Tuesday, May 21, 2024

ਸੱਤਿਆਜੀਤ ਮਜੀਠੀਆ ਸਰਬਸੰਮਤੀ ਨਾਲ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੁੜ ਪ੍ਰਧਾਨ ਬਣੇ

ਰਾਜਮਹਿੰਦਰ ਸਿੰਘ ਮਜੀਠਾ ਚਾਂਸਲਰ, ਲੋਧੀਨੰਗਲ ਰੈਕਟਰ ਅਤੇ ਛੀਨਾ ਆਨਰੇਰੀ ਸਕੱਤਰ ਚੁਣੇ ਗਏ
ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜਨਰਲ ਇਜਲਾਸ ’ਚ ਕੌਂਸਲ ਦੀ ਨਵੀਂ PPN3006201808ਐਗਜੈਕਟਿਵ ਕਮੇਟੀ ਅਗਲੇ 5 ਸਾਲਾਂ ਲਈ ਸਰਬਸੰਮਤੀ ਨਾਲ ਚੁਣੀ ਗਈ।ਜਿਸ ’ਚ ਸੱਤਿਆਜੀਤ ਸਿੰਘ ਮਜੀਠੀਆ ਪ੍ਰਧਾਨ ਅਤੇ ਰਜਿੰਦਰ ਮੋਹਨ ਸਿੰਘ ਛੀਨਾ ਮੁੜ ਆਨਰੇਰੀ ਸਕੱਤਰ ਚੁਣੇ ਗਏ।ਜਿਨ੍ਹਾਂ ਨੂੰ ਸਰਵਸੰਮਤੀ ਨਾਲ ਸਮੂਹ ਮੈਂਬਰ ਸਾਹਿਬਾਨ ਨੇ ਜੈਕਾਰਿਆਂ ਦੀ ਗੂੰਜ ’ਚ ਹਾਮੀ ਭਰਦਿਆ ਅਹੁੱਦੇ ’ਤੇ ਬਿਰਾਜਮਾਨ ਕੀਤਾ।ਇਸ ਦੌਰਾਨ ਇਤਿਹਾਸਕ ਕੌਂਸਲ ਰਾਜਮਹਿੰਦਰ ਸਿੰਘ ਮਜੀਠਾ ਚਾਂਸਲਰ ਤੇ ਲਖਬੀਰ ਸਿੰਘ ਲੋਧੀਨੰਗਲ ਰੈਕਟਰ ਵਜੋਂ ਚੁਣੇ ਗਏ।
     ਇਸ ਤੋਂ ਪਹਿਲਾ ਕੌਂਸਲ ਦੇ 100 ਮੈਂਬਰਾਂ ਦੀ ਮੀਟਿੰਗ ਕੌਂਸਲ ਦੇ ਮੁੱਖ ਹਾਲ ਵਿਖੇ ਹੋਈ, ਜਿੱਥੇ ਬਹੁਤ ਹੀ ਸੁਖਾਵੇਂ ਅਤੇ ਖੁਸ਼ਮਿਜ਼ਾਜ਼ ਮਾਹੌਲ ’ਚ ਅਹੁੱਦੇਦਾਰਾਂ ਦੀ ਚੋਣ ਸਰਵਸੰਮਤੀ ਨਾਲ ਸੰਪੰਨ ਹੋਈ।ਮਜੀਠੀਆ ਦੇ ਨਾਮ ਦਾ ਮਤਾ ਪੇਸ਼ ਹੁੰਦਿਆਂ ਹੀ ਕੌਂਸਲ ਮੈਂਬਰਾਂ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਬੁਲੰਦ ਕਰਦਿਆਂ ਉਨ੍ਹਾਂ ਨੂੰ ਦੁਬਾਰਾ ਪ੍ਰਧਾਨ ਥਾਪਿਆ।ਮਜੀਠੀਆ ਨੇ ਹਾਜ਼ਰ ਮੈਂਬਰ ਸਾਹਿਬਾਨ ਦਾ ਉਨ੍ਹਾਂ ’ਚ ਦੁਬਾਰਾ ਵਿਸ਼ਵਾਸ਼ ਜਿਤਾਉਣ ’ਤੇ ਉਨ੍ਹਾਂ ਦਾ ਧੰਨਵਾਦ ਕੀਤਾ।
