ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ – ਸੰਧੂ) – ਬੀਤੇ ਦਿਨੀ ਬਠਿੰਡਾ ਵਿਖੇ ਸੰਪੰਨ ਹੋਈਆਂ 64ਵੀਂਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਅੰਡਰ 17 ਸਾਲ ਉਮਰ ਵਰਗ ਦੇ ਹਾਕੀ ਖੇਡ ਮੁਕਾਬਲਿਆਂ ਦਾ ਚੈਂਪੀਅਨ ਤਾਜ ਬੇਸ਼ੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿੰਗ ਦੀ ਟੀਮ ਦੇ ਸਿਰ ਸੱਜਿਆ ਹੈ।ਪਰ ਇਸ ਜਿੱਤ ਦਾ ਗੌਰਵਮਈ ਇਤਿਹਾਸ ਰੱਚਣ ਵਾਲੇ ਕੌਮੀ ਹਾਕੀ ਖਿਡਾਰੀ ਅਰਾਏਜੀਤ ਸਿੰਘ ਹੁੰਦਲ ਪੁੱਤਰ ਕੌਮੀ ਹਾਕੀ ਖਿਡਾਰੀ ਤੇ ਡਿਪਟੀ ਸੀ.ਆਈ.ਟੀ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਦੀ ਬੇਮਿਸਾਲ ਖੇਡ ਸ਼ੈਲੀ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ।ਅਰਾਏਜੀਤ ਸਿੰਘ ਹੁੰਦਲ ਦੀ ਚੋਣ ਕੌਮੀ ਕੈਂਪ ਤੇ ਕੌਮੀ ਹਾਕੀ ਖੇਡ ਪ੍ਰਤੀਯੋਗਤਾ ਦੇ ਲਈ ਕੀਤੀ ਗਈ ਹੈ ਤੇ ਹੁਣ ਉਹ 28 ਨਵੰਬਰ ਤੋਂ ਰਾਂਚੀ ਝਾਰਖੰਡ ਵਿਖੇ ਹੋਣ ਵਾਲੀ ਹਾਕੀ ਖੇਡ ਪ੍ਰਤੀਯੋਗਤਾ ਵਿੱਚ ਪੰਜਾਬ ਦੀ ਟੀਮ ਵੱਲੋਂ ਖੇਡੇਗਾ।
ਦੱਸਣਯੋਗ ਹੈ ਕਿ ਬਠਿੰਡਾ ਵਿਖੇ ਰਾਜਪੱਧਰੀ ਖੇਡ ਪ੍ਰਤੀਯੋਗਤਾ ਦੇ ਫਾਈਨਲ ਵਿੱਚ ਪੁੱਜਣ ਤੋਂ ਪਹਿਲਾਂ ਜਿੰਨੇ ਵੀ ਮੈਚ ਖੇਡੇ ਗਏ ਹਰੇਕ ਮੈਚ ਵਿੱਚ ਅਰਾਏਜੀਤ ਸਿੰਘ ਹੁੰਦਲ ਦੀ ਕਾਰਗੁਜ਼ਾਰੀ ਬੇਮਿਸਾਲ ਰਹੀ ਜਦੋਂ ਕਿ ਫਰਸਟ ਰਨਰਜ਼ ਅੱਪ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦਰਮਿਆਨ ਖੇਡੇ ਗਏ ਫਾਈਨਲ ਮੈਚ ਵਿੱਚ ਵੀ ਦੋ ਜੇਤੂ ਗੋਲ ਅਰਾਏਜੀਤ ਸਿੰਘ ਹੁੰਦਲ ਵੱਲੋਂ ਹੀ ਕੀਤੇ ਗਏ ਕੁਲ ਮਿਲਾਕੇ ਹਲਕੀ ਉਮਰੇ ਵੱਡੀਆ ਪ੍ਰਾਪਤੀਆਂ ਉਪਰੋਕਤ ਖਿਡਾਰੀ ਸਾਰੇ ਮੈਚਾਂ ਦਾ ਬੈਸਟ ਸਕੋਰਰ ਵੀ ਰਿਹਾ ਹੈ।
ਅਰਾਏਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਉਸ ਨੂੰ ਹਾਕੀ ਖੇਡ ਦੀ ਗੁੜਤੀ ਪਿਤਾ ਪੁਰਖੀ ਪਰਿਵਾਰ ਤੋਂ ਮਿਲੀ ਹੈ।ਮੌਜੂਦਾ ਪ੍ਰਾਪਤੀਆਂ ਦਾ ਸਿਹਰਾ ਉਸ ਦੀ ਪ੍ਰਿੰਸੀਪਲ ਮਨਮੀਤ ਕੌਰ, ਡੀ.ਪੀ.ਈ ਸਲਵਿੰਦਰ ਸਿੰਘ, ਸਾਬਕਾ ਏ.ਈ.ਓ ਕੁਲਜਿੰਦਰ ਸਿੰਘ ਮੱਲ੍ਹੀ ਆਦਿ ਦੇ ਸਿਰ ਜਾਂਦਾ ਹੈ।ਉਸ ਨੇ ਦੱਸਿਆ ਕਿ 28 ਨਵੰਬਰ ਤੋਂ ਲੈ ਕੇ 2 ਦਸਬੰਰ ਤੱਕ ਰਾਂਚੀ ਵਿਖੇ ਹੋਣ ਵਾਲੀ ਰਾਸ਼ਟਰ ਪੱਧਰੀ ਖੇਡ ਪ੍ਰਤੀਯੋਗਤਾ ਵਿੱਚ ਉਹ ਅਹਿਮ ਭੂਮਿਕਾ ਅਦਾ ਕਰਕੇ ਪੰਜਾਬ ਦੀ ਟੀਮ ਨੂੰ ਚੈਂਪੀਅਨ ਤਾਜ ਪਹਿਨਾ ਕੇ ਜਿੱਤ ਦੇ ਗੌਰਵਮਈ ਸੁਨਿਹਰੀ ਇਤਿਹਾਸ ਨੂੰ ਦੁਹਰਾਏਗਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …