Saturday, March 14, 2026

ਵਿਆਹ ਪੁਰਬ ਦੌਰਾਨ ਸੁਰੱਖਿਆ ਲਈ ਤਾਇਨਾਤ ਹੋਵੇਗੀ 5 ਜ਼ਿਲਿਆਂ ਦੀ ਪੁਲਿਸ

ਸੁਰਖਿਆ ਦੇ ਪੱਖੋਂ 7 ਸੈਕਟਰਾਂ ਵਿੱਚ ਵੰਡਿਆ ਬਟਾਲਾ ਸ਼ਹਿਰ ਨੂੰ

Opinderjit S Ghuman SSP Batalaਬਟਾਲਾ, 13 ਸਤੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਸੁਰੱਖਿਆ ਦੇ ਪੁੱਖਤਾ ਇੰਤਜ਼ਾਮ ਕੀਤੇ ਗਏ ਹਨ। ਐਸ.ਐਸ.ਪੀ ਬਟਾਲਾ ਓਪਿੰਦਰਜੀਤ ਸਿੰਘ ਘੁੰਮਣ ਨੇ ਸੁਰੱਖਿਆ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਬਟਾਲਾ ਪੁਲਿਸ ਨੇ ਸੁਰਖਿਆ ਦਾ ਸਾਰਾ ਖਾਕਾ ਤਿਆਰ ਕਰ ਲਿਆ ਗਿਆ ਹੈ ਅਤੇ ਪੂਰੇ ਬਟਾਲਾ ਸ਼ਹਿਰ ਨੂੰ ਸੁਰੱਖਿਆ ਛਤਰੀ ਨਾਲ ਢੱਕ ਦਿੱਤਾ ਜਾਵੇਗਾ।
 ਉਨਾਂ ਦੱਸਿਆ ਕਿ ਬਟਾਲਾ ਪੁਲੀਸ ਸਮੇਤ 4 ਹੋਰ ਜ਼ਿਲਿਆਂ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਅਤੇ ਅੰਮ੍ਰਿਤਸਰ ਦੀ ਪੁਲੀਸ ਬਟਾਲਾ ਸ਼ਹਿਰ ਦੀ ਸੁਰੱਖਿਆ ਦਾ ਜਿੰਮਾ ਸੰਭਾਲ ਰਹੀ ਹੈ।ਸਾਰੇ ਸੁਰਖਿਆ ਪ੍ਰਬੰਧਾਂ ਦੀ ਕਮਾਂਡ ਉਹ ਖੁੱਦ ਕਰਨਗੇ ਅਤੇ ਉਨਾਂ ਦੇ ਨਾਲ 4 ਐਸ.ਪੀ, 12 ਡੀ.ਐਸ.ਪੀ ਅਤੇ 27 ਇੰਸਪੈਕਟਰ ਪੱਧਰ ਦੇ ਅਧਿਕਾਰੀ ਤਾਇਨਾਤ ਰਹਿਣਗੇ।ਐਸ.ਐਸ.ਪੀ ਬਟਾਲਾ ਉਪਿੰਦਰਜੀਤ ਸਿੰਘ ਨੇ ਦੱਸਿਆ ਕਿ ਪੂਰੇ ਬਟਾਲਾ ਸ਼ਹਿਰ ਨੂੰ 7 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਸੰਗਤਾਂ ਦੀ ਸੁਰੱਖਿਆ ਲਈ ਬਟਾਲਾ ਵਿਚ 1700 ਪੁਲੀਸ ਮੁਲਾਜਮਾਂ ਨੂੰ ਤਾਇਨਾਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਸ਼ਹਿਰ ਦੇ 2 ਪ੍ਰਮੁੱਖ ਸੈਕਟਰਾਂ ਵਿੱਚ ਇੱਕ-ਇੱਕ ਐਸਪੀ ਅਤੇ ਇੱਕ-ਇੱਕ ਡੀ.ਐਸ.ਪੀ ਰੈਂਕ ਦੇ ਅਧਿਕਾਰੀ ਇੰਚਾਰਜ ਹੋਣਗੇ ਅਤੇ ਬਾਕੀ ਪੰਜ ਸੈਕਟਰਾਂ ਦੇ ਇੰਚਾਰਜ ਡੀ.ਐਸ.ਪੀ ਰੈਂਕ ਦੇ ਅਧਿਕਾਰੀ ਹੋਣਗੇ।
ਐਸ.ਐਸ.ਪੀ ਬਟਾਲਾ ਨੇ ਦਸਿਆ ਕਿ 15 ਅਤੇ 16 ਸਤੰਬਰ ਨੂੰ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਨਾਲ 2 ਐਸ.ਪੀ ਅਤੇ 2 ਡੀ.ਐਸ.ਪੀ ਤਾਇਨਾਤ ਰਹਿਣਗੇ।ਇਸ ਤੋਂ ਇਲਾਵਾ ਸ਼ਹਿਰ ਵਿੱਚ 9 ਪੁਲੀਸ ਹੈਲਪ ਸੈਂਟਰ ਬਣਾਏ ਜਾਣਗੇ ਤਾਂ ਕਿ ਮੇਲੇ ਵਿੱਚ ਪਹੁੰਚੀ ਸੰਗਤ ਨੂੰ ਜੇਕਰ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਆਵੇ ਤਾਂ ਉਹ ਤੁਰੰਤ ਪੁਲੀਸ ਨਾਲ ਸੰਪਰਕ ਕਰ ਸਕੇ।ਉਨਾਂ ਦੱਸਿਆ ਇਨਾਂ ਸਹਾਇਤਾ ਕੇਂਦਰਾਂ ਵਿੱਚ ਮੈਡੀਕਲ ਟੀਮਾਂ ਵੀ ਤਾਇਨਾਤ ਕੀਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਨੂੰ ਸਖਤ ਕਰਨ ਲਈ ਡਰੋਨ ਦਾ ਇਸਤੇਮਾਲ ਵੀ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਵਿਆਹ ਪੁਰਬ ਦੌਰਾਨ ਸਮਾਜ ਵਿਰੋਧੀ ਅਤੇ ਸ਼ਰਾਰਤੀ ਅਨਸਰਾਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ ਅਤੇ ਬੁਲਟ ਮੋਟਰਸਾਈਕਲਾਂ ਨਾਲ ਪਟਾਕੇ ਮਾਰ ਕੇ ਮਾਹੌਲ ਖਰਾਬ ਕਰਨ ਵਾਲਿਆਂ ਅਤੇ ਟਰੈਕਟਰਾਂ `ਤੇ ਉਚੀ ਅਵਾਜ਼ ਵਿੱਚ ਸਪੀਕਰ ਲਗਾਉਣ ਵਾਲਿਆਂ ਖਿਲਾਫ਼ ਵੀ ਸਖਤੀ ਕੀਤੀ ਜਾਵੇਗੀ।ਉਨਾਂ ਕਿਹਾ ਕਿ ਜੇਬ ਕਤਰਿਆਂ ਨੂੰ ਫੜਨ ਲਈ 4 ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਭੀੜ ਵਾਲੀਆਂ ਥਾਵਾਂ `ਤੇ ਤਿੱਖੀ ਨਜ਼ਰ ਰੱਖਣਗੀਆਂ। ਉਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਪਵਿੱਤਰ ਪੁਰਬ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਮਨਾਉਣ ਅਤੇ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨ
 

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply