ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਵਿਖੇ `ਗੁਰੂ ਨਾਨਕ ਬਾਣੀ ਦੀ ਬਹੁਪੱਖੀ ਸਾਰਥਿਕਤਾ: 21ਵੀਂ ਸਦੀ ਦੇ ਸੰਦਰਭ ਵਿਚ` ਵਿਸ਼ੇ ਉਪਰ ਦੋ-ਰੋਜ਼ਾ ਸੈਮੀਨਾਰ ਸੰਪੰਨ ਹੋਇਆ।ਸੈਮੀਨਾਰ ਦਾ ਉਦਘਾਟਨ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਕਮਲਜੀਤ ਸਿੰਘ ਨੇ ਕੀਤਾ।ਉਨ੍ਹਾਂ ਆਪਣੇ ਉਦਘਾਟਨੀ ਸ਼ਬਦਾਂ ਵਿਚ ਆਖਿਆ ਕਿ ਅੱਜ ਵਿਸ਼ਵ ਪੱਧਰ ਉਪਰ ਗੁਰੂ ਨਾਨਕ ਦੇਵ ਦੇ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੇ ਸਿਧਾਂਤ ਨੂੰ ਅਮਲੀ ਰੂਪ ਵਿਚ ਅਪਣਾਉਣ ਦੀ ਲੋੜ ਹੈ, ਜੇਕਰ ਗੁਰੂ ਸਾਹਿਬ ਦੀਆਂ ਇਨ੍ਹਾਂ ਮੁਢਲੀਆਂ ਸਿੱਖਿਆਵਾਂ ਨੂੰ ਅਜੋਕੇ ਮਨੁੱਖ ਵਲੋਂ ਅਪਣਾ ਲਿਆ ਜਾਂਦਾ ਹੈ, ਉਸ ਨੂੰ ਕਿਸੇ ਹੋਰ ਚੌਥੀ ਚੀਜ਼ ਦੀ ਕੋਈ ਜ਼ਰੂਰਤ ਨਹੀਂ।ਕੈਲੇਫੋਰਨੀਆ ਯੂਨੀਵਰਸਿਟੀ ਤੋਂ ਪੁਜੇ ਪ੍ਰੋ. ਗੁਰਿੰਦਰ ਸਿੰਘ ਮਾਨ ਨੇ ਕੁੰਜੀਵਤ ਭਾਸ਼ਣ ਵਿਚ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਅਧਿਐਨ-ਕਾਰਜਾਂ ਨੂੰ ਨਵੇਕਲੇ ਸੰਦਰਭਾਂ ਵਿਚ ਵਿਆਖਿਆਉਣ ਉਪਰ ਜ਼ੋਰ ਦਿਤਾ।ਪ੍ਰੋ. ਸਰਬਜਿੰਦਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਦਸਿਆ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਉਪਦੇਸ਼ਾਂ ਨੂੰ ਵਿਭਿੰਨ ਦਰਪੇਸ਼ ਚੁਣੌਤੀਆਂ ਦੇ ਸੰਦਰਭ ਵਿਚ ਸਮਝਣਾ ਚਾਹੀਦਾ ਹੈ। ਇਸ ਤੋਂ ਬਾਅਦ ਪਹਿਲੇ ਅਕਾਦਮਿਕ ਸੈਸ਼ਨ ਵਿਚ ਡਾ. ਕੁਲਵਿੰਦਰ ਸਿੰਘ ਬਾਜਵਾ, ਪ੍ਰਿੰ. ਗੁਰਬੀਰ ਸਿੰਘ ਅਤੇ ਡਾ. ਦਿਲਬਰ ਸਿੰਘ ਨੇ ਗੁਰੂ ਨਾਨਕ ਬਾਣੀ ਨਾਲ ਸੰਬੰਧਿਤ ਵਖ-ਵਖ ਵਿਸ਼ਿਆਂ ਉਪਰ ਪਰਚੇ ਪ੍ਰਸਤੁਤ ਕੀਤੇ। ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਜਸਬੀਰ ਸਿੰਘ ਸਾਬਰ ਨੇ ਕੀਤੀ।ਸੈਮੀਨਾਰ ਦੇ ਬਾਕੀ ਸੈਸ਼ਨਾਂ ਵਿਚ ਪ੍ਰੋ. ਧਰਮ ਸਿੰਘ, ਡਾ. ਦਿਲਜੀਤ ਸਿੰਘ, ਡਾ. ਆਤਮਾ ਸਿੰਘ ਗਿੱਲ, ਭਾਈ ਅਰਮਦਨ ਸਿੰਘ ਢਿਲੋਂ, ਡਾ. ਮਨਜੀਤ ਸਿੰਘ, ਡਾ. ਬਲਜੀਤ ਸਿੰਘ, ਡਾ. ਬਰਿੰਦਰ ਕੌਰ ਆਦਿ ਨੇ ਪਰਚੇ ਪੇਸ਼ ਕੀਤੇ।
ਸੈਮੀਨਾਰ ਦੇ ਅੰਤਲੇ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਸੁਲੱਖਣ ਸਿੰਘ ਨੇ ਕੀਤੀ।ਸੈਮੀਨਾਰ ਦੇ ਅੰਤ ਵਿਚ ਵਿਭਾਗ ਦੇ ਡੀਨ ਫੈਕਲਟੀ ਭਾਈ ਬਲਦੀਪ ਸਿੰਘ ਨੇ ਵਿਦਵਾਨਾਂ ਦੁਆਰਾ ਗੁਰੂ ਨਾਨਕ ਬਾਣੀ ਦੇ ਵੱਖ-ਵੱਖ ਪਹਿਲੂਆਂ ਬਾਰੇ ਪੇਸ਼ ਕੀਤੇ ਵਿਚਾਰਾਂ ਦੀ ਭਰਪੂਰ ਸ਼ਲਾਘਾ ਕੀਤੀ।ਪ੍ਰੋ. ਅਮਰਜੀਤ ਸਿੰਘ ਮੁਖੀ ਗੁਰੂ ਨਾਨਕ ਅਧਿਐਨ ਵਿਭਾਗ ਨੇ ਸੈਮੀਨਾਰ ਵਿਚ ਸ਼ਾਮਿਲ ਹੋਏ ਸਮੂਹ ਵਿਦਵਾਨਾਂ ਅਤੇ ਪਤਵੰਤੇ ਸਜਣਾਂ ਦਾ ਧੰਨਵਾਦ ਕੀਤਾ।ਸੈਮੀਨਾਰ ਵਿਚ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ ਅਤੇ ਵਿਦਿਅਕ ਸੰਸਥਾਵਾਂ ਤੋਂ ਖੋਜਾਰਥੀਆਂ, ਵਿਦਿਆਰਥੀਆਂ, ਵਿਦਵਾਨਾਂ ਨੇ ਭਾਗ ਲਿਆ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਭਿੰਨ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਥੀਆਂ ਨੇ ਵੀ ਸੈਮੀਨਾਰ ਵਿਚ ਭਾਗ ਲਿਆ।
ਨਤੀਜੇ ਵਜੋਂ ਸੈਮੀਨਾਰ ਦੌਰਾਨ ਇਹ ਸਾਂਝੀ ਰਾਇ ਉਭਰ ਕੇ ਸਾਹਮਣੇ ਆਈ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅੱਜ ਵੀ ਉਨੀਆਂ ਹੀ ਸਾਰਥਕ ਹਨ, ਜਿੰਨੀਆਂ ਕਿ ਅੱਜ ਤੋਂ 550 ਸਾਲ ਪਹਿਲਾਂ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …