ਚੋਣ ਕਮਿਸ਼ਨ ਬਲਾਕ ਸੰਮਤੀ ਤੇ ਜਿਲਾ ਪ੍ਰੀਸ਼ਦ ਚੋਣਾਂ ਕਰੇ ਰੱਦ – ਹਰਪਾਲ ਚੀਮਾ
ਬਠਿੰਡਾ, 10 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਠਿੰਡਾ ਪੁੱਜੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੁਮਾਇੰਦੇ ਹਰਪਾਲ ਸਿੰਘ ਚੀਮਾ ਨੇ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਕੈਪਟਨ ਸਰਕਾਰ ਵੱਲੋਂ ਹਾਈਜੈਕ ਕਰਨ ਦੇ ਦੋਸ਼ ਲਾਉਦਿਆਂ ਇਹਨਾ ਚੋਣਾਂ ਨੂੰ ਰੱਦ ਕਰਨ ਦੀ ਮੰਗ ਕੀਤੀ।ਉਹ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕੀਤੇ ਗਏ ਜੋਨ ਗਿੱਲ ਕਲਾਂ ਜਿਲ੍ਹਾ ਪ੍ਰੀਸ਼ਦ ਉਮੀਦਵਾਰ ਹਰਿੰਦਰ ਸਿੰਘ ਹਿੰਦਾ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਆਏ ਹਨ ਜਿਹਨਾ ਨੇ ਇਸ ਘਟਨਾ ਦੀ ਸਾਰੀ ਸੱਚਾਈ ਦੱਸੀ ਅਤੇ ਇਸ ਲਈ ਕੈਪਟਨ ਸਰਕਾਰ ਨੂੰ ਦੋਸ਼ੀ ਕਰਾਰ ਦਿੱਤਾ।ਪੱਤਰਕਾਰ ਵਾਰਤਾ ਦੌਰਾਨ ਚੀਮਾ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਆਪਣੀ ਹਾਰ ਨੂੰ ਦੇਖ ਕੇ ਬੌਖਲਾਹਟ ਵਿੱਚ ਵਿਰੋਧੀ ਧਿਰ ਆਪ ਦੇ ਉਮੀਦਵਾਰਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ।ਜਿਥੇ ਕਾਗਜ ਦਾਖਲ ਨਹੀਂ ਕਰਵਾਏ ਗਏ, ਉਥੇ ਹੀ ਨਾਮਜ਼ੱਦ ਕੀਤੇ ਪੱਤਰਾਂ ਵਿੱਚ ਜਾਣਬੁੱਝ ਕੇ ਬੇਬੁਨਿਆਦ ਦੋਸ਼ ਲਾ ਕੇ ਕਾਗਜ ਰੱਦ ਕੀਤੇ ਜਾ ਰਹੇ ਹਨ। ਉਨ੍ਹਾਂ ਹਿੰਦਾ ਨੂੰ ਜੇਤੂ ਉਮੀਦਵਾਰ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਇਹ ਕਤਲ ਸਿਆਸੀ ਸਾਜਿਸ਼ਾਂ ਤਹਿਤ ਕੀਤਾ ਗਿਆ ਹੈ, ਜਿਸ ਦੇ ਪਿੱਛੇ ਡੂੰਘੀ ਸਾਜਿਸ਼ ਹੈ ਤੇ ਉਹ ਪੰਜਾਬ ਪੁਲਿਸ ਨੂੰ ਤਾੜਨਾ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਚੇਹਰੇ ਬੇਨਕਾਬ ਕੀਤੇ ਜਾਣ ਨਹੀਂ ਤਾਂ ਆਪ ਤਿੱਖੇ ਸੰਘਰਸ ਲਈ ਮਜਬੂਰ ਹੋਵੇਗੀ।
ੱਇਸ ਮੌਕੇ ਪੰਜਾਬ ਕਨਵੀਨਰ ਡਾ. ਬਲਵੀਰ ਸਿੰਘ ਨੇ ਦੋਸ਼ ਲਾਏ ਕਿ ਅੱਜ ਪੰਜਾਬ ਦੇ ਹਾਲਾਤ 1991 ਵਾਲੇ ਬਣ ਚੁੱਕੇ ਹਨ ਜਦੋਂ ਸੂਬੇ ਦੀ ਅਮਨ ਕਾਨੂੰੂਨੀ ਦੀ ਸਥਿਤੀ ਖਰਾਬ ਹੋਣ ਕਰਕੇ ਵਿਧਾਨ ਸਭਾ ਚੋਣਾਂ ਰੱਦ ਕਰਨੀਆਂ ਪਈਆਂ ਸਨ ਤੇ ਹੁਣ ਵੀ ਉਹੀ ਹਾਲਾਤ ਹਨ ਇਸ ਲਈ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਠੀਕ ਹੋਣ ਤੋਂ ਬਾਅਦ ਹੀ ਪੈਰਾਮਿਲਟਰੀ ਫੋਰਸ ਦੀ ਤਾਇਨਾਤੀ ਹੇਠ ਹੀ ਚੋਣਾਂ ਕਰਵਾਈਆਂ ਜਾਣ, ਕਿਉਂਕਿ ਅੱਜ ਪੰਜਾਬ ਵਿੱਚ ਗੁਰੂ ਸਾਹਿਬ ਅਤੇ ਉਮੀਦਵਾਰ ਹੀ ਸੁਰੱਖਿਆ ਨਹੀਂ ਰਹਿ ਗਏ।ਪਹਿਲਾਂ ਸਿਆਸੀ ਪਾਰਟੀਆਂ ਵੋਟਰਾਂ ਨੂੰ ਕੁੱਟਦੀਆਂ ਅਤੇ ਚੋਣਾਂ ਲੁੱਟਦੀਆਂ ਸਨ, ਪਰ ਹੁਣ ਤਾਂ ਉਮੀਦਵਾਰਾਂ ਦਾ ਕਤਲ ਹੀ ਕੀਤਾ ਜਾ ਰਿਹਾ ਹੈ।ਆਗੂਆਂ ਨੇ ਕਿਹਾ ਕਿ ਆਪ ਪਾਰਟੀ ਪਿੰਡ ਦੀ ਪੰਚਾਇਤ ਅਤੇ ਪਰਿਵਾਰਕ ਮੈਂਬਰਾਂ ਨਾਲ ਖੜ੍ਹੀ ਹੈ।
Punjab Post Daily Online Newspaper & Print Media