਪ ਗਰੂਪਾਂ ਵੱਲੋਂ ਲਗਾਏ ਗਏ ਸਟਾਲਾਂ ਦਾ ਵੀ ਡਿਪਟੀ ਕਮਿਸ਼ਨਰ ਵੱਲੋਂ ਨਿਰੀਖਣ ਕੀਤਾ ਗਿਆ ਅਤੇ ਗਰੁਪਾਂ ਵੱਲੋਂ ਹੱਥਾਂ ਨਾਲ ਤਿਆਰ ਕੀਤੇ ਗਏ ਸਮਾਨ ਬਾਰੇ ਵੀ ਜਾਣਕਾਰੀ ਲਈ ।
ਸਮਾਰੋਹ ਵਿੱਚ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ, ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ, ਸੰਜੀਵ ਤਿਵਾੜੀ ਡੀ.ਐਫ.ਓ ਪਠਾਨਕੋਟ, ਇੰਦਰਜੀਤ ਸਿੰਘ ਮੁੱਖ ਖੇਤੀ ਬਾੜੀ ਅਫਸ਼ਰ, ਡਾ. ਨੈਨਾ ਸਲਾਥੀਆਂ ਸਿਵਲ ਸਰਜਨ ਪਠਾਨਕੋਟ, ਡਾ. ਭੁਪਿੰਦਰ ਸਿੰਘ ਐਸ.ਐਮ.ਓ ਪਠਾਨਕੋਟ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media