Sunday, May 19, 2024

ਸਰਕਾਰੀ ਪ੍ਰਾਇਮਰੀ ਸਕੂਲ ਅਵਾਣ ਨੇ ਪੜਾਈ ਅਤੇ ਸਹੂਲਤਾਂ ਦੇ ਪੱਖ ਤੋਂ ਨਿੱਜੀ ਸਕੂਲਾਂ ਨੂੰ ਪਛਾੜਿਆ

ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਨੂੰ ਦਿੱਤਾ ਜਾ ਰਿਹਾ ਕੰਪਿਊਟਰ ਦਾ ਗਿਆਨ
ਬਟਾਲਾ, 16 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿੱਖਿਆ ਬਲਾਕ ਬਟਾਲਾ-2 ਦੇ ਪਿੰਡ ਅਵਾਣ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੇ ਪੜਾਈ ਅਤੇ PPN1610201812ਸਹੂਲਤਾਂ ਦੇ ਪੱਖ ਤੋਂ ਨਿੱਜੀ ਸਕੂਲਾਂ ਨੂੰ ਪਛਾੜ ਦਿੱਤਾ ਹੈ।ਸਰਕਾਰੀ ਪ੍ਰਾਇਮਰੀ ਸਕੂਲ ਅਵਾਣ ਵਿਖੇ ਪੜਦੇ ਛੋਟੇ ਬੱਚੇ ਪੜਾਈ ਵਿੱਚ ਬਹੁਤ ਲਾਇਕ ਹਨ ਅਤੇ ਪੜੋ ਪੰਜਾਬ ਮਿਸ਼ਨ ਵਿੱਚ ਇਸ ਸਕੂਲ ਦੇ ਬੱਚਿਆਂ ਦੇ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ ਹੈ।ਪ੍ਰੀ-ਨਰਸਰੀ ਤੋਂ 5ਵੀਂ ਜਮਾਤ ਤੱਕ ਕੁੱਲ 41 ਬੱਚਿਆਂ ਨੂੰ 3 ਅਧਿਆਪਕ ਵਿਦਿਆ ਦਾ ਦਾਨ ਵੰਡ ਰਹੇ ਹਨ। ਪੰਜਾਬ ਸਰਕਾਰ ਵਲੋਂ ਇਸ ਸਕੂਲ ਵਿੱਚ ਬੱਚਿਆਂ ਨੂੰ ਮੁਫ਼ਤ ਪੜਾਈ, ਕਿਤਾਬਾਂ, ਵਰਦੀਆਂ ਅਤੇ ਦੁਪਹਿਰ ਦਾ ਖਾਣਾ ਮੁਹੱਈਆ ਕਰਾਇਆ ਜਾ ਰਿਹਾ ਹੈ।ਸਕੂਲ ਦੀ ਇਮਾਰਤ ਬਹੁਤ ਖੂਬਸੂਰਤ ਹੈ ਅਤੇ ਅਧਿਆਪਕਾਂ ਨੇ ਬੜੀ ਮਿਹਨਤ ਤੇ ਲਗਨ ਨਾਲ ਸਮਾਰਟ ਕਲਾਸ ਰੂਮ ਤਿਆਰ ਕੀਤੇ ਹਨ।
ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਰਜਵੰਤ ਕੌਰ ਨੇ ਦੱਸਿਆ ਕਿ ਸਕੂਲ ਦੇ ਅਕਾਦਮਿਕ ਨਤੀਜੇ ਬਹੁਤ ਵਧੀਆ ਹਨ ਅਤੇ ਵਿਦਿਆਰਥੀਆਂ ਨੇ ਪੜੋ ਪੰਜਾਬ ਦੇ ਨਿਰਧਾਰਤ ਟੀਚਿਆਂ ਨੂੰ ਸਰ ਕੀਤਾ ਹੈ।ਉਨਾਂ ਦੱਸਿਆ ਕਿ ਸਾਲ 2010 ਵਿੱਚ ਸਕੂਲ ਦੀ ਇਮਾਰਤ ਨਵੀਂ ਬਣਾਈ ਗਈ ਸੀ ਅਤੇ ਕਲਾਸ ਰੂਮ ਅਧੁਨਿਕ ਜਰੂਰਤਾਂ ਅਨੁਸਾਰ ਤਿਆਰ ਕੀਤੇ ਗਏ ਹਨ। ਪਹਿਲੀ ਤੋਂ ਪੰਜਵੀਂ ਤੱਕ ਬੱਚਿਆਂ ਨੂੰ ਕੰਪਿਊਟਰ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਸਕੂਲ ਪੜਦੇ ਸਾਰੇ ਹੀ ਬੱਚੇ ਕੰਪਿਊਟਰ ਦਾ ਮੁੱਢਲਾ ਗਿਆਨ ਰੱਖਦੇ ਹਨ। ਛੋਟੇ ਬੱਚੇ ਜਿਥੇ ਆਪਣੇ ਸਿਲੇਬਸ ਦੀਆਂ ਕਿਤਾਬਾਂ ਪੜਦੇ ਹਨ ਉਥੇ ਬੱਚਿਆਂ ਲਈ ਇੱਕ ਲਾਇਬਰੇਰੀ ਵੀ ਬਣਾਈ ਗਈ ਹੈ, ਜਿਥੇ ਉਨਾਂ ਲਈ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਕਿਤਾਬਾਂ ਪੜਨ ਲਈ ਰੱਖੀਆਂ ਗਈਆਂ ਹਨ।