ਰੀੜ ਦੀ ਹੱਡੀ ਦੇ ਦਰਦ ਨੂੰ ਅਣਗੌਲਿਆ ਕਰਨਾ ਬਣ ਸਕਦੀ ਹੈ ਵੱਡੀ ਮੁਸੀਬਤ
ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਰੀੜ ਦੀ ਹੱਡੀ ਦੇ ਦਰਦ ਅਤੇ ਇਲਾਜ ਬਾਰੇ ਵਿਸ਼ਵ ਭਰ ਵਿਚ ਪ੍ਰਸਿਧ ਡਾਕਟਰਾਂ ਦੀ ਸੰਸਥਾ
ਐਸੋਸੀਏਸ਼ਨ ਆਫ ਸਪਾਈਨ ਸਰਜਨ ਆਫ ਇੰਡੀਆ ਵੱਲੋਂ ਅੰਮ੍ਰਿਤਸਰ ਵਿਚ ਕਰਵਾਈ ਜਾ ਰਹੀ ਤਿੰਨ ਰੋਜ਼ਾ ਵਰਕਸ਼ਾਪ (ਇੰਸਟਰੈਕਸ਼ਨਲ ਕੋਰਸ ਇਨ ਸਪਾਈਨ 2018) ਦੇ ਉਦਘਾਟਨੀ ਸਮਾਗਮ ਮੌਕੇ ਇਕੱਠੇ ਹੋਏ ਡਾਕਟਰਾਂ ਨੇ ਹੁਣ ਤੱਕ ਦੀ ਕੀਤੀ ਗਈ ਖੋਜ ਅਤੇ ਤਜ਼ਰਬੇ ਸਾਂਝੇ ਕਰਦੇ ਕਿਹਾ ਕਿ ਰੀੜ ਦੀ ਹੱਡੀ ਦੇ ਦਰਦ ਨੂੰ ਅਣਗੌਲੇ ਕਰਨਾ ਮਰੀਜ਼ ਲਈ ਵੱਡੀ ਸਮੱਸਿਆ ਬਣ ਸਕਦਾ ਹੈ।ਉਨਾਂ ਦੱਸਿਆ ਕਿ ਭਾਰਤ ਵਿਚ ਜ਼ਿਆਦਾ ਸਮਾਂ ਬੈਠੇ ਰਹਿਣ ਦੀ ਆਦਤ ਜਾਂ ਬੈਠ ਕੇ ਲੰਮਾ ਸਮਾਂ ਕੰਮ ਕਰਨ ਦੀ ਮਜ਼ਬੂਰੀ ਕਰਾਨ ਇਹ ਸਮੱਸਿਆ ਵੱਧ ਰਹੀ ਹੈ।
ਵਰਕਸ਼ਾਪ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਬਾਬਾ ਫਰੀਦ ਸਿਹਤ ਸਾਇੰਸ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਨੇ ਕਿਹਾ ਕਿ ਨੌਜਵਾਨਾਂ ਦੇ ਨਾਲ-ਨਾਲ ਬੱਚਿਆਂ ਵਿਚ ਵੱਧ ਰਹੀ ਰੀੜ੍ਹ ਦੀ ਹੱਡੀ ਦਾ ਦਰਦ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ, ਇਸ ਦਾ ਮੁੱਖ ਕਾਰਨ ਸਾਡਾ ਆਲਸੀ ਕਿਸਮ ਦਾ ਜੀਵਨ ਹੈ, ਜਿਸ ਵਿਚ ਕੰਮ ਲਈ ਲੰਮਾ ਸਮਾਂ ਬੈਠਣਾ ਪੈਂਦਾ ਹੈ ਅਤੇ ਕਸਰਤ ਕਰਨ ਦੀ ਰੁਚੀ ਵੀ ਬਹੁਤ ਘੱਟ ਹੈ।ਉਨਾਂ ਕਿਹਾ ਕਿ ਰੀੜ ਦੀ ਹੱਡੀ ਦੇ ਦਰਦ ਨਾਲ ਜਿੱਥੇ ਕੰਮ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ, ਉਥੇ ਇਨਸਾਨ ਛੋਟੀ ਉਮਰ ਵਿਚ ਹੀ ਬੁੱਢਾ ਹੋ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਰੀੜ ਦੀ ਹੱਡੀ ਦੇ ਦਰਦ ਨੂੰ ਹਲਕੇ ਵਿਚ ਨਾ ਲੈ ਕੇ ਬਜਾਏ ਓਹੜ-ਪੋਹੜ ਜਾਂ ਘਰੇਲੂ ਨੁਸਖੇ’ ਅਪਨਾਉਣ ਦੇ ਇਸ ਦਾ ਸਮੇਂ ਸਿਰ ਮਾਹਿਰ ਡਾਕਟਰਾਂ ਕੋਲੋਂ ਇਲਾਜ ਕਰਵਾਇਆ ਜਾਵੇ।
ਡਾਕਟਰਾਂ ਨੇ ਦੱਸਿਆ ਕਿ ਭਾਰਤ ਵਿਚ ਬੈਠਣ ਦੇ ਗਲਤ ਢੰਗ, ਮੋਟਾਪਾ, ਕਸਰਤ ਵਿਚ ਕਮੀ ਆਦਿ ਕਾਰਨ ਲਗਭਗ 28 ਫੀਸਦੀ ਨੌਜਵਾਨ ਰੀੜ ਦੀ ਹੱਡੀ ਦੇ ਦਰਦ ਤੋਂ ਪਰੇਸ਼ਾਨ ਹਨ, ਜੋ ਕਿ ਬਹੁਤ ਵੱਡੀ ਗਿਣਤੀ ਹੈ।ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਡਾਕਟਰਾਂ ਵੱਲੋਂ ਕਾਨਫਰੰਸ ਲਈ ਗੁਰੂ ਨਗਰੀ ਨੂੰ ਚੁਣਨ ’ਤੇ ਧੰਨਵਾਦ ਕੀਤਾ ਅਤੇ ਜੀ ਆਇਆਂ ਕਿਹਾ।ਉਨਾਂ ਕਿਹਾ ਕਿ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਦੇਸ਼ ਭਰ ਵਿਚੋਂ ਡਾਕਟਰ ਇਸ ਕਾਨਫਰੰਸ ਵਿਚ ਹਿੱਸਾ ਲੈਣ ਲਈ ਅੰਮ੍ਰਿਤਸਰ ਪਹੁੰਚੇ ਹਨ, ਜਿਸ ਦਾ ਵੱਡਾ ਲਾਭ ਸਾਡੇ ਡਾਕਟਰੀ ਪੇਸ਼ੇ ਨਾਲ ਜੁੜੇ ਪੇਸ਼ੇਵਰਾਂ ਅਤੇ ਇਸ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ ’ਤੇ ਮਿਲੇਗਾ।
ਕਾਨਫਰੰਸ ਵਿਚ ਹੋਰਨਾਂ ਤੋਂ ਇਲਾਵਾ ਪ੍ਰਬੰਧਕੀ ਚੇਅਰਮੈਨ ਡਾ. ਸ਼ੰਕਰ ਅਚਾਰੀਆ, ਪ੍ਰਬੰਧਕੀ ਸਕੱਤਰ ਡਾ. ਆਰ. ਐਸ ਚਾਹਲ, ਡਾ. ਬੀ ਐਸ ਵਾਲੀਆ, ਡਾ. ਅਨਿਲ ਅਤੇ ਹੋਰ ਸੀਨੀਅਰ ਡਾਕਟਰ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media