ਸਮਰਾਲਾ, 12 ਅਕਤੂਬਰ (ਪੰਜਾਬ ਪੋਸਟ- ਕੰਗ) – ਭਿ੍ਰਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੇ ਦਫ਼ਤਰ ਪੂਡਾ ਕੰਪਲੈਕਸ ਵਿਖੇ ‘ਪਿੰਡ ਬਚਾਓ -ਪੰਜਾਬ
ਬਚਾਓ’ ਵਿਸ਼ੇ ਬਾਰੇ ਇੱਕ ਵਿਸ਼ਾਲ ਸੈਮੀਨਾਰ ਅਤੇ ਕਾਨਫਰੰਸ ਕੀਤੀ ਗਈ। ਇਸ ਕਾਂਨਫਰੰਸ ਵਿੱਚ ਬਤੌਰ ਮੁੱਖ ਮਹਿਮਾਨ ਹਮੀਰ ਸਿੰਘ ਪੰਜਾਬੀ ਅਖਬਾਰ ਦੇ ਵਿਸ਼ੇਸ਼ ਪ੍ਰਤੀਨਿਧੀ ਅਤੇ ਪਿਆਰੇ ਲਾਲ ਗਰਗ ਸਾਬਕਾ ਰਜਿਸਟਰਾਰ ਫਰੀਦਕੋਟ ਯੂਨੀਵਰਸਿਟੀ ਨੇ ਸ਼ਿਰਕਤ ਕੀਤੀ।
ਸ਼ੁਰੂਆਤ ਵਿੱਚ ਜੰਗ ਸਿੰਘ ਭੰਗਲਾਂ ਨੇ ਫਰੰਟ ਦੀਆਂ ਗਤੀਵਿਧੀਆਂ ਬਾਰੇ ਦੱਸਿਆ।ਕਮਾਂਡੈਂਟ ਰਸ਼ਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ, ਅਸਲੇ ਦੇ ਲਾਈਸੈਂਸ ਬਾਰੇ ਉਨ੍ਹਾਂ ਕਿਹਾ ਕਿ ਸੁਵਿਧਾ ਕੇਂਦਰ ਵਾਲਿਆਂ ਦੀ ਨਾਲਾਇਕੀ ਕਾਰਨ ਸੱਤਰ ਹਜ਼ਾਰ ਤੋਂ ਵੱਧ ਅਸਲਾ ਰੀਨਿਊ ਨਾ ਹੋਣ ਕਰਕੇ ਗੈਰ ਕਾਨੂੰਨੀ ਹੋ ਗਿਆ ਹੈ।ਹਰਬੰਸ ਸਿੰਘ ਮਾਂਗਟ ਨੇ ਆਪਣੇ ਸੰਬੋਧਨ ਵਿੱਚ ਸਮਾਜ ਦੀਆਂ ਮੁਸ਼ਕਿਲਾਂ ਬਾਰੇ ਸਰਕਾਰ ਨੂੰ ਭੰਡਿਆ, ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਗਰਾਂਟਾਂ ਸਿੱਧੀਆਂ ਆਉਂਣੀਆਂ ਚਾਹੀਦੀਆਂ ਹਨ।ਅਮਰਜੀਤ ਸਿੰਘ ਬਾਲਿਓਂ ਨੇ ਆਪਣੇ ਸੰਬੋਧਨ ਵਿੱਚ ਪਿੰਡਾਂ ਵਿੱਚ ਗਰਾਮ ਸਭਾਵਾਂ ਦੀ ਮਹੱਤਤਾ ਬਾਰੇ ਦੱਸਿਆ ਅਤੇ ਨਾਲ ਹੀ ਕਿਹਾ ਕਿ ਸਮਰਾਲਾ ਸ਼ਹਿਰ ਵਿੱਚ ਗਰਾਮ ਸਭਾ ਬਣਨੀ ਚਾਹੀਦੀ ਹੈ, ਜਿਸ ਨਾਲ ਸ਼ਹਿਰ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ, ਕਿਉਂਕਿ ਰਾਜਨੀਤਕ ਲੋਕਾਂ ਦੇ ਤਾਂ ਹੱਥ ਖੜ੍ਹੇ ਹੋ ਚੁੱਕੇ ਹਨ।
ਉਨ੍ਹਾਂ ਸ਼ਹਿਰ ਵਿੱਚ ਇੱਕ ਆਯੂਰਵੈਦਿਕ ਡਿਸਪੈਂਸਰੀ ਜੋ ਸਮਰਾਲਾ ਅੰਦਰ ਇੱਕ ਗੁੰਮਨਾਮ ਜਗ੍ਹਾ ਵਿੱਚ ਬਣੀ ਹੋਈ ਹੈ, ਇਸ ਡਿਸਪੈਂਸਰੀ ਨੂੰ ਸਿਵਲ ਹਸਪਤਾਲ ਦੇ ਅਹਾਤੇ ਵਿੱਚ ਸ਼ਿਫਟ ਕਰਨ ਲਈ ਮੁੱਖ ਮੰਤਰੀ ਤੱਕ ਵੀ ਪਹੁੰਚ ਕੀਤੀ ਹੈ।ਜਿਸ ਦਾ ਅਜੇ ਤੱਕ ਕੋਈ ਨਤੀਜਾ ਸਾਹਮਣੇ ਨਹੀਂ ਆਇਆ।ਪਿਆਰੇ ਲਾਲ ਗਰਗ ਨੇ ਇਸ ਡਿਸਪੈਂਸਰੀ ਦੀ ਸ਼ਿਫਟਿੰਗ ਸਬੰਧੀ ਆ ਰਹੀ ਰੁਕਾਵਟ ਬਾਰੇ ਸਿਹਤ ਵਿਭਾਗ ਦੇ ਡਾਇਰੈਕਟਰ ਨਾਲ ਫੋਨ `ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਡਿਸਪੈਂਸਰੀ ਸ਼ਿਫਟਿੰਗ ਵਿੱਚ ਸਮਰਾਲੇ ਦੇ ਰਾਜਸੀ ਨੇਤਾ ਦਾ ਦਬਾਓ ਅੜਿੱਕਾ ਬਣ ਰਿਹਾ ਹੈ।ਕੇਵਲ ਸਿੰਘ ਮਾਛੀਵਾੜਾ ਨੇ ਕਿਹਾ ਕਿ ਉਨ੍ਹਾਂ ਦੁਆਰਾ ਇੱਕ ਟੀਮ ਬਣਾ ਕੇ ਸਰਕਾਰੀ ਸਕੂਲਾਂ ਦੇ ਸੁਧਾਰ ਬਾਰੇ ਵੱਡੀ ਮੁਹਿੰਮ ਵਿੱਢੀ ਹੋਈ ਹੈ, ਜਿਸ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ। ਕਾਮਰੇਡ ਕੇਵਲ ਸਿੰਘ ਮੰਜਾਲੀਆਂ ਨੇ ਕਿਹਾ ਕਿ ਹਰੇਕ ਪਿੰਡ ਵਿੱਚ ਗ੍ਰਾਮ ਸਭਾ ਦਾ ਇਜਲਾਸ ਹਰ ਮਹੀਨੇ ਹੋਣਾ ਚਾਹੀਦਾ ਹੈ ਤਾਂ ਕਿ ਪਿੰਡਾਂ ਦੀਆਂ ਮੁਸ਼ਕਿਲਾਂ ਹੱਲ ਹੋ ਸਕਣ।
ਸੈਮੀਨਾਰ ਦੇ ਮੁੱਖ ਬੁਲਾਰੇ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਗਰਾਮ ਸਭਾ ਹਰੇਕ ਪਿੰਡ ਦੀ ਬਹੁਤ ਵੱਡੀ ਤਾਕਤ ਹੈ, ਪ੍ਰੰਤੂ ਲੋਕਾਂ ਨੂੰ ਇਸ ਦੀ ਕੋਈ ਜਾਣਕਾਰੀ ਹੈ।ਸੈਕਟਰੀ ਜੋ ਸਰਕਾਰਾਂ ਨੇ ਪਿੰਡਾਂ ਦੇ ਸਰਪੰਚਾਂ ਦੀ ਸਹਾਇਤਾ ਲਈ ਲਾਏ ਹੁੰਦੇ ਹਨ, ਉਹ ਹੀ ਵੱਡੇ ਅਫਸਰਾਂ ਦੀ ਤਰ੍ਹਾਂ ਪਿੰਡਾਂ ਦੇ ਸਰਪੰਚਾਂ ਨਾਲ ਵਰਤਾਓ ਕਰਦੇ ਹਨ।ਉਹ ਪਿੰਡਾਂ ਦੇ ਸਰਪੰਚਾਂ ਦੀ ਨਾ ਸਮਝੀ ਦਾ ਫਾਇਦਾ ਉਠਾ ਕੇ ਲੁੱਟ ਕਰ ਰਹੇ ਹਨ।
ਇਸੇ ਤਹਿਤ ਉਨ੍ਹਾਂ ਵੱਲੋਂ ‘ਪਿੰਡ ਬਚਾਓ-ਪੰਜਾਬ ਬਚਾਓ’ ਦੀ ਮੁਹਿੰਮ ਵਿਢੀ ਹੋਈ ਹੈ।ਉਨ੍ਹਾਂ ਅੱਗੇ ਕਿਹਾ ਕਿ ਗ੍ਰਾਮ ਸਭਾ ਦੇ ਮਤੇ ਨੂੰ ਪ੍ਰਧਾਨ ਮੰਤਰੀ ਵੀ ਰੱਦ ਨਹੀਂ ਕਰ ਸਕਦਾ।ਇਸ ਲਈ ਸਾਨੂੰ ਜਾਗਰੂਕ ਹੋਣਾ ਪਵੇਗਾ।ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਵੀ ਆਪਣੇ ਵਿਚਾਰ ਰੱਖੇ।ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਫਰੰਟ ਦੇ ਕੰਮਾਂ ਅਤੇ ‘ਪਿੰਡ ਬਚਾਓ-ਪੰਜਾਬ ਬਚਾਓ’ ਪ੍ਰੋਗਰਾਮ ਦੀ ਭਰਪੂਰ ਸਲਾਘਾ ਕੀਤੀ ਅਤੇ ਕਿਹਾ ਕਿ ਧੀਆਂ ਦੇ ਦਾਜ ਦਹੇਜ ਨੂੰ ਘਟਾਉਣਾ ਚਾਹੀਦਾ ਹੈ।ਮਾਲਵਿੰਦਰ ਸਿੰਘ ਇੰਚਾਰਜ ਜੀ.ਓ.ਜੀ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਉਠਾਉਣਾ ਚਾਹੀਦਾ ਹੈ।ਪਿੰਡਾਂ ਵਿੱਚ ਗਲਤ ਕੰਮਾਂ ਵੱਲ ਜੀ.ਓ.ਜੀ ਨਿਗਾਹ ਰੱਖ ਰਹੇ ਹਨ।