ਕਿਹਾ ਸਰਕਾਰੀ ਜਮੀਨਾਂ ’ਤੇ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ
ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ -ਮਨਜੀਤ ਸਿੰਘ) – ਗੁਰੂ ਨਗਰੀ ਜਿੱਥੇ ਹਰ ਰੋਜ਼ ਇਕ ਲੱਖ ਦੇ ਕਰੀਬ ਸ਼ਰਧਾਲੂ ਅਤੇ ਸੈਲਾਨੀ ਆਉਂਦੇ ਹਨ, ਨੂੰ
ਅੰਤਰਾਰਸ਼ਟਰੀ ਪੱਧਰ ’ਤੇ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ।ਇਸ ਲਈ ਜਿੱਥੇ ਅੰਤਰਰਾਸ਼ਟਰੀ ਸੈਲਾਨੀਆਂ ਦੀ ਸਹੂਲਤਾਂ ਦਾ ਧਿਆਨ ਰੱਖਿਆ ਜਾਵੇਗਾ, ਉਥੇ ਇਨਾਂ ਸੈਲਾਨੀ ਕੇਂਦਰਾਂ ਦਾ ਪ੍ਰਚਾਰ ਅੰਤਰਰਾਸ਼ਟਰੀ ਪੱਧਰ ’ਤੇ ਕੀਤਾ ਜਾਵੇਗਾ। ਉਕਤ ਸਬਦਾਂ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ।ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਸੈਲਾਨੀਆਂ ਨੂੰ ਖਿੱਚਣ ਦੀ ਅਥਾਰ ਸਮਰੱਥਾ ਹੈ ਅਤੇ ਇਥੋਂ ਦਾ ਇਤਹਾਸ, ਸਭਿਆਚਾਰ ਅਤੇ ਪੌਣ-ਪਾਣੀ ਇਸ ਦੇ ਬਿਲਕੁੱਲ ਅਨਕੂਲ ਹਨ, ਸੋ ਉਹ ਕੋਸ਼ਿਸ਼ ਕਰਨਗੇ ਕਿ ਇਥੇ ਵੱਧ ਤੋਂ ਵੱਧ ਸੈਲਾਨੀ ਪਹੁੰਚਣ, ਜਿਸ ਨਾਲ ਇਸ ਸਨਅਤ ਨਾਲ ਜੁੜੇ ਲੋਕਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮਿਲਣ।
ਸਿੱਧੂ ਨੇ ਸ੍ਰੀ ਦਰਬਾਰ ਸਾਹਿਬ, ਵਿਰਾਸਤੀ ਮਾਰਗ, ਜਲਿਆਂਵਾਲਾ ਬਾਗ, ਦੁਰਗਿਆਣਾ ਮੰਦਰ, ਪਾਰਟੀਸ਼ਨ ਮਿਊਜੀਅਮ, ਵਾਰ ਮੈਮੋਰੀਅਲ, ਅਟਾਰੀ ਸਰਹੱਦ, ਪੁੱਲ ਕੰਜਰੀ ਆਦਿ ਦਾ ਦੌਰਾ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਮਾਹਿਰਾਂ ਦੀ ਟੀਮ ਨਾਲ ਕੀਤਾ ਅਤੇ ਉਥੇ ਸੈਲਾਨੀਆਂ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ’ਤੇ ਵਿਚਾਰਾਂ ਕੀਤੀਆਂ।ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਵਿੱਚ 18 ਅਜਿਹੇ ਸਥਾਨ ਹਨ, ਜਿੰਨਾਂ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਕੇ ਅੰਤਰਰਾਸ਼ਟੀ ਟੂਰਿਸਟ ਏਜੰਸੀਆਂ ਦੇ ਰਾਹੀਂ ਪ੍ਰਚਾਰਿਆ ਜਾਵੇਗਾ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ੱਿਥੇ ਵਧੀਆ ਅਤੇ ਸਸਤੇ ਹੋਟਲ ਤਿਆਰ ਕਰਵਾਏ ਜਾਣਗੇ, ਜੋ ਕਿ ਸੈਲਾਨੀਆਂ ਨੂੰ ਖਿੱਚਣਗੇ।ਸਿੱਧੂ ਨੇ ਕਿਹਾ ਕਿ ਸੈਰ ਸਪਾਟਾ ਵਿਭਾਗ ਦੇ ਇਹ ਪ੍ਰਾਜੈਕਟ ਆਉਣ ਵਾਲੇ ਦਿਨਾਂ ਵਿਚ ਸਰਕਾਰ ਅਤੇ ਇਸ ਸਨਅਤ ਨਾਲ ਜੁੜੇ ਲੋਕਾਂ ਲਈ ਕਮਾਈ ਦਾ ਸਾਧਨ ਬਣਨਗੇ।
ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਅੰਮਿ੍ਰਤਸਰ ਅਤੇ ਇਸ ਦੇ ਨਾਲ ਲੱਗਦੇ ਜਿਲਿਆਂ ਵਿਚ ਸੈਰ ਸਪਾਟੇ ਨੂੰ ਇੰਨਾ ਵਿਕਸਤ ਕੀਤਾ ਜਾਵੇ ਕਿ ਇਥੇ ਸੈਲਾਨੀ 4 ਤੋਂ 5 ਦਿਨ ਤੱਕ ਟਿਕ ਸਕੇ।ਉਨਾਂ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਈ ਬੀ.ਆਰ.ਟੀ.ਐਸ ਯੋਜਨਾ ਨੂੰ ਵੀ ਇਕ ਵਾਰ ਚਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਕਿ ਲੋਕਾਂ ਦਾ ਕਰੋੜਾਂ ਰੁਪਏ ਲੱਗਾ ਵਿਅਰਥ ਨਾ ਜਾਵੇ।
ਇਕ ਸਵਾਲ ਦੇ ਜਵਾਬ ਵਿਚ ਸਿੱਧੂ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਥਾਵਾਂ ’ਤੇ ਨਾਜਾਇਜ਼ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ ਅਤੇ ਸਰਕਾਰ ਵਲੋਂ ਤੈਅ ਕੀਤੇ ਨਿਯਮਾਂ ਦੇ ਉਲਟ ਜਾ ਕੇ ਕਾਲੋਨੀਆਂ ਅਤੇ ਵਪਾਰਕ ਥਾਵਾਂ ਬਨਾਉਣ ਦੀ ਆਗਿਆ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਇਸ ਲਈ ਸਾਰੇ ਪੰਜਾਬ ਦਾ ਸਾਥ ਮੇਰੇ ਨਾਲ ਹੈ।ਇਸ ਮੌਕੇ ਸੈਰ ਸਪਾਟਾ ਵਿਭਾਗ ਦੇ ਸੈਕਟਰੀ ਵਿਕਾਸ ਪ੍ਰਤਾਪ ਸਿੰਘ, ਡਾਇਰੈਕਟਰ ਸ਼ਿਵਦੁਲਾਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਉਨਾਂ ਨਾਲ ਸਨ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media