ਅੰਮ੍ਰਿਤਸਰ, 30 ਜੁਲਾਈ (ਪੰਜਾਬ ਪੋਸਟ – ਮਨਜੀਤ ਸਿੰਘ) – ਲੋਕ ਸਭਾ ਚੋਣਾਂ-2019 ਲਈ ਵਰਤੀਆਂ ਜਾਣ ਵਾਲੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੇ ਪਹਿਲੇ ਪੱਧਰ ਦੀ ਚੈਕਿੰਗ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅੰਮ੍ਰਿਤਸਰ ਸ: ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਬੀ.ਈ.ਐਲ (ਭਾਰਤ ਇਲੈਕਟ੍ਰਾਨਿਕ ਲਿਮਟਿਡ) ਕੰਪਨੀ ਬੰਗਲੌਰ ਦੇ ਇੰਜੀਨੀਅਰਾਂ ਵੱਲੋਂ ਕੀਤੀ ਗਈ।ਚੋਣ ਦਫ਼ਤਰ ਵਿਖੇ ਇੰਜੀਨੀਅਰਾਂ ਵੱਲੋਂ ਜ਼ਿਲ੍ਹਾ ਚੋਣ ਅਫ਼ਸਰ ਨੂੰ ਬਾਰੀਕੀ ਨਾਲ ਈ.ਵੀ.ਐਮ ਮਸ਼ੀਨਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੀ ਚੱਲਣ ਦੀ ਪ੍ਰਕਿਰਿਆ ਸਬੰਧੀ ਵਿਸਥਾਰ ਨਾਲ ਦੱਸਿਆ।
ਡਿਪਟੀ ਕਮਿਸ਼ਨਰ ਨੇ ਬੀ.ਈ.ਐਲ ਇੰਜੀਨੀਅਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਹਰੇਕ ਈ.ਵੀ.ਐਮ (ਇਲੈਕਟ੍ਰਾਨਿਕ ਵੋਟਿੰਗ ਮਸ਼ੀਨ) ਨੂੰ ਚੰਗੀ ਤਰਾਂ ਚੈਕ ਕੀਤਾ ਜਾਵੇ ਤਾਂ ਜੋ ਪੋਲਿੰਗ ਮੌਕੇ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆ ਸਕੇ। ਉਨ੍ਹਾਂ ਨਾਲ ਹੀ ਨੋਡਲ ਅਫ਼ਸਰ ਨੂੰ ਹਦਾਇਤ ਕੀਤੀ ਕਿ ਈ.ਵੀ.ਐਮ ਮੈਨੇਜਮੈਂਟ ਸੈਲ ਨੂੰ ਪੂਰੀ ਨਿਗਰਾਨੀ ਨਾਲ ਕੰਮ ਨੂੰ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ ਜਾਣ।ਜ਼ਿਲ੍ਹਾ ਚੋਣ ਅਫ਼ਸਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ-2019 ਸਮੇਂ ਐਮ-2013 ਮਾਡਲ ਦੀਆਂ ਮਸ਼ੀਨਾਂ ਦੀ ਪਹਿਲੀ ਵਾਰ ਵਰਤੋਂ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਚੈਕਿੰਗ ਦੇ ਕੰਮ ਦੀ ਨਿਗਰਾਨੀ ਲਈ ਰਾਜਨੀਤਿਕ ਪਾਰਟੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਇਸ ਮੌਕੇ ਸ੍ਰੀ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਤਹਿਸੀਲਦਾਰ ਚੋਣਾਂ ਸ਼੍ਰੀ ਰਾਕੇਸ਼ ਥਾਪਰ, ਚੋਣ ਕਾਨੂੰਨਗੋ ਸ਼੍ਰੀ ਰਜਿੰਦਰ ਸਿੰਘ, ਮਨਮੋਹਨ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।
Punjab Post Daily Online Newspaper & Print Media