
ਫਾਜਿਲਕਾ, 23 ਫਰਵਰੀ (ਵਿਨੀਤ ਅਰੋੜਾ)- ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਪਾਰਲੀਮੈਂਟ ਮੈਂਬਰ ਸ. ਸ਼ੇਰ ਸਿੰਘ ਘੁਬਾਇਆ ਨੂੰ ਦੂਸਰੀ ਵਾਰ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਚੋਣ ਲੜਨ ਲਈ ਹਰੀ ਝੰਡੀ ਦਿੱਤੇ ਜਾਣ ਤੋਂ ਬਾਅਦ ਸ. ਘੁਬਾਇਆ ਦੇ ਨਿਵਾਸ ਸਥਾਨ ‘ਤੇ ਵਧਾਈਆਂ ਦੇਣ ਵਾਲੇ ਸਮਰੱਥਕਾਂ ਦਾ ਤਾਤਾ ਲੱਗ ਗਿਆ। ਇਸ ਮੌਕੇ ਉਨਾਂ ਦੇ ਨਾਲ ਬੱਲੂਆਣਾ ਤੋਂ ਵਿਧਾਇਕ ਸ. ਗੁਰਤੇਜ ਸਿੰਘ ਘੁੜਿਆਣਾ, ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ, ਜਿਲਾ ਪਲਾਨਿੰਗ ਬੋਰਡ ਦੇ ਚੇਅਰਮੈਨ ਪ੍ਰੇਮ ਕੁਮਾਰ ਵਲੇਚਾ, ਸ. ਬਲਦੇਵ ਸਿੰਘ ਮਾਹਮੂੰ ਜੋਈਆ, ਸ਼ੰਟੀ ਗਾਂਧੀ ਸ਼ਹਿਰੀ ਪ੍ਰਧਾਨ, ਬਲਤੇਜ ਸਿੰਘ ਬਰਾੜ, ਸੋਨੂੰ ਦਰਗਨ, ਪਰਮਜੀਤ ਕਾਲੜਾ, ਚਿੰਟੂ ਦਰਗਨ, ਵਿੰਦੂ ਕੰਬੋਜ਼, ਇੰਦਰਜੀਤ ਸਿੰਘ ਬੱਬਰ, ਜੋਗਿੰਦਰ ਸਿੰਘ ਪ੍ਰਧਾਨ ਅਤੇ ਭਾਰੀ ਗਿਣਤੀ ‘ਚ ਅਕਾਲੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ। ਸ. ਸ਼ੇਰ ਸਿੰਘ ਘੁਬਾਇਆ ਨੂੰ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਉਮੀਦਵਾਰ ਵਜੋਂ ਹਰੀ ਝੰਡੀ ਹੋਣ ‘ਤੇ ਪੂਰੇ ਲੋਕ ਸਭਾ ਹਲਕੇ ਦੇ ਵਰਕਰਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਜਲਾਲਾਬਾਦ ਪਹੁੰਚਣ ‘ਤੇ ਸਮਰੱਥਕਾਂ ਵਲੋਂ ਥਾਂ ਥਾਂ ‘ਤੇ ਲੱਡੂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਸਿਰੋਪੇ ਅਤੇ ਹਾਰਾਂ ਨਾਲ ਨਿੱਘਾ ਸੁਆਗਤ ਕੀਤਾ ਗਿਆ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸ. ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਉਨਾਂ ਨੂੰ ਜੋਂ ਮਾਨ ਬਖ਼ਸ਼ਿਆ ਹੈ, ਉਹ ਸਦਾ ਉਨਾਂ ਦੇ ਰਿਣੀ ਰਹਿਣਗੇ ਅਤੇ ਲੋਕ ਸਭਾ ਚੋਣ ‘ਚ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਪਾਰਟੀ ਹਾਈਕਮਾਨ ਦੀ ਝੋਲੀ ‘ਚ ਪਾਉਣਗੇ।
Punjab Post Daily Online Newspaper & Print Media