Friday, March 13, 2026

ਹਰਸਿਮਰਤ ‘ਤੇ ਵਰ੍ਹੇ ‘ਆਪ’ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ

ਬਠਿੰਡਾ, 16 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਭਾਰਤੀ ਕਪਾਹ ਨਿਗਮ (ਸੀ.ਸੀ.ਆਈ) ਵਲੋਂ ਮਾਲਵਾ Aap Leadersਦੀਆਂ ਕਪਾਹ ਮੰਡੀਆਂ ਵਿਚੋਂ ਖ਼ਰੀਦ ਨਾ ਸ਼ੁਰੂ ਕੀਤੇ ਜਾਣ ‘ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕੋਸਿਆ ਹੈ।‘ਆਪ‘ ਮੁੱਖ ਦਫ਼ਤਰ ਵਲੋਂ ਜਾਰੀ ਸਾਂਝੇ ਬਿਆਨ ਰਾਹੀਂ ‘ਆਪ’ ਪੰਜਾਬ ਕੋਰ ਕਮੇਟੀ ਦੇ ਚੇਅਰਮੈਨ ਅਤੇ ਬੁੱਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਪਾਰਟੀ ਦੇ ਬੁਲਾਰੇ ਅਤੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਕੋਰ ਕਮੇਟੀ ਮੈਂਬਰ ਅਤੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਮੰਡੀਆਂ ‘ਚ ਨਰਮੇ ਦੀ ਆਮਦ ਸ਼ੁਰੂ ਹੋਈ ਨੂੰ 20 ਦਿਨ ਹੋ ਚੁੱਕੇ ਹਨ, ਪਰ ਪਿਛਲੇ 2 ਸੀਜ਼ਨਾਂ ਵਾਂਗ ਸੀ.ਸੀ.ਆਈ ਇਸ ਸੀਜ਼ਨ ‘ਚ ਵੀ ਇੱਕ ਫੁੱਟੀ ਨਰਮਾ ਖ਼ਰੀਦਣ ਦੀ ਦਿਲਚਸਪੀ ਨਹੀਂ ਦਿਖਾ ਰਹੀ, ਜਿਸ ਦਾ ਨਰਮਾ ਉਤਪਾਦਕ ਕਿਸਾਨਾਂ ਨੂੰ ਪ੍ਰਤੀ ਕਵਿੰਟਲ 100 ਤੋਂ 500 ਰੁਪਏ ਤੱਕ ਦਾ ਸਿੱਧਾ ਨੁਕਸਾਨ ਝੱਲਣਾ ਪੈ ਰਿਹਾ ਹੈ।ਅੰਤਰਰਾਸ਼ਟਰੀ ਬਾਜ਼ਾਰ ਵਿਚ ਭਾਰੀ ਮੰਗ ਹੋਣ ਦੇ ਕਾਰਨ ਕਈ ਰਾਜਾਂ ਵਿਚ ਨਰਮਾ 5500 ਰੁਪਏ ਪ੍ਰਤੀ ਕਵਿੰਟਲ ਤੱਕ ਵਿਕ ਰਿਹਾ ਹੈ, ਜਦਕਿ ਪੰਜਾਬ ਦੀਆਂ ਮੰਡੀਆਂ ਵਿਚ 4800 ਤੋਂ 5300 ਰੁਪਏ ਪ੍ਰਤੀ ਕਵਿੰਟਲ ਮੁੱਲ ਮਿਲ ਰਿਹਾ ਹੈ। ਕਪਾਹ ਨਿਗਮ ਕਿਸਾਨਾਂ ਦਾ ਮੁਦਈ ਬਣਨ ਦੀ ਥਾਂ ਪ੍ਰਾਈਵੇਟ ਖ਼ਰੀਦਦਾਰਾਂ ਨਾਲ ਰਲ ਗਿਆ ਹੈ। ਭਾਰਤੀ ਕਪਾਹ ਨਿਗਮ ਦੇ ਰਵ    ਈਏ ਤੋਂ ਨਾ ਕੇਵਲ ਨਰਮਾ ਉਤਪਾਦਕ ਕਿਸਾਨ ਬਲਕਿ ਆੜ੍ਹਤੀ ਵਰਗ ਵੀ ਖ਼ਫ਼ਾ ਹੈ, ਕਿਉਂਕਿ ਇਸ ਪੜਾਅ ‘ਤੇ ਸਿੱਧੀ ਖ਼ਰੀਦ ਫ਼ੈਸਲਾ ਅਮਲੀ ਤੌਰ ‘ਤੇ ਨਾ ਕਿਸਾਨਾਂ ਅਤੇ ਨਾ ਹੀ ਆੜ੍ਹਤੀ ਵਰਗ ਨੂੰ ਮਨਜ਼ੂਰ ਹੈ।‘ਆਪ’ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅਜਿਹੇ ਕਿਸਾਨ ਵਿਰੋਧੀ ਰਵੱਈਏ ਕਾਰਨ ਨਰਮਾ ਪੱਟੀ ਦੇ ਕਿਸਾਨਾਂ ਅਤੇ ਆੜ੍ਹਤੀਆਂ ‘ਚ ਹਾਹਾਕਾਰ ਮੱਚੀ ਹੋਈ ਹੈ, ਪ੍ਰੰਤੂ ਬਠਿੰਡਾ ਇਲਾਕੇ ‘ਚ ਘੁੰਮਣ ਦੇ ਬਾਵਜੂਦ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਅਤੇ ਆੜ੍ਹਤੀਆਂ ਦੀ ਇਸ ਸਮੱਸਿਆ ਦੇ ਹੱਲ ਲਈ ਕੋਈ ਦਿਲਚਸਪੀ ਨਹੀਂ ਦਿਖਾਈ, ਹਰਸਿਮਰਤ ਕੌਰ ਬਾਦਲ ਦੀ ਅਜਿਹੀ ਬੇਰੁਖ਼ੀ ਦੀ ‘ਆਪ‘ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦੀ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਮਾਨਸਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਪੰਜਾਬ ਦੇ ਮੁੱਖ ਨਰਮਾ/ਕਪਾਹ ਉਤਪਾਦਕ ਜ਼ਿਲ੍ਹੇ ਹਨ। ਕਰੀਬ 60 ਪ੍ਰਤੀਸ਼ਤ ਨਰਮੇ ਦਾ ਉਤਪਾਦਨ ਇਕੱਲੇ ਬਠਿੰਡਾ ਲੋਕ ਸਭਾ ਹਲਕੇ ‘ਚ ਹੁੰਦਾ ਹੈ, ਫਿਰ ਵੀ ਕੇਂਦਰ ਸਰਕਾਰ ਦਾ ਟੈਕਸਟਾਈਲ ਮੰਤਰਾਲਾ ਪੰਜਾਬ ਦੇ ਨਰਮਾ ਉਤਪਾਦਕ ਕਿਸਾਨਾਂ ਦਾ ਪ੍ਰਾਈਵੇਟ ਖ਼ਰੀਦਦਾਰਾਂ ਨਾਲ ਮਿਲ ਕੇ ਸ਼ੋਸ਼ਣ ਕਰੇ, ਇਸ ਲਈ ਹਰਸਿਮਰਤ ਕੌਰ ਬਾਦਲ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ।ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਦੀ ਇਕਲੌਤੀ ਕੇਂਦਰੀ ਮੰਤਰੀ ਦੀ ਨਰਮਾ ਉਤਪਾਦਨ ਕਿਸਾਨਾਂ ਨਾਲ ਬੇਰੁਖ਼ੀ ਇਹ ਪ੍ਰਭਾਵ ਦੇ ਰਹੀ ਹੈ ਜਿਵੇਂ ਹਰਸਿਮਰਤ ਕੌਰ ਬਾਦਲ ਵੀ ‘ਕਾਟਨ ਮਾਫ਼ੀਆ‘ ਨਾਲ ਰਲ ਗਏ ਹਨ। ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਜੇਕਰ ਹਰਸਿਮਰਤ ਕੌਰ ਬਾਦਲ ਆਪਣੀ ਪਰਿਵਾਰਕ ਮਿੱਤਰ ਅਤੇ ਕੇਂਦਰੀ ਟੈਕਸਟਾਈਲ ਮੰਤਰੀ ਸ੍ਰੀਮਤੀ ਈਰਾਨੀ ਨਾਲ ਖ਼ੁਸ਼ੀ ਦੇ ਮੌਕੇ ਬਾਦਲ ਪਿੰਡ ਦੇ ਕਾਲਜ ‘ਚ ‘ਡਾਂਸ’ ਕਰ ਸਕਦੇ ਹਨ ਤਾਂ ਕਿਸਾਨਾਂ ਦੇ ਦੁੱਖ-ਦਰਦ ਨੂੰ ਸ੍ਰੀਮਤੀ ਈਰਾਨੀ ਅੱਗੇ ਕਿਉਂ ਨਹੀਂ ਉਠਾ ਰਹੇ?
‘ਆਪ’ ਆਗੂਆਂ ਨੇ ਜਿੱਥੇ ਹਰਸਿਮਰਤ ਕੌਰ ਬਾਦਲ ਤੋਂ ਬਿਨ੍ਹਾਂ ਸ਼ਰਤ ਸੀ.ਸੀ.ਆਈ ਤੋਂ ਤੁਰੰਤ ਖ਼ਰੀਦ ਸ਼ੁਰੂ ਕਰਾਉਣ ਦੀ ਮੰਗ ਕੀਤੀ, ਉਥੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਚਿੱਠੀ-ਪੱਤਰ ਦੀ ਥਾਂ ਖ਼ੁੱਦ ਜਾ ਕੇ ਸ੍ਰੀਮਤੀ ਈਰਾਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਅਤੇ ਪ੍ਰਧਾਨ ਮੰਤਰੀ ਨੂੰ ਮਲੋਟ ਰੈਲੀ ਦਾ ਵਾਅਦਾ ਯਾਦ ਕਰਵਾ ਕਰਕੇ ਕਿਸਾਨਾਂ ਦੀ ਸ਼ਰੇਆਮ ਹੋ ਰਹੀ ਲੁੱਟ ਬੰਦ ਕਰਾਉਣ ਕਿਉਂਕਿ 5 ਅਕਤੂਬਰ ਨੂੰ ਉਨ੍ਹਾਂ (ਕੈਪਟਨ) ਦਾ ਲਿਖਿਆ ਪੱਤਰ ਦਿਖਾਵਾ ਮਾਤਰ ਸਾਬਤ ਹੋਇਆ ਹੈ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply