ਅਸਤੀਫੇ `ਚ ਖਰਾਬ ਸਿਹਤ ਦਾ ਦਿੱਤਾ ਹਵਾਲਾ, ਹੋਈਆਂ ਭੁੱਲਾਂ ਲਈ ਮੰਗੀ ਮਾਫੀ
ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਖਰਾਬ ਸਿਹਤ ਦਾ ਹਵਾਲਾ ਦਿੰਦਿਆਂ
ਸ੍ਰੀ ਅਕਾਲ ਤਖਤ ਸਾਹਿਬ ਵੀ ਸੇਵਾ ਤੋਂ ਅਸਮਰੱਥਾ ਜਤਾਈ ਹੈ।ਅੱਜ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਸਮੂਚੇ ਖਾਲਸਾ ਪੰਥ ਨੂੰ ਬਖਸ਼ੇ ਸਿਰਮੋਰ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸੇਵਾ ਸ਼੍ਰੋਮਣੀ ਗੁ: ਪ੍ਰ: ਕਮੇਟੀ, ਸਮੁੱਚੀਆਂ ਧਾਰਮਿਕ ਜਥੇਬੰਦੀਆਂ, ਸਭਾ ਸੁਸਾਇਟੀਆਂ ਅਤੇ ਸਮੁੱਚੀ ਸਾਧ ਸੰਗਤ ਦੇ ਸਹਿਯੋਗ ਨਾਲ ਦਾਸ ਨੂੰ ਲਗਾਤਾਰ 10 ਸਾਲ ਤੋਂ ਇਸ ਮਹਾਨ ਤਖ਼ਤ ਦਾ ਕੂਕਰ ਬਣ ਕੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ।ਦਾਸ ਰੋਮ-ਰੋਮ ਕਰਕੇ ਸਮੁੱਚੇ ਖਾਲਸਾ ਪੰਥ ਦਾ ਰਿਣੀ ਹੈ ਜਿਸ ਨੇ ਸਮੇਂ-ਸਮੇਂ ਸਿਰ ਪੰਥ ਵਿਚ ਆਈਆਂ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਲਈ ਦਾਸ ਨੂੰ ਸਹਿਯੋਗ ਬਖਸ਼ਿਆ।ਸਮੁੱਚੇ ਖਾਲਸਾ ਪੰਥ ਨੇ ਏਕਤਾ ਦਾ ਸਬੂਤ ਦਿੰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਹਿਨੁਮਾਈ ਹੇਠ ਪੰਥ ਦੇ ਮਹਾਨ ਕੌਮੀ ਜੂਝਾਰੂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇ ਤਖਤੇ ਤੋਂ ਬਚਾਉਣ ਲਈ ਸੰਘਰਸ਼ ਕੀਤਾ ਹੈ।ਦਸਮ ਗ੍ਰੰਥ ਅਤੇ ਬਾਣੀਆਂ ਦੇ ਖਿਲਾਫ ਬੋਲਣ ਵਾਲਿਆਂ ਨੂੰ ਠੱਲ ਪਾਈ।ਜੂਨ 1984 ਨੂੰ ਸ਼ਹੀਦ ਹੋਏ ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਅਤੇ ਉਹਨਾਂ ਦੇ ਸਾਥੀ ਸਿੰਘਾਂ ਦੀ ਯਾਦਗਾਰ ਉਸਾਰਨ ਵਿਚ ਵੀ ਦਮਦਮੀ ਟਕਸਾਲ ਨੂੰ ਪੂਰਨ ਸਹਿਯੋਗ ਦਿੱਤਾ।ਕੌਮੀ ਸ਼ਹੀਦਾਂ ਦੀਆਂ ਤਸਵੀਰਾਂ ਵੀ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਵਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਉਥੇ ਹੀ ਪੰਥ ਦੇ ਮਹਾਨ ਵਿਦਵਾਨਾਂ, ਸੰਤ ਮਹਾਪੁਰਖਾਂ, ਧਾਰਮਿਕ ਜਥੇਬੰਦੀਆਂ ਦੇ ਮੁੱਖੀਆਂ ਅਤੇ ਗੁਰੂ ਘਰ ਦੇ ਕੀਰਤਨੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਨਮਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ ਦੇ ਨਾਤੇ ਇਸ ਲੰਮੇ ਸਮੇਂ ਦੋਰਾਨ ਬਹੁਤ ਸਾਰੇ ਕੌਮੀ ਮਸਲੇ ਅਤੇ ਗੁਰੂ ਗ੍ਰੰਥ ਅਤੇ ਪੰਥ ਨੂੰ ਗੰਭੀਰ ਚੁਣੋਤੀਆਂ ਦੇਣ ਵਾਲੇ ਮੁਆਮਲੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁੱਖ ਆਏ ਜਿੰਨ੍ਹਾ ਦਾ ਨਿਪਟਾਰਾ ਗੁਰੂ ਦੇ ਭੈਅ ਵਿਚ ਰਹਿ ਕੇ ਸਹਿਯੋਗੀ ਸਿੰਘ ਸਾਹਿਬਾਨਾਂ, ਪੰਥਕ ਸੰਸਥਾਵਾਂ ਅਤੇ ਸੰਗਤ ਦੇ ਸਹਿਯੋਗ ਨਾਲ ਪੰਥਕ ਰੁਹ-ਰੀਤਾਂ ਅਨੁਸਾਰ ਕੀਤਾ ਗਿਆ।ਮੈਨੂੰ ਮਾਨ ਹੈ ਕਿ ਸਮੂਹ ਸਿੱਖ ਸੰਸਥਾਵਾਂ, ਸੰਪਰਦਾਵਾਂ ਅਤੇ ਖਾਲਸਾ ਪੰਥ ਨੇ ਗੁਰੂ ਤਖ਼ਤ ਤੋਂ ਜਾਰੀ ਸਿੰਘ ਸਾਹਿਬਾਨਾਂ ਦੇ ਫੈਸਲੇ ਖਿੜੇ ਮੱਥੇ ਪ੍ਰਵਾਨ ਕੀਤੇ ਅਤੇ ਇਹਨਾਂ ਉੱਪਰ ਡੱਟ ਕੇ ਪਹਿਰਾ ਦਿੱਤਾ।
ਸਰਸੇ ਵਾਲੇ ਅਖੌਤੀ ਅਸਾਧ ਦੇ ਸਬੰਧੀ ਲਏ ਗਏ ਫੈਸਲੇ ਪ੍ਰਤੀ ਕਿੰਤੂ-ਪ੍ਰੰਤੂ ਵੀ ਹੋਇਆ।ਖਾਲਸਾ ਪੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਸਿੰਘ ਸਾਹਿਬਾਨਾਂ ਦੀ ਰਾਏ ਨਾਲ ਦਿੱਤਾ ਫੈਸਲਾ ਵਾਪਸ ਲੈ ਲਿਆ ਗਿਆ।ਦਾਸ ਹਮੇਸ਼ਾ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿੱਤ ਹੈ ਅਤੇ ਅੰਤਮ ਸੁਵਾਸਾਂ ਤੱਕ ਰਹੇਗਾ।ਗੁਰਬਾਣੀ ਦਾ ਫੁਰਮਾਨ ਹੈ “ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥” ਦੇ ਅਨੁਸਾਰ ਜੀਵ ਭੁਲਣਹਾਰ ਹੈ, ਆਪਣੇ ਸੇਵਾ ਕਾਲ ਦੋਰਾਨ ਜਾਣੇ-ਅਣਜਾਨੇ ਵਿਚ ਹੋਈਆਂ ਭੁੱਲਾਂ ਆਪਣੀ ਝੋਲੀ ਪਾਉਂਦਾ ਹੋਇਆ ਦਾਸ ਸਮੂਚੇ ਖਾਲਸਾ ਪੰਥ ਕੋਲੋਂ ਖਿਮ੍ਹਾਂ ਯਾਚਨਾ ਕਰਦਾ ਹਾਂ।
ਕੁਦਰਤ ਦੇ ਨਿਯਮ ਅਨੁਸਾਰ ਵੱਡੇਰੀ ਉਮਰ ਅਤੇ ਇਸ ਨਾਲ ਜੁੜ ਰਹੀਆਂ ਸਿਹਤ ਦੀਆਂ ਕੁੱਝ ਦਿੱਕਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਕਰਵਾ ਰਹੀਆਂ ਹਨ ਕਿ ਬਹੁਤ ਹੀ ਜਿੰਮੇਵਾਰੀ ਵਾਲੀ ਸੇਵਾ ਨਿਭਾਉਣ ਤੋਂ ਦਾਸ ਅਸਮਰੱਥ ਹੈ।ਖਾਲਸਾ ਪੰਥ, ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਸਮੂਚੇ ਅਗਜ਼ੈਕਟੀਵ ਨੂੰ ਇਸ ਅਹਿਮ ਪੱਦਵੀ `ਤੇ ਯੋਗ ਵਿਅਕਤੀ ਨੂੰ ਨਿਯਤ ਕਰਦਿਆਂ ਦਾਸ ਨੂੰ ਸੇਵਾ ਮੁਕਤ ਕਰ ਦਿੱਤਾ ਜਾਵੇ।ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਪੰਥ ਦੀ ਚੜਦੀ ਕਲ੍ਹਾਂ ਦੀ ਅਰਦਾਸ ਕਰਦਾ ਹਾਂ।ਦਾਸ ਹਮੇਸ਼ਾਂ ਖਾਲਸਾ ਪੰਥ ਦਾ ਸੇਵਾਦਾਰ ਰਹਾਂਗਾ।ਸਹਿਯੋਗ ਲਈ ਸਮੁੱਚੀਆਂ ਧਾਰਮਿਕ ਜਥੇਬੰਦੀਆਂ ਤੇ ਸੰਗਤਾਂ ਦਾ ਧੰਨਵਾਦ ਕਰਦਾ ਹਾਂ।
ਦੱਸਣਯੌਗ ਹੈ ਕਿ ਡੇਰਾ ਸਿਰਸਾ ਸਾਧ ਨੂੰ ਪਹਿਲਾਂ ਮੂਆਫੀ ਦੇਣ ਤੇ ਫਿਰ ਹੁਕਮਨਾਮਾ ਵਾਪਸ ਲੈਣ ਦੇ ਸਮੇਂ ਤੋਂ ਹੀ ਸਿੱਖ ਸੰਗਤਾਂ ਵਲੋਂ ਗਿਆਨੀ ਗੁਰਬਚਨ ਸਿੰਘ ਦਾ ਵਿਰੋਧ ਕਰਦਿਆਂ ਅਸਤੀਫਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ।
Punjab Post Daily Online Newspaper & Print Media