ਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਨੂੰ ਨਸ਼ੇ ਤੋਂ ਮੁੱਕਤ ਕਰਵਾਉਣ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀ ਧਮਕੀ ਕਾਰਨ ਪੰਜਾਬ ਵਿਚ ਨਸ਼ੇ ਦੀ ਸਪਲਾਈ ਲਾਇਨ ਟੁੱਟਣ ਲੱਗੀ ਹੈ ਅਤੇ ਨਸ਼ਾ ਨਾ ਮਿਲਣ ਕਾਰਨ ਪਿੰਡਾਂ ਤੇ ਸ਼ਹਿਰਾਂ ਵਿਚੋਂ ਨਸ਼ੇ ਕਰਨ ਵਾਲੇ ਨੌਜਵਾਨ ਖ਼ੁਦ ਨਸ਼ਾ ਛੁਡਾਊ ਕੇਂਦਰਾਂ ਵਿਚ ਪਹੁੰਚ ਕਰਨ ਲੱਗੇ ਹਨ।ਅੰਮ੍ਰਿਤਸਰ ਜਿਲ੍ਹੇ ਵਿਚ ਇਸ ਵੇਲੇ 9 ਓਟ ਕੇਂਦਰ ਚੱਲ ਰਹੇ ਹਨ, ਜਿੱਥੇ ਨਸ਼ੇੜੀ ਨੌਜਵਾਨਾਂ ਨੂੰ ਕੇਵਲ ਨਸ਼ੇ ਛੱਡਣ ਦੀ ਦਵਾਈ ਹੀ ਨਹੀਂ ਦਿੱਤੀ ਜਾਂਦੀ ਹੈ, ਬਲਕਿ ਉਥੇ ਨਸ਼ਾ ਛੱਡਣ ਮਗਰੋਂ ਮੁੜ ਨਵੀਂ ਜਿੰਦਗੀ ਦੀ ਸ਼ੁਰੂਆਤ ਕਰਵਾਉਣ ਲਈ ਮੁੜ ਵਸੇਬਾ ਕੇਂਦਰ ਖੋਲਿਆ ਗਿਆ ਹੈ। ਓਟ ਕੇਂਦਰ ਵਿਚ ਦਵਾਈ ਦੀ ਨਿਰੰਤਰ ਸਪਲਾਈ ਦੀ ਹਦਾਇਤ ਦੇ ਨਾਲ ਹੀ ਡਿਪਟੀ ਕਮਿਸ਼ਨਰ ਵਲੋਂ ਨੌਜਵਾਨਾਂ ਦੀ ਵੱਧ ਰਹੀ ਸੰਖਿਆ ਨੂੰ ਧਿਆਨ ਵਿਚ ਰੱਖ ਕੇ ਸਿਹਤ ਵਿਭਾਗ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਹੋ ਕੇ ਇਲਾਜ ਕਰਵਾਉਣ ਵਾਲੇ ਨੌਜਵਾਨਾਂ ਲਈ ਬੈਡ, ਗੱਦੇ, ਲੰਗਰ, ਖੇਡਣ ਲਈ ਸਮਾਨ, ਪੜਨ ਲਈ ਕਿਤਾਬਾਂ ਆਦਿ ਦਾ ਪ੍ਰਬੰਧ ਕਰਨ ਲਈ ਕਿਹਾ ਹੈ।
ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ ਤੇ ਰੈਡ ਕਰਾਸ ਸੈਕਟਰੀ ਵਲੋਂ ਅੱਜ ਨਸ਼ਾ ਛੁਡਾਊ ਕੇਂਦਰਾਂ ਦੇ ਪ੍ਰਬੰਧ ਵੇਖੇ ਗਏ ਅਤੇ ਇਥੇ ਹੋਰ ਬੈਡ ਮਹੁੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ।ਉਨਾਂ ਦੱਸਿਆ ਕਿ ਡਾਕਟਰ ਦੀ ਸਲਾਹ ਨਾਲ ਇਥੇ ਹੋਰ ਬੈਡ, ਖੇਡਾਂ ਦਾ ਹੋਰ ਸਮਾਨ ਤੇ ਕਿਤਾਬਾਂ ਦੇਣ ਦਾ ਫੈਸਲਾ ਲਿਆ ਗਿਆ ਹੈ।ਉਨਾਂ ਦੱਸਿਆ ਕਿ ਪਹਿਲਾਂ ਨਸ਼ਾ ਛੱਡਣ ਵਾਲੇ ਨੌਜਵਾਨ ਕੋਲੋਂ ਰੋਟੀ ਦਾ ਖਰਚਾ ਲਿਆ ਜਾਂਦਾ ਸੀ, ਪਰ ਡਿਪਟੀ ਕਮਿਸ਼ਨਰ ਸੰਘਾ ਦੀ ਹਦਾਇਤ ’ਤੇ ਇਹ ਮੁਫਤ ਕਰ ਦਿੱਤਾ ਗਿਆ ਹੈ ਅਤੇ ਨੌਜਵਾਨਾਂ ਤੇ ਉਨਾਂ ਨਾਲ ਆਉਂਦੇ ਮਾਪਿਆਂ ਤੇ ਹੋਰ ਰਿਸ਼ਤੇਦਾਰ ਦੀ ਰੋਟੀ ਲਈ ਸ਼੍ਰੋਮਣੀ ਕਮੇਟੀ ਨੂੰ ਲੰਗਰ ਦੇਣ ਦੀ ਅਪੀਲ ਕੀਤੀ ਗਈ ਸੀ, ਜਿਸ ਨੂੰ ਉਨਾਂ ਖਿੜੇ ਮੱਥੇ ਪ੍ਰਵਾਨ ਕਰਕੇ ਲੰਗਰ ਭੇਜਣਾ ਸ਼ੁਰੂ ਕਰ ਦਿੱਤਾ ਹੈ। ਉਨਾਂ ਇਸ ਸਹਿਯੋਗ ਲਈ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੇਕਰ ਇਸੇ ਤਰਾਂ ਧਾਰਮਿਕ, ਗੈਰ ਸਰਕਾਰੀ ਸੰਸਥਾਵਾਂ ਤੇ ਹੋਰ ਲੋਕ ਸਹਾਇਤਾ ਲਈ ਅੱਗੇ ਆਉਂਦੇ ਰਹੇ ਤਾਂ ਆਉਣ ਵਾਲੇ ਕੁੱਝ ਇਕ ਮਹੀਨਿਆਂ ਵਿਚ ਸਾਡਾ ਜਿਲ੍ਹਾ ਨਸ਼ੇ ਤੋਂ ਮੁੱਕਤ ਹੋ ਜਾਵੇਗਾ।
Check Also
ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ ਵੱਲੋਂ ਰਾਸ਼ਟਰੀ ਪੋਸ਼ਣ ਹਫ਼ਤੇ ਦਾ ਆਯੋਜਨ
ਅੰਮ੍ਰਿਤਸਰ, 12 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ, ਅੰਮ੍ਰਿਤਸਰ ਵਿਖੇ ਪੀ.ਜੀ. ਹੋਮ …
Punjab Post Daily Online Newspaper & Print Media