ਸਕੂਲ ਦੇ ਵਿਹੜੇ ਵਿੱਚ ਖੇਡ ਪਾਰਕ ਤਿਆਰ ਕੀਤੀ ਗਈ ਹੈ ਜਿਥੇ ਬੱਚਿਆਂ ਦੇ ਖੇਡਣ ਅਤੇ ਮੰਨੋਰੰਜਨ ਲਈ ਪੰਘੂੜੇ ਲਗਾਏ ਗਏ ਹਨ।
ਪਿੰਡ ਅਵਾਣ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੀ ਇਮਾਰਤ ਇਨੀ ਖੂਬਸੂਰਤ ਹੈ ਕਿ ਪਹਿਲੀ ਨਜ਼ਰੇ ਇਹ ਕਿਸੇ ਮਹਿੰਗੇ ਨਿੱਜੀ ਸਕੂਲ ਦਾ ਭੁਲੇਖਾ ਪਾਉਂਦੀ ਹੈ।ਸਾਰੇ ਬੱਚਿਆਂ ਦੇ ਬੈਠਣ ਲਈ ਡੈਸਕ ਉਪਲੱਬਧ ਹਨ। ਸਕੂਲ ਵਿੱਚ ਸਾਫ਼-ਸਫ਼ਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਅਤੇ ਸਕੂਲ ਦੇ ਵਿਹੜੇ ਵਿੱਚ ਬਹੁਤ ਖੂਬਸੂਰਤ ਲੈਂਡ-ਸਕੇਪਿੰਗ ਕਰਕੇ ਕਈ ਤਰਾਂ ਦੇ ਫੁੱਲਾਂ ਦੇ ਅਤੇ ਸਜ਼ਾਵਟੀ ਬੂਟੇ ਲਗਾਏ ਗਏ ਹਨ।  
ਸਕੂਲ ਅਧਿਆਪਕ ਅਮਰਜੀਤ ਸਿੰਘ ਨੇ ਦੱਸਿਆ ਕਿ ਉਨਾਂ ਦੇ ਸਕੂਲ ਵਿੱਚ ਪੜਾਈ ਦਾ ਪੱਧਰ ਇਨਾਂ ਵਧੀਆ ਹੈ ਕਿ ਪਿੰਡ ਦੇ ਅਮੀਰ ਘਰਾਂ ਦੇ ਬੱਚੇ ਵੀ ਇਸ ਸਰਕਾਰੀ ਸਕੂਲ ਪੜਨ ਆਉਂਦੇ ਹਨ।ਉਨਾਂ ਕਿਹਾ ਕਿ ਬੱਚਿਆਂ ਨੂੰ ਮੁਕਾਬਲੇਬਾਜ਼ੀ ਦੇ ਇਸ ਦੌਰ ਵਿੱਚ ਇਸ ਤਰਾਂ ਤਿਆਰ ਕੀਤਾ ਜਾ ਰਿਹਾ ਹੈ ਕਿ ਉਹ ਭਵਿੱਖ ਵਿੱਚ ਦੂਸਰੇ ਵਿਦਿਆਰਥੀਆਂ ਨਾਲ ਮੁਕਾਬਲਾ ਕਰ ਸਕਣ।ਉਨਾਂ ਦੱਸਿਆ ਕਿ ਬੱਚਿਆਂ ਨੂੰ ਜਿਥੇ ਮਾਂ ਬੋਲੀ ਪੰਜਾਬੀ ਦਾ ਗਿਆਨ ਦਿੱਤਾ ਜਾ ਰਿਹਾ ਹੈ ਉਥੇ ਉਨਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਮਹਿਰ ਬਣਾਇਆ ਜਾ ਰਿਹਾ ਹੈ।
ਸਕੂਲ ਪੜਦੇ ਬੱਚਿਆਂ ਦੇ ਮਾਪੇ ਇਸ ਸਰਕਾਰੀ ਸਕੂਲ ਦੀ ਪੜਾਈ ਅਤੇ ਇਥੋਂ ਮਿਲ ਰਹੀਆਂ ਸਹੂਲਤਾਂ ਤੋਂ ਖੁਸ਼ ਹਨ ਅਤੇ ਮਾਪਿਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਮਿਸਾਲੀ ਕੰਮਾਂ ਵਿਚੋਂ ਪਿੰਡ ਅਵਾਣ ਦੀ ਉਦਾਹਰਨ ਦੂਸਰੇ ਸਕੂਲਾਂ ਲਈ ਵੀ ਪ੍ਰੇਰਨਾ ਸਰੋਤ ਹੈ।

Check Also

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ …

Leave a Reply