ਭੀਖੀ (ਮਾਨਸਾ), 29 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਕੌਮੀ ਤੰਬਾਕੂ ਰੋਕਥਾਮ ਵਿਸ਼ੇ ਤੇ ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ
ਕਰਵਾਉਣ ਲਈ ਪੇਂਟਿੰਗ, ਭਾਸਣ ਮੁਕਾਬਲੇ ਅਤੇ ਜਾਗਰੂਕਤਾ ਸੈਮੀਨਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਕਰਵਾਇਆ ਗਿਆ।ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।
ਸਿਵਲ ਸਰਜਨ ਨੇ ਦੱਸਿਆ ਕਿ ਤੰਬਾਕੂ ਦਾ ਸੇਵਨ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ।ਵਿਦਿਆਰਥੀ ਕਈ ਵਾਰ ਇਸ ਨੂੰ ਸ਼ੌਂਕ ਜਾਂ ਹਾਸੇ ਮਜ਼ਾਕ ਦੇ ਤੌਰ ਤੇ ਲੈ ਲੈਂਦਾ ਹੈ ਪ੍ਰੰਤੂ ਬਾਅਦ ਵਿਚ ਉਸ ਨੂੰ ਪਤਾ ਨਹੀਂ ਲੱਗਦਾ ਕਿ ਕਦੋਂ ਉਹ ਇਸ ਦਾ ਆਦੀ ਹੋ ਜਾਂਦਾ ਹੈ।ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਂਦਿਆਂ ਉਨ੍ਹਾਂ ਦੱਸਿਆ ਕਿ ਇਕ ਸਿਗਰਟਨੋਸ਼ੀ ਕਰਨ ਵਾਲਾ ਵਿਅਕਤੀ 15 ਤੋਂ 20 ਬੰਦਿਆਂ ਨੂੰ ਪ੍ਰਭਾਵਿਤ ਕਰਦਾ ਹੈ। ਡਬਲਯੂ.ਐਚ.ਓ ਦੀ ਰਿਪੋਰਟ ਅਨੁਸਾਰ ਤੰਬਾਕੂ ਪਦਾਰਥਾਂ ਵਿੱਚ ਬਹੁਤ ਸਾਰੇ ਜਹਿਰੀਲੇ ਅਤੇ ਰਸਾਇਣਕ ਤੱਤ ਜਿਵੇਂ ਨਿਕੋਟੀਨ, ਤਾਰ, ਕਾਰਬਨਮੋਨੋਆਕਸਾਈਡ, ਆਰਸੈਨਿਕ, ਅਮੋਨੀਆ ਆਦਿ ਹੁੰਦੇ ਹਨ, ਜੋ ਕਿ ਮੂੰਹ, ਗਲਾ, ਫੇਫੜੇ, ਭੋਜਨ ਨਾੜੀ, ਗੁਰਦਿਆਂ ਦਾ ਕੈਂਸਰ, ਸਾਹ ਦੀਆਂ ਬਿਮਾਰੀਆਂ, ਟੀ..ਬੀ. ਦੀ ਬਿਮਾਰੀ, ਬਲੱਡ ਪ੍ਰੈਸਰ, ਹਾਰਟ ਅਟੈਕ ਦਾ ਕਾਰਨ ਬਣਦੇ ਹਨ। ਜਿਸ ਕਰਕੇ ਭਾਰਤ ਵਿਚ ਹਰ ਸਾਲ ਬਹੁਤਾਤ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ।ਨਸ਼ਾ ਹੀ ਕਈ ਵਾਰ ਆਤਮਹੱਤਿਆ ਦਾ ਕਾਰਨ ਬਣ ਜਾਂਦਾ ਹੈ।ਉਨ੍ਹਾਂ ਕਿਹਾ ਕਿ ਅਜੋਕੇ ਸਮਾਜ ਦੀ ਸਿਰਜਣਾ ਤਾਂ ਹੀ ਹੋ ਸਕਦੀ ਹੈ, ਜੇਕਰ ਵਿਦਿਆਰਥੀ ਸਰਕਾਰ ਵੱਲੋਂ ਚਲਾਏ ਗਏ ਅਜਿਹੇ ਜਾਗਰੂਕਤਾ ਪ੍ਰੋਗਰਾਮਾਂ ਨੂੰ ਅਮਲੀ ਰੂਪ ਦੇਣ।ਸੈਮੀਨਾਰ ਉਪਰੰਤ ਉਨ੍ਹਾਂ ਦੁਆਰਾ ਜੇਤੂ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ।
ਜਿਲ੍ਹਾ ਸਿਹਤ ਅਫ਼ਸਰ, ਡਾ. ਮਨੌਹਰ ਲਾਲ ਨੇ ਦੱਸਿਆ ਕਿ ਜਨਤਕ ਥਾਂਵਾਂ ਤੇ ਤੰਬਾਕੂ ਪਦਾਰਥਾਂ ਦਾ ਸੇਵਨ ਰੋਕਣ ਲਈ ਤੰਬਾਕੂ ਕੰਟਰੋਲ ਐਕਟ 2003 ਲਾਗੂ ਕੀਤਾ ਗਿਆ ਹੈ।ਇਸੇ ਤਰਾਂ ਖਾਧ ਪਦਾਰਥਾਂ ਦੀ ਵਿੱਕਰੀ ਕਰਨ ਵਾਲੇ ਦੁਕਾਨਦਾਰ ਦੇ ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ 2006 ਤਹਿਤ ਚਲਾਨ ਕੱਟੇ ਜਾ ਰਹੇ ਹਨ।
ਜਿਲ੍ਹਾ ਮਾਸ ਮੀਡੀਆ ਅਫ਼ਸਰ ਸ਼੍ਰੀ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਜਿਲ੍ਹਾ ਮਾਨਸਾ ਵਿਚ ਸਕੂਲਾਂ ਅਤੇ ਕਾਲਜਾਂ ਵਿੱਚ ਪੇਂਟਿੰਗ, ਭਾਸ਼ਣ ਮੁਕਾਬਲੇ ਅਤੇ ਸੈਮੀਨਾਰ ਕਰਵਾ ਕੇ ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਓਮ ਪ੍ਰਕਾਸ਼ ਮਿੱਢਾ ਨੇ ਅੰਤ ਵਿੱਚ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਇਸ ਸੈਮੀਨਾਰ ਤੋਂ ਸੇਧ ਲੈਣ ਬਾਰੇ ਪ੍ਰੇਰਿਤ ਕੀਤਾ। ਸਮਾਪਤੀ ਉਪਰੰਤ ਸੈਮੀਨਾਰ ਵਿੱਚ ਸ਼ਾਮਿਲ ਹੋਣ ਵਾਲੇ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ।
ਇਸ ਮੌਕੇ ਜਿਲ੍ਹਾ ਸਿਹਤ ਅਫ਼ਸਰ, ਡਾ. ਮਨੋਹਰ ਲਾਲ, ਕੁਲਦੀਪ ਸਿੰਘ ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ, ਸੁਰਿੰਦਰ ਕੁਮਾਰ ਜਿੰਦਲ ਡਰਾਇੰਗ ਅਧਿਆਪਕ, ਗੁਰਪ੍ਰੀਤ ਸਿੰਘ ਪੰਜਾਬੀ ਅਧਿਆਪਕ, ਹਰਬੰਸ ਲਾਲ ਬੀ.ਈ.ਈ ਅਤੇ ਵਿਦਿਆਰਥੀ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media