ਦੂਜੇ ਪ੍ਰਮੁੱਖ ਬੁਲਾਰੇ ਪਿਆਰੇ ਲਾਲ ਗਰਗ ਸਾਬਕਾ ਰਜਿਸਟਰਾਰ ਫਰੀਦਕੋਟ ਯੂਨੀਵਰਸਿਟੀ ਨੇ ਕਿਹਾ ਕਿ ਬਿਊਰੋਕਰੇਟ ਅਤੇ ਸਰਕਾਰੀ ਅਫਸਰਸ਼ਾਹੀ ਤੇ ਮੁਲਾਜ਼ਮ ਰਲੇ ਹੋਏ ਹਨ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 20 ਲੱਖ ਮਨਰੇਗਾ ਵਿੱਚ ਕੰਮ ਮਿਲਣਾ ਸੀ, ਜਦ ਕਿ 14 ਲੱਖ ਕਾਮੇ ਮਨਰੇਗਾ ਵਿੱਚ ਲੱਗੇ ਹੋਏ ਹਨ।ਸਾਨੂੰ ਮਨਰੇਗਾ ਨੂੰ ਤਕੜਾ ਕਰਨਾ ਪਵੇਗਾ। ਬਲਵੀਰ ਸਿੰਘ ਰਾਜੇਵਾਲ ਕੌਮੀ ਪ੍ਰਧਾਨ ਬੀ.ਕੇ.ਯੂ ਨੇ ਕਿਹਾ ਕਿ ਸਿਆਸੀ ਲੀਡਰ ਸਾਡੇ ਅਣਜਾਣਪੁਣੇ ਦਾ ਨਾਜ਼ਾਇਜ਼ ਫਾਇਦਾ ਉਠਾ ਰਹੇ ਹਨ।ਰਾਜਨੇਤਾਵਾਂ ਨੇ ਸਾਡਾ ਭਾਈਚਾਰਾ ਤੋੜਿਆ।ਉਨ੍ਹਾਂ ਕਿਹਾ ਕਿ ਪੰਜਾਬ ਤੋਂ ਫੀਸਾਂ ਦੇ ਰੂਪ ਵਿੱਚ ਸੱਤਰ ਹਜ਼ਾਰ ਕਰੋੜ ਰੁਪਏ ਹਰ ਸਾਲ ਬਾਹਰ ਜਾ ਰਹੇ ਹਨ ਜਦੋਂ ਕਿ ਬਾਹਰੋਂ ਪੈਸਾ ਆਉਣਾ ਬੰਦ ਹੋ ਗਿਆ ਹੈ।ਅੰਤ ਵਿੱਚ ਜੰਗ ਸਿੰਘ ਭੰਗਲਾਂ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।
ਇਸ ਵਿਸ਼ਾਲ ਕਾਨਫ਼ਰੰਸ ਵਿੱਚ ਸੁਰਿੰਦਰ ਕੁਮਾਰ, ਕੇਵਲ ਕ੍ਰਿਸ਼ਨ, ਜਗਤਾਰ ਸਿੰਘ, ਦੀਪ ਦਿਲਵਰ, ਸਵਿੰਦਰ ਸਿੰਘ, ਰਾਜਿੰਦਰ ਸਿੰਘ, ਦਰਸ਼ਨ ਸਿੰਘ ਕੰਗ, ਜਸਵਿੰਦਰ ਸਿੰਘ ਮਾਛੀਵਾੜਾ, ਇੰਦਰਜੀਤ ਸਿੰਘ ਕੰਗ, ਬਲਦੇਵ ਸਿੰਘ ਖਮਾਣੋਂ, ਪਰਮਿੰਦਰ ਸਿੰਘ ਐਡਵੋਕੇਟ, ਮਹਿੰਦਰ ਸਿੰਘ ਮੰਜਾਲੀਆਂ, ਮੈਡਮ ਸੰਦੀਪ ਸ਼ਰਮਾ, ਰਵਿੰਦਰ ਕੌਰ, ਮਨਜੀਤ ਕੌਰ, ਨੰਦ ਸਿੰਘ ਚਹਿਲਾਂ, ਕਰਨੈਲ ਸਿੰਘ ਚਹਿਲਾਂ, ਬਲਵੀਰ ਸਿੰਘ ਚਹਿਲਾਂ ਤੋਂ ਇਲਾਵਾ 300 ਤੋਂ ਵੱਧ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media