Tuesday, June 23, 2026

ਮਾਸਟਰ ਤਾਰਾ ਸਿੰਘ ਦੇ ਨਾਂਅ `ਤੇ ਹੋਵੇਗਾ ਰੇਲਵੇ ਸਟੇਸ਼ਨ ਨੇੜੇ ਬਣ ਰਹੇ ਪੁੱਲ ਦਾ ਨਾਮ – ਮੰਤਰੀ ਸਿੱਧੂ

ਅੰਮ੍ਰਿਤਸਰ `ਚ ਮਾਸਟਰ ਤਾਰਾ ਸਿੰਘ ਦਾ ਯਾਦਗਾਰੀ ਬੁੱਤ ਵੀ ਲੱਗੇਗਾ

PPN2406201810 ਅੰਮ੍ਰਿਤਸਰ, 24 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਪੰਥਕ ਆਗੂ ਮਾਸਟਰ ਤਾਰਾ ਸਿੰਘ ਦੀ ਯਾਦ ਵਿਚ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਅੰਮਿ੍ਰਤਸਰ ਰੇਲਵੇ ਸਟੇਸ਼ਨ ਨੇੜੇ ਬਣ ਰਹੇ ਨਵੇਂ ਪੁੱਲ ਦਾ ਨਾਮ ਮਾਸਟਰ ਤਾਰਾ ਸਿੰਘ ਦੇ ਨਾਮ ’ਤੇ ਰੱਖਿਆ ਜਾਵੇਗਾ, ਇਸ ਤੋਂ ਇਲਾਵਾ ਪੁੱਲ ’ਤੇ ਬਣਨ ਵਾਲੇ ਚੌਕ ਵਿਚ ਉਨਾਂ ਦਾ ਆਦਮ ਕੱਦ ਬੁੱਤ ਲਗਾਇਆ ਜਾਵੇਗਾ ਅਤੇ ਮਾਸਟਰ ਤਾਰਾ ਸਿੰਘ ਦੇ ਪੁਤਲੀਘਰ ਨੇੜੇ ਸਥਿਤ ਘਰ ਨੂੰ ਜਾਂਦੀ ਗਲੀ ਦਾ ਨਾਮ ਵੀ ਮਾਸਟਰ ਤਾਰਾ ਸਿੰਘ ਦੇ ਨਾਮ ’ਤੇ ਰੱਖਿਆ ਜਾਵੇਗਾ।ਉਨਾਂ ਕਿਹਾ ਕਿ ਇਸ ਤੋਂ ਇਲਾਵਾ ਉਨਾਂ ਦੇ ਪਰਿਵਾਰ ਵਾਲੇ ਜੇਕਰ ਮਾਸਟਰ ਤਾਰਾ ਸਿੰਘ ਦੇ ਘਰ ਦਾ ਕੁੱਝ ਹਿੱਸਾ ਦੇਣ ਤਾਂ ਅਸੀਂ ਉਨਾਂ ਦੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਲਈ ਮਾਸਟਰ ਜੀ ਦੇ ਨਾਮ ’ਤੇ ਮਿਊਜ਼ੀਅਮ ਬਣਾਇਆ ਜਾਵੇਗਾ।ਉਨਾਂ ਕਿਹਾ ਕਿ ਮਾਸਟਰ ਜੀ ਦੀਆਂ ਯਾਦਗਾਰੀ ਵਸਤਾਂ ਜੰਗੇ-ਅਜ਼ਾਦੀ ਮਿਊਜੀਅਮ ਵਿਚ ਵੀ ਰੱਖਣ ਬਾਰੇ ਵੀ ਫੈਸਲਾ ਲਿਆ ਜਾ ਸਕਦਾ ਹੈ, ਤਾਂ ਕਿ ਸਾਡੀ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਤੇ ਕੌਮ ਲਈ ਆਪਾ ਵਾਰਨ ਦੀ ਪ੍ਰੇਰਨਾ ਦੇਣ।PPN2406201811
ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦੇ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਐਲਾਨ ਕਰਦੇ ਕਿਹਾ ਕਿ ਇਹ ਯਾਦਗਾਰ ਉਨਾਂ ਦੇ ਪਰਿਵਾਰ ਦੀ ਇੱਛਾ ਅਨੁਸਾਰ ਬਣਾਈ ਜਾਵੇਗੀ ਅਤੇ ਜਿੱਥੇ ਉਹ ਕਹਿਣਗੇ, ਉਥੇ ਇਹ ਯਾਦਗਾਰ ਬਣੇਗੀ।ਉਨਾਂ ਕਿਹਾ ਕਿ ਮਾਸਟਰ ਤਾਰਾ ਸਿੰਘ ਪੰਥ ਦੇ ਉਹ ਆਗੂ ਸਨ, ਜੋ ਪੀੜ੍ਹੀ ਦਰ ਪੀੜ੍ਹੀ ਲੋਕ ਦਿਲਾਂ ’ਤੇ ਰਾਜ ਕਰਦੇ ਰਹਿਣਗੇ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਪ੍ਰੋਗਰਾਮ ਕਰਵਾਉਣ ਲਈ ਧੰਨਵਾਦ ਕਰਦੇ ਸਿੱਧੂ ਨੇ ਕਿਹਾ ਕਿ ‘ਮੈਂ ਮਰਾਂ-ਮੇਰਾ ਪੰਥ ਜੀਵੇ’ ਦੀ ਸੋਚ ’ਤੇ ਚੱਲਣ ਵਾਲੇ ਨੇਤਾਵਾਂ ਦੀ ਯਾਦ ਵਿਚ ਹੋਏ ਸਮਾਗਮ ਕੌਮਾਂ ਲਈ ਪ੍ਰੇਰਨਾ ਦਾ ਸਰੋਤ ਹਨ।
ਮਾਸਟਰ ਤਾਰਾ ਸਿੰਘ ਨੂੰ ਯਾਦ ਕਰਦਿਆਂ ਸਿੱਧੂ ਨੇ ਕਿਹਾ ਕਿ ਉਹ ਕੌਮ ਦੇ ਅਜਿਹੇ ਆਗੂ ਸਨ, ਜਿੰਨਾਂ ਨੇ ਸਾਰੀ ਉਮਰ ਪੰਥ ਦੇ ਭਲੇ ਅਤੇ ਕੌਮ ਦੀ ਇਕਜੁਟਤਾ ਲਈ ਕੰਮ ਕੀਤਾ ਅਤੇ ਆਪਣਾ ਨਿੱਜ ਤਿਆਗ ਦਿੱਤਾ।ਉਨਾਂ ਕਿਹਾ ਕਿ ਪੰਜਾਬੀਆਂ ਨੂੰ ਚਰਿੱਤਰ ਨਿਰਮਾਣ ਲਈ ਮਾਸਟਰ ਤਾਰਾ ਸਿੰਘ ਵਰਗੇ ਨੇਤਾਵਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ, ਜਿੰਨਾਂ ਨੇ ਦੇਸ਼ ਕੌਮ ਦੇ ਭਲੇ ਲਈ ਨਿੱਜੀ ਹਿੱਤਾਂ ਅਤੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕੰਮ ਕੀਤਾ।
ਸਮਾਗਮ ਨੂੰ ਸੰਬੋਧਨ ਕਰਦੇ ਮਾਸਟਰ ਤਾਰਾ ਸਿੰਘ ਦੇ ਪੋਤ ਨੰੁਹ ਡਾ. ਜਸਪ੍ਰੀਤ ਕੌਰ ਨੇ ਉਨਾਂ ਦੇ ਸੁੰਤਰਤਾ ਸੰਗਰਾਮ, ਗੁਰਦੁਆਰਾ ਸੁਧਾਰ ਲਹਿਰ, ਪੰਜਾਬੀ ਸੂਬੇ ਦੇ ਯੋਗਦਾਨ ਨੂੰ ਯਾਦ ਕਰਦੇ ਕਈ ਅਣਛੂਹੇ ਵਰਕੇ ਸਰੋਤਿਆਂ ਨਾਲ ਸਾਂਝੇ ਕੀਤੇ।ਸੰਤ ਸਿੰਘ ਸੁੱਖਾ ਸਿੰਘ ਸੰਸਥਾਵਾਂ ਦੇ ਚੇਅਰਮੈਨ ਪ੍ਰਿੰਸੀਪਲ ਜਗਦੀਸ਼ ਸਿੰਘ, ਜਿੰਨਾਂ ਨੂੰ ਜਵਾਨੀ ਵਿਚ ਮਾਸਟਰ ਤਾਰਾ ਸਿੰਘ ਨਾਲ ਵਿਚਰਨ ਦਾ ਮੌਕਾ ਮਿਲਿਆ ਨੇ ਦੱਸਿਆ ਕਿ ਉਹ ਆਪ ਗਰੀਬੀ ਵਿਚ ਰਹੇ, ਪਰ ਪੰਥ ਦੇ ਪੈਸੇ ਦੀ ਵਰਤੋਂ ਕਿਸੇ ਫਾਲਤੂ ਕੰਮ ਲਈ ਨਾ ਕੀਤੀ ਅਤੇ ਨਾ ਕਰਨ ਦਿੱਤੀ।
ਇਸ ਮੌਕੇ ਨਵਜੋਤ ਸਿੰਘ ਸਿੱਧੂ ਵੱਲੋਂ ਮਾਸਟਰ ਤਾਰਾ ਸਿੰਘ ਦੇ ਪੋਤਰੇ ਨੁੰਹ ਡਾ. ਜਸਪ੍ਰੀਤ ਕੌਰ ਅਤੇ ਪੜਦੋਤਰੇ ਨਵਰੀਤ ਸਿੰਘ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।ਪ੍ਰੋਗਰਾਮ ਵਿਚ ਗੁਰਿੰਦਰ ਮਕਨਾ ਥੀਏਟਰ ਗਰੁੱਪ ਵੱਲੋਂ ਤੰਦਰੁਸਤ ਪੰਜਾਬ ਦੀ ਬਾਤ ਪਾਉਂਦਾ ਨਾਟਕ ‘ਮੇਰਾ ਖੁਆਬ-ਤੰਦਰੁਸਤ ਪੰਜਾਬ’ ਵੀ ਖੇਡਿਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਸ੍ਰੀ ਐਸ ਐਸ ਸ੍ਰੀਵਾਸਤਾ, ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਤੇ ਸੁਭਾਸ਼ ਸ਼ਰਮਾ, ਡੀ.ਸੀ.ਪੀ ਅਮਰੀਕ ਸਿੰਘ ਪੁਆਰ, ਐਸ.ਡੀ.ਐਮ ਨਿਤੀਸ਼ ਸਿੰਗਲਾ, ਵਿਕਾਸ ਹੀਰਾ, ਡਾ. ਰਜਤ ਉਬਰਾਏ ਤੇ ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ ਤੇ ਕੁਲਦੀਪ ਬਾਵਾ, ਕਾਰਜਾਕਾਰੀ ਮੈਜਿਸਟਰੇਟ ਸ਼ਿਵਰਾਜ ਸਿੰਘ ਬੱਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply