ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਜ਼ਿਲ੍ਹੇ ਦੀ ਸਥਿਤੀ ਜਿੱਥੇ ਵਿਕਾਸ ਪੱਖੋਂ ਡਾਵਾਂਡੋਲ ਹੈ, ਉਥੇ ਪੇਂਡੂ ਅਤੇ ਸ਼ਹਿਰ ਖੇਤਰ ’ਚ
ਡੇਂਗੂ ਨੇ ਆਪਣੇ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਸੈਂਕੜੇ ਲੋਕ ਡੇਂਗੂ ਦੇ ਤਿੱਖੇ ਡੰਗ ਦਾ ਸ਼ਿਕਾਰ ਹੋ ਰਹੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਜਾਰੀ ਆਪਣੇ ਪ੍ਰੈਸ ਬਿਆਨ ’ਚ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਪ੍ਰਗਟ ਕਰਦਿਆਂ ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਸ ਦੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਉਨ੍ਹਾਂ ਕਿਹਾ ਕਿ ਸਿੱਧੂ ਗੁਰੂ ਨਗਰੀ ਨੂੰ ਨਜ਼ਰ ਅੰਦਾਜ਼ ਕਰ ਰਿਹਾ ਹੈ ਅਤੇ ਉਸਦੀ ਕਹਿਨੀ ਅਤੇ ਕਥਨੀ ’ਚ ਬਹੁਤ ਵੱਡਾ ਅੰਤਰ ਹੈ।
ਛੀਨਾ ਨੇ ਕਿਹਾ ਕਿ ਲੋਕਾਂ ਦੀ ਸੇਵਾ ਅਤੇ ਸ਼ਹਿਰ ਦੇ ਵਿਕਾਸ ਸਬੰਧੀ ਸਿੱਧੂ ਵੱਲੋਂ ਵੱਡੇ-ਵੱਡੇ ਦਾਅਵੇ ਅਤੇ ਡੀਂਗਾਂ ਮਾਰੀਆਂ ਗਈਆਂ ਪਰ ਹਕੀਕਤ ਕੁਝ ਹੋਰ ਹੀ ਹੈ, ਜਿਸ ਤੋਂ ਜਨਤਾ ਭਲੀਭਾਂਤ ਜਾਣੂ ਹੋ ਚੁੱਕੀ ਹੈ।ਉਨ੍ਹਾਂ ਕਿਹਾ ਸਥਾਨਕ ਸਰਕਾਰਾ ਵਰਗੇ ਅਹੁੱਦੇ ’ਤੇ ਬਿਰਾਜਮਾਨ ਹੋਣ ਦੇ ਬਾਵਜੂਦ ਵੀ ਸਿੱਧੂ ਦੀ ਪ੍ਰਸ਼ਾਸਨ ਪ੍ਰਤੀ ਪਕੜ ਮਜ਼ਬੂਤ ਨਹੀਂ, ਜਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਦਿਹਾਤੀ ਅਤੇ ਸ਼ਹਿਰ ਖੇਤਰ ’ਚ ਨਗਰ ਨਿਗਮ ਜਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਕਿਸੇ ਵੀ ਤਰ੍ਹਾਂ ਦੀ ਦਵਾਈ ਦਾ ਛਿੜਕਾਅ ਨਹੀਂ ਕੀਤਾ ਗਿਆ ਅਤੇ ਨਾ ਇਸ ’ਤੇ ਗੰਭੀਰਤਾ ਦਿਖਾਈ ਗਈ ਹੈ।
ਛੀਨਾ ਨੇ ਕਿਹਾ ਕਿ ਸਿੱਧੂ ਦੇ ਆਪਣੇ ਹਲਕੇ ’ਚ ਆਉਂਦੇ ਵੇਰਕਾ ਅਤੇ ਸ਼ਹਿਰ ਦੇ ਹੋਰ ਇਲਾਕਿਆਂ ਜਿੱਥੇ ਕਿ ਬਰਸਾਤਾਂ ਦੀ ਸ਼ੁਰੂਆਤ ਤੋਂ ਬਾਅਦ ਪਹਿਲਾਂ ਮਲੇਰੀਆਂ ਵਰਗੀ ਬਿਮਾਰੀ ਦਾ ਸ਼ਿਕਾਰ ਹੋ ਕੇ ਮੌਤ ਦੀ ਆਗੋਸ਼ ’ਚ ਲੋਕ ਗਏ ਹਨ ਅਤੇ ਸ਼ਹਿਰੀ ਇਲਾਕਿਆਂ ਅੰਦਰ ਗੰਦਗੀ, ਕੂੜੇ ਦੇ ਢੇਰਾਂ ਅਤੇ ਕਈ ਅਜਿਹੀਆ ਥਾਂਵਾਂ ਜਿੱਥੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜੋ ਛੱਪੜ ਦਾ ਰੂਪ ਧਾਰਨ ਕਰ ਰਹੀਆਂ ਹਨ, ’ਤੇ ਮੱਛਰਾਂ ਦੀ ਭਰਮਾਰ ਹੈ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਪਨਪ ਰਹੀਆਂ ਹਨ।
ਛੀਨਾ ਨੇ ਕਿਹਾ ਸਿੱਧੂ ’ਤੇ ਤਿੱਖਾ ਵਾਰ ਕਰਦਿਆ ਕਿਹਾ ਕਿ ਜਿਹੜਾ ਲੀਡਰ ਆਪਣੇ ਜ਼ਿਲ੍ਹੇ ਦੇ ਵਿਕਾਸ, ਲੋਕ ਸਹੂਲਤਾਂ, ਉਦਯੋਗ ਆਦਿ ਪ੍ਰਤੀ ਸੰਜੀਦਾ ਨਹੀਂ ਹੁੰਦਾ ਹੈ, ਉਸ ਦੀ ਰਾਜਨੀਤੀ ’ਚ ਕਿਧਰੇ ਵੀ ਕੋਈ ਥਾਂ ਨਹੀਂ ਹੈ। ਸ: ਛੀਨਾ ਨੇ ਕਾਂਗਰਸ ਸਰਕਾਰ ’ਤੇ ਵਾਰ ਕਰਦਿਆ ਕਿਹਾ ਕਿ ਚੋਣਾਂ ਜਿੱਤਣ ਤੋਂ ਬਾਅਦ ਇਹ ਨਹੀਂ ਕਿ ਸਿਆਸੀ ਆਗੂ ਵਿਦੇਸ਼ੀ ਦੌਰਿਆਂ, ਸਮਾਗਮਾਂ, ਬੇਤੁਕੀਆਂ ਬਿਆਨਬਾਜ਼ੀ ਜਾਂ ਫ਼ਿਰ ਉਦਘਾਟਨ ਨੂੰ ਪਹਿਲ ਦੇਣ, ਬਲਕਿ ਲੋਕ ਸੇਵਾ, ਵਿਕਾਸ ਅਤੇ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਨਿਯਮਾਂ, ਕਾਨੂੰਨ ਅਤੇ ਅਨੁਸ਼ਾਸ਼ਨ ਲਈ ਵੀ ਯਤਨ ਕਰਨ ਤਾਂ ਜੋ ਸੂਬਾ ਉਨਤੀ ਤੇ ਤਰੱਕੀ ਦੀ ਰਾਹ ’ਤੇ ਚਲੇ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media