     ਇਸ ਉਪਰੰਤ ਮਜੀਠੀਆ ਨੇ ਆਪਣੇ ਨਵੀਂ ਐਗਜੈਕਟਿਵ ਦੀ ਤਜ਼ਵੀਜ਼ ਰੱਖੀ ਅਤੇ ਉਪ ਪ੍ਰਧਾਨ ਲਈ ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ ਦਾ ਨਾਮ ਪ੍ਰਸਤਾਵਿਤ ਹੋਇਆ, ਜਿਸ ’ਤੇ ਸਰਵਸੰਮਤੀ ਨਾਲ ਮੋਹਰ ਲੱਗੀ। ਐਗਜੈਕਟਿਵ ’ਚ ਪੁਰਾਣੇ ਅਤੇ ਨਵੇਂ ਚਿਹਰਿਆਂ ਜਿੰਨ੍ਹਾਂ ’ਚ ਵਧੀਕ ਆਨਰੇਰੀ ਸਕੱਤਰ ਜਤਿੰਦਰ ਸਿੰਘ ਬਰਾੜ, ਗੁਨਬੀਰ ਸਿੰਘ ਜੁਆਇੰਟ ਸਕੱਤਰ (ਫ਼ਾਈਨਾਂਸ), ਨਿਰਮਲ ਸਿੰਘ ਜੁਆਇੰਟ ਸੈਕਟਰੀ (ਬਿਲਡਿੰਗਜ਼), ਅਜ਼ਮੇਰ ਸਿੰਘ ਹੇਰ ਜੁਆਇੰਟ ਸਕੱਤਰ (ਲੀਗਲ ਅਤੇ ਪ੍ਰਾਪਰਟੀ), ਪ੍ਰਿੰਸੀਪਲ ਜਗਦੀਸ਼ ਸਿੰਘ ਜੁਆਇੰਟ ਸੈਕਟਰੀ (ਰਿਲੀਜਸ), ਸਰਦੂਲ ਸਿੰਘ ਮੰਨਣ ਜੁਆਇੰਟ ਸੈਕਟਰੀ (ਏਡਿਡ ਸਕੂਲਜ਼), ਹਰਮਿੰਦਰ ਸਿੰਘ ਫ਼ਰੀਡਮ ਜੁਆਇੰਟ ਸਕੱਤਰ (ਪਬਲਿਕ ਸਕੂਲਜ਼), ਰਾਜਬੀਰ ਸਿੰਘ ਜੁਆਇੰਟ ਸਕੱਤਰ (ਫ਼ਾਰਮਜ਼ ਐਂਡ ਡੇਅਰੀ) ਅਤੇ ਡਾ. ਕਰਤਾਰ ਸਿੰਘ ਗਿੱਲ ਜੁਆਇੰਟ ਸਕੱਤਰ (ਐਗਰੀਕਲਚਰ ਐਜ਼ੂਕੇਸ਼ਨ) ਨੂੰ ਅਹੁੱਦਿਆਂ ਲਈ ਚੁਣਿਆ ਗਿਆ।
     ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿ ਖਾਲਸਾ ਕਾਲਜ ਸੰਸਥਾਵਾਂ ਜਿੰਨ੍ਹਾਂ ਦੀ ਗਿਣਤੀ 3 ਤੋਂ ਅੱਜ 18 ਹੋ ਗਈ ਹੈ, ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰਨ।ਉਨ੍ਹਾਂ ਕਿਹਾ ਕਿ ਆਉਣ ਵਾਲੇ 5 ਸਾਲ ਇਸ ਨੂੰ ਨਿਸ਼ਚਿਤ ਬਣਾਉਣਗੇ ਕਿ ਖਾਲਸਾ ਕਾਲਜ ਸੰਸਥਾਵਾਂ ’ਚ ਵਿੱਦਿਆ ਮਿਆਰ ਪ੍ਰਦੇਸ਼ ਹੀ ਨਹੀਂ, ਸਗੋਂ ਪੂਰੇ ਦੇਸ਼ ’ਚ ਪ੍ਰਸਿੱਧ ਸੰਸਥਾਵਾਂ ਵਾਂਗ ਹੋਵੇ।ਉਨ੍ਹਾਂ ਨੇ ਪ੍ਰੋਫੈਸ਼ਨਲ ਉਚ ਵਿੱਦਿਆ ਦੇ ਕੋਰਸ ਖੋਲ੍ਹਣ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਗਲੇ 5 ਸਾਲਾਂ ’ਚ ਨਵੇਂ ਇਨਫ਼ਰਾਸਟਰਕਚਰ ਦੇ ਵਿਕਾਸ ’ਤੇ ਖ਼ਾਸ ਧਿਆਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦਾ ਮੁੱਖ ਮਨੋਰਥ ਖ਼ਾਲਸਾ ਮੈਡੀਕਲ ਕਾਲਜ ਦੀ ਸਥਾਪਨਾ ਹੋਵੇਗਾ।
     ਛੀਨਾ ਨੇ ਇਸ ਮੌਕੇ ਕਿਹਾ ਕਿ ਖਾਲਸਾ ਕਾਲਜ ਵਿੱਦਿਅਕ ਸੰਸਥਾਵਾਂ ਆਮ ਲੋਕਾਂ ’ਚ ਪੜ੍ਹਾਈ ਦੇ ਪ੍ਰਸਾਰ ਲਈ ਵਚਨਬੱਧ ਹਨ।ਉਨ੍ਹਾਂ ਕਿਹਾ ਕਿ ਪੁਰਖਿਆਂ ਦੇ ਸੁਪਨੇ ਨੂੰ ਸਕਾਰ ਕਰਦਿਆਂ ਖ਼ਾਲਸਾ ਯੂਨੀਵਰਸਿਟੀ ਸਥਾਪਨਾ ਕੀਤੀ ਗਈ ਸੀ, ਜੋ ਕਿ ਮੌਜ਼ੂਦਾ ਸਰਕਾਰ ਨੇ ਵਿਧਾਨ ਸਭਾ ਦੇ ਐਕਟ ਨੂੰ ਰੀਪੀਲ ਕਰਦਿਆਂ ਬੰਦ ਕਰ ਦਿੱਤੀ ਗਈ ਹੈ, ਜਿਸ ਸਬੰਧੀ ਮੈਨੇਜ਼ਮੈਂਟ ਸੁਪਰੀਮ ਕੋਰਟ ’ਚ ਕਾਨੂੰਨੀ ਲੜਾਈ ਲੜ ਰਹੀ ਹੈ।ਉਨ੍ਹਾਂ ਕਿਹਾ ਕਿ ਜਦੋਂ ਤੋਂ ਮੌਜੂਦਾ ਮੈਨੇਜ਼ਮੈਂਟ ਹੋਂਦ ’ਚ ਆਈ ਖ਼ਾਲਸਾ ਕਾਲਜ ਸੰਸਥਾਵਾਂ ਨੇ ਇਤਿਹਾਸਕ ਤਰੱਕੀ ਦਰਜ ਕੀਤੀ ਹੈ, ਜਿਸ ਨੂੰ ਅੱਗੇ ਤੋਂ ਜਾਰੀ ਰੱਖਿਆ ਜਾਵੇਗਾ।
     ਛੀਨਾ ਨੇ ਕਿਹਾ ਕਿ ਨਾ ਸਿਰਫ਼ ਵਿੱਦਿਆ ਦੇ ਖ਼ੇਤਰ ਬਲਕਿ ਉਨ੍ਹਾਂ ਦੇ ਵਿਦਿਆਰਥੀ ਖੇਡ ਜਗਤ ਅਤੇ ਸੱਭਿਆਚਾਰ ਤੇ ਵਿਰਸੇ ਦੀ ਸੰਭਾਲ ਦੇ ਖ਼ੇਤਰ ’ਚ ਅਹਿਮ ਭੂਮਿਕਾ ਨਿਭਾਅ ਰਹੇ ਹਨ ਅਤੇ ਉਹ ਪੜ੍ਹਿਆ-ਲਿਖਿਆ ਤੇ ਸੁਹਿਰਦ ਸਮਾਜ ਬਣਾਉਣ ’ਚ ਦਿਨ-ਰਾਤ ਮਿਹਨਤ ਕਰਨਗੇ। ਇਸ ਮੌਕੇ ਕੌਂਸਲ ਵੱਲੋਂ ਮੈਨੇਜਿੰਗ ਕਮੇਟੀ ਦੇ ਮੈਂਬਰ ਸਾਹਿਬਾਨ ਦੀ ਵੀ ਚੋਣ ਕੀਤੀ ਗਈ ਜਿਨ੍ਹਾਂ ’ਚ ਡਾ. ਸੰਤੋਖ ਸਿੰਘ, ਪਰਮਜੀਤ ਸਿੰਘ ਬੱਲ, ਅਮਰੀਕ ਸਿੰਘ ਭੁੱਲਰ, ਅਜੀਤ ਸਿੰਘ ਬਸਰਾ, ਹਰਜੀਤ ਸਿੰਘ ਚੱਢਾ, ਗੁਰਪ੍ਰੀਤ ਸਿੰਘ ਗਿੱਲ, ਅਸਪਾਨ ਸਿੰਘ ਭੱਟੀ, ਹਰਭਜਨ ਸਿੰਘ ਚੀਮਾ, ਮਨਜੀਤ ਸਿੰਘ, ਸਰਬਜੀਤ ਸਿੰਘ, ਐਸ.ਐਸ ਸੇਠੀ, ਸੁਰਿੰਦਰ ਸਿੰਘ, ਸਵਰਨ ਸਿੰਘ, ਸੁਖਦੇਵ ਸਿੰਘ ਅਬਦਾਲ ਅਤੇ ਸ਼ਿਵਦੇਵ ਆਦਿ ਚੁਣੇ ਗਏ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply