ਪਠਾਨਕੋਟ, 23 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਿੱਚ
ਪਠਾਨਕੋਟ ਸਥਿਤ ਮਿੱਟੀ ਪਰਖ ਪ੍ਰਯੋਗਸ਼ਾਲਾ ਵਿੱਚ ਬਤੌਰ ਭੌਂਅ ਪਰਖ ਅਫਸਰ ਕਮ ਬਲਾਕ ਖੇਤੀਬਾੜੀ ਅਫਸਰ ਵਜੋਂ ਤਾਇਨਾਤ ਡਾ. ਅਮਰੀਕ ਸਿੰਘ ਨੂੰ ਖੇਤੀ ਪਸਾਰ ਸੇਵਾਵਾਂ ਵਿੱਚ ਵਿਲੱਖਣ ਕਾਰਗੁਜ਼ਾਰੀ ਦਿਖਾਉਣ ਤੇ “ਬੇਹਤਰ ਪਸਾਰ ਕਾਮੇ”ੇ ਦੇ ਖਿਤਾਬ ਨਾਲ ਤਿੰਨ ਰੋਜਾ ਕਿਸਾਨ ਮੇਲੇ ਦੇ ਦੂਜੇ ਦਿਨ ਸਨਮਾਨਿਤ ਕੀਤਾ ਗਿਆ।ਕਿਸਾਨ ਮੇਲੇ ਦਾ ਦੂਸਰੇ ਦਿਨ ਭਾਰਤੀ ਖੇਤੀ ਖੋਜ ਪ੍ਰੀਸ਼ਦ ਲੁਧਿਆਣਾ ਇਕਾਈ ਦੇ ਨਿਰਦੇਸ਼ਕ ਡਾ ਸੁਜੇਅ ਰਕਸ਼ਿਤ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਉਪ ਕੁਲਪਤੀ ਡਾ ਬਲਦੇਵ ਸਿੰਘ ਢਿਲੋਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।ਡਾ. ਨਵਤੇਜ ਸਿੰਘ ਬੈਂਸ ਨਿਰਦੇਸ਼ਕ (ਖੋਜ), ਡਾ. ਜਸਕਰਨ ਸਿੰਘ ਮਾਹਲ ਨਿਰਦੇਸ਼ਕ (ਪਸਾਰ), ਡਾ. ਰਜਿੰਦਰ ਸਿੰਘ ਸਿੱਧੂ ਰਜਿਸਟਰਾਰ, ਡਾ. ਜਸਵਿੰਦਰ ਸਿੰਘ ਭੱਲਾ ਮੁੱਖੀ ਪਸਾਰ ਵਿਭਾਗ, ਡਾ. ਤਜਿੰਦਰ ਸਿੰਘ ਰਿਆੜ, ਡਾ. ਜਗਦੀਸ਼ ਕੌਰ ਨਿਰਦੇਸ਼ਕ (ਸੰਚਾਰ) ਤੇ ਵੱਡੀ ਗਿਣਤੀ `ਚ ਖੇਤੀ ਵਿਗਿਆਨੀ ਤੇ ਕਿਸਾਨ ਇਸ ਸਮੇਂ ਹਾਜ਼ਰ ਸਨ।
ਵਰਨਣਯੋਗ ਹੈ ਕਿ ਡਾ. ਅਮਰੀਕ ਸਿੰਘ ਡਿਊਟੀ ਪ੍ਰਤੀ ਸਮਰਪਣ ਕਰਕੇ ਪੰਜਾਬ ਹੀ ਨਹੀਂ ਹਰਿਆਣਾ, ਰਾਜਸਥਾਨ, ਉੱਤਰਾਖੰਡ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਦੇ ਕਿਸਾਨਾਂ ਅਤੇ ਸਰਕਾਰੀ ਪੇਸ਼ੇ ਨਾਲ ਸੰਬੰਧਤ ਲੋਕਾਂ ਲਈ ਮਿਸਾਲ ਹਨ।ਕਿਸਾਨਾਂ ਨਾਲ ਬੇਹਤਰ ਤਾਲਮੇਲ ਸਦਕਾ ਉਹ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਬਨਾਉਣ ਵਿੱਚ ਕਾਮਯਾਬ ਹੋਏ ਹਨ।ਉਨਾਂ ਕਿਸਾਨਾਂ ਨੂੰ ਸਮੂਹਾਂ ਵਿੱਚ ਸੰਗਠਨ ਕਰਨ ਦੇ ਨਾਲ ਸੰਗਠਤ ਰੂਪ ਵਿੱਚ ਖੇਤੀ ਕਰਨ ਲਈ ਪ੍ਰੇਰਿਤ ਕਰਨ ਤੋਂ ਇਲਾਵਾ ਕਿਸਾਨਾਂ ਨੂੰ ਖਪਤਕਾਰਾਂ ਨਾਲ ਸਿਧਿਆਂ ਸੰਪਰਕ ਰਾਹੀਂ ਮੰਡੀਕਰਨ ਦੇ ਰਾਹ ਤੋਰਿਆ ਹੈ। ਉਨਾਂ ਕਿਸਾਨ ਔਰਤਾਂ ਨੂੰ ਖੇਤੀਬਾੜੀ ਅਤੇ ਖੇਤੀ ਸਹਾਇਕ ਕਿੱਤਿਆਂ ਜਿਵੇਂ ਸ਼ਹਿਦ ਦੀਆਂ ਮੱਖੀਆਂ ਪਾਲਣਾ,ਸੂਰ ਪਾਲਣਾ, ਸਬਜੀਆਂ ਅਤੇ ਫਲਾਂ ਦੇ ਆਚਾਰ, ਮੁਰੱਬੇ, ਚਟਨੀ, ਡੇਅਰੀ ਫਾਰਮਿੰਗ ਅਤੇ ਹੋਰ ਕਿੱਤਿਆਂ ਬਾਰੇ ਜਾਣਕਾਰੀ ਦੇ ਕੇ ਉਨਾਂ ਦੀ ਖੇਤੀ ਆਮਦਨ ਵਧਾਉਣ ਵਿੱਚ ਸਹਾਇਤਾ ਕੀਤੀ ਹੈ।ਉਨਾਂ ਵੱਲੋਂ ਪਿ੍ਰੰਟ,ਬਿਜਲਈ ਅਤੇ ਸ਼ੋਸ਼ਲ ਮੀਡੀਆ ਵਰਤੋਂ ਕਰਦਿਆਂ ਹਜ਼ਾਰਾਂ ਨੌਜਵਾਨ ਕਿਸਾਨਾਂ ਤੱਕ ਖੇਤੀ ਨਾਲ ਸੰਬੰਧਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵਿਕਸਿਤ ਨਵੀਆਂ ਖੇਤੀ ਤਕਨੀਕਾਂ ਨੂੰ ਪਹੁੰਚਾਇਆ ਹੈ।ਉਨਾਂ ਦੀਆਂ ਬੇਹਤਰ ਖੇਤੀ ਪਸਾਰ ਸੇਵਾਵਾਂ ਅਤੇ ਕਿਸਾਨਾਂ ਨਾਲ ਸਾਰਥਕ ਪਹੁੰਚ ਲਈ ਵੱਖ-ਵੱਖ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਅਵਾਰਡ ਅਤੇ ਵੱਖ ਵੱਖ ਪ੍ਰਸ਼ਾਸ਼ਿਨਕ ਅਧਿਕਾਰੀਆਂ ਵੱਲੋਂ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਪਿਛਲੇ ਦਿਨੀ ਭਾਰਤ ਸਰਕਾਰ ਦੇ ਪ੍ਰਸ਼ਾਸ਼ਨ ਸੁਧਾਰ ਵਿਭਾਗ ਵਲੋਂ ਭੋਪਾਲ ਵਿਖੇ ਕਰਵਾਈ ਖੇਤਰੀ ਕਾਨਫਰੰਸ ਵਿੱਚ ਜ਼ਿਲਾ ਪ੍ਰਸ਼ਾਸ਼ਨ ਪਠਾਨਕੋਟ ਵਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਸੰਬੰਧਤ ਦੋ ਪ੍ਰੋਜੈਕਟਾਂ ਦੀ ਪੇਸ਼ਕਾਰੀ ਡਾ. ਅਮਰੀਕ ਸਿੰਘ ਕਰਕੇ ਆਏ ਹਨ।ਉਨਾਂ ਜ਼ਿਲਾ ਪਠਾਨਕੋਟ ਨੂੰ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧ ਕਰਕੇ ਪ੍ਰਦੂਸ਼ਣ ਮੁਕਤ ਪਹਿਲਾ ਜ਼ਿਲਾ ਬਨਾਉਣ ਵਿੱਚ ਅਹਿਮ ਭੂਮਿਕਾ ਨਿਭਾਈ।ਉਹ ਇਕ ਚੰਗੇ ਲਿਖਾਰੀ ਵੀ ਹਨ ਅਤੇ ਪੰਜਾਬ ਦੀਆਂ ਪ੍ਰਮੁੱਖ ਅਖਬਾਰਾਂ ਵਿੱਚ ਉਨਾਂ ਦੁਆਰਾ ਲਿਖੇ ਲੇਖ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ।ਡਾ. ਅਮਰੀਕ ਸਿੰਘ ਨੇ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ ਕਾਹਨ ਸਿੰਘ ਪੰਨੂ, ਉਪਕੁਲਪਤੀ ਪੀ.ਏ.ਯੂ ਲੁਧਿਆਣਾ ਡਾ. ਬਲਦੇਵ ਸਿੰਘ ਢਿਲੋਂ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਜਸਬੀਰ ਸਿੰਘ ਬੈਂਸ, ਡਿਪਟੀ ਕਮਿਸ਼ਨਰ ਪਠਾਨਕੋਟ ਰਾਮਵੀਰ, ਖੇਤੀਬਾੜੀ ਵਿਭਾਗ ਦੇ ਸਮੁੱਚੇ ਸਟਾਫ ਖਾਸ ਕਰਕੇ ਬਲਾਕ ਪਠਾਨਕੋਟ ਦੀ ਸਮੁੱਚੀ ਟੀਮ, ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਕਿਸਾਨ ਖਾਸ ਕਰਕੇ ਸੋਸ਼ਲ ਮੀਡੀਆ ਨਾਲ ਜੁੜੇ ਨੌਜਵਾਨ ਕਿਸਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਇੰਨਾਂ ਦੇ ਭਰਪੂਰ ਸਹਿਯੋਗ ਸਦਕਾ ਹੀ ਇਹ ਕਾਮਯਾਬੀ ਮਿਲਣ ਵਿੱਚ ਮਦਦ ਮਿਲੀ ਹੈ।ਉਨਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਅਤੇ ਹੋਰ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਖੇਤੀ ਵਿਭਿੰਨਤਾ ਲਿਆਉਣੀ ਬਹੁਤ ਜ਼ਰੂਰੀ ਹੈ,ਪਰ ਝੋਨੇ ਦੇ ਮੁਕਾਬਲੇ ਕਾਸ਼ਤ ਕੀਤੀਆਂ ਜਾਣ ਵਾਲੀਆਂ ਫਸਲਾਂ ਦਾ ਮੰਡੀਕਰਨ ਪ੍ਰਣਾਲੀ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ।ਉਨਾਂ ਕਿਹਾ ਕਿ ਜੇਕਰ ਖੇਤੀ ਨੂੰ ਲਾਹੇਵੰਦ ਬਨਾਉਣਾ ਹੈ ਤਾਂ ਕਿਸਾਨਾਂ ਨੂੰ ਕਿਸਾਨ ਉਤਪਾਦਕ ਸੰਗਠਨਾਂ ਵਿੱਚ ਸੰਗਠਤ ਹੋ ਕੇ ਖੇਤ ਤੋਂ ਸਿੱਧਾ ਖੱਪਤਕਾਰ ਤੱਕ ਦਾ ਸਿਧਾਂਤ ਅਪਣਾ ਕੇ ਵਿਉਪਾਰਕ ਸੋਚ ਅਤੇ ਸਹਿਕਾਰੀ ਖੇਤੀਬਾੜੀ ਅਪਨਾਉਣੀ ਪਵੇਗੀ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media