ਏਸ਼ੀਅਨ ਡਿਵਲਪਮੈਂਟ ਬੈਂਕ ਨਾਲ ਮਿਲ ਕੇ ਕੰਮ ਕਰੇਗਾ ਪੰਜਾਬ ਹੈਰੀਟੇਜ ਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ
ਅੰਮ੍ਰਿਤਸਰ, 27 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਵਲੋਂ ਏਸ਼ੀਅਨ ਡਿਵਲਪਮੈਂਟ ਬੈਂਕ ਦੀ ਸਹਾਇਤਾ ਨਾਲ ਸ਼ਹਿਰ ਦੀ ਕੇਂਦਰ ਬਿੰਦੂ ਟਾਊਨ ਹਾਲ ਵਿਖੇ ਸੈਲਾਨੀਆਂ ਦੀ ਸਹੂੂਲਤ ਲਈ ਫੂਡ ਸਟਰੀਟ ਅਤੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਚੁਗਿਰਦੇ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਉਕਤ ਪ੍ਰਾਜੈਕਟਾਂ ਦੀ ਸ਼ੁਰੂਆਤ ਏਸ਼ੀਅਨ ਡਿਵਲਪਮੈਂਟ ਬੈਂਕ ਦੇ ਭਾਰਤ ਸਥਿੱਤ ਮੁੱਖੀ ਸ੍ਰੀ ਕਨੇਚੀ ਯੋਕੋਯਾਮਾ, ਟੂਰਿਜ਼ਮ ਵਿਭਾਗ ਦੇ ਸੈਕਟਰੀ ਸ੍ਰੀ ਵਿਕਾਸ ਪ੍ਰਤਾਪ ਸਿੰਘ ਅਤੇ ਡਾਇਰੈਕਟਰ ਮਲਵਿੰਦਰ ਸਿੰਘ ਜੱਗੀ ਵਲੋਂ ਸਾਂਝੇ ਤੌਰ `ਤੇ ਨੀਂਹ ਪੱਥਰ ਰੱਖ ਕੇ ਕੀਤੀ ਗਈ। ਇਸ ਮੌਕੇ ਪ੍ਰਾਜੈਕਟ ਅਫ਼ਸਰ ਵਿਵੇਕ ਵਿਸ਼ਾਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਉਕਤ ਅਧਿਕਾਰੀਆਂ ਨੇ ਅੱਜ ਸ਼ਹਿਰ ਵਿਚ ਲਗਭਗ 53 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ।
ਕਿਲ੍ਹਾ ਗੋਬਿੰਦਗੜ੍ਹ ਵਿਖੇ ਪ੍ਰੈਸ ਨਾਲ ਗਲਬਾਤ ਕਰਦਿਆਂ ਸ੍ਰੀ ਵਿਕਾਸ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਕਤ ਪ੍ਰਾਜੈਕਟਾਂ ਤੋਂ ਇਲਾਵਾ ਕਿਲ੍ਹਾ ਗੋਬਿੰਦ ਗੜ੍ਹ ਵਿੱਚ ਹਥਿਆਰਾਂ ਅਤੇ ਸਿੱਕਿਆਂ ਦਾਂ ਅਜਾਇਬ ਘਰ ਜਿਸ `ਤੇ ਕ੍ਰਮਵਾਰ 7.81 ਕਰੋੜ ਅਤੇ 1.44 ਕਰੋੜ ਦੀ ਲਾਗਤ ਆਈ ਹੈ ਵੀ ਤਿਆਰ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਹਥਿਆਰਾਂ ਦੇ ਅਜਾਇਬ ਘਰ ਵਿੱਚ ਸਿੱਖ ਫੌਜ ਦੀ ਵਿਰਾਸਤ, ਗਤਕਾ ਗੈਲਰੀ, ਰਵਾਇਤੀ ਹਥਿਆਰ ਅਤੇ ਹੋਰ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ, ਜਦਕਿ ਸਿੱਕਿਆਂ ਦੇ ਅਜਾਇਬ ਘਰ ਵਿਚ ਸਿੱਖ ਰਾਜ ਦੇ ਸਮੇਂ ਦੇ ਸਿੱਕੇ ਪ੍ਰਦਰਸ਼ਿਤ ਕੀਤੇ ਗਏ ਹਨ। 
ਉਨ੍ਹਾਂ ਦੱਸਿਆ ਕਿ ਏਸ਼ੀਅਨ ਡਿਵਲਪਮੈਂਟ ਬੈਂਕ ਵਲੋਂ ਇਨ੍ਹਾਂ ਸਾਰੇ ਪ੍ਰਾਜੈਕਟਾਂ ਲਈ ਵਿੱਤੀ ਸਹਾਇਤਾ ਦਿੱਤੀ ਗਈ ਹੈ।ਟਾਊਨ ਹਾਲ ਵਿਖੇ ਬਣਨ ਵਾਲੀ ਫੂਡ ਸਟਰੀਟ ਬਾਰੇ ਵਿਕਾਸ ਪ੍ਰਤਾਪ ਸਿੰਘ ਨੇ ਦੱਸਿਆ ਕਿ ਚਾਰ ਹਜ਼ਾਰ ਵਰਗ ਮੀਟਰ ਵਿਚ ਬਣਨ ਵਾਲੀ ਇਸ ਸਟਰੀਟ ਵਿੱਚ ਖਾਣ-ਪੀਣ ਤੋਂ ਇਲਾਵਾ ਲਾਇਬ੍ਰੇਰੀ ਅਤੇ ਆਰਟ ਐਂਡ ਕਰਾਫਟ ਦੇ ਆਉਟਲੈਟ ਵੀ ਬਣਾਏ ਜਾਣਗੇ। ਇਸ ਤੋਂ ਇਲਾਵਾ ਕਾਨਫਰੰਸ ਰੂਮ ਅਤੇ ਪ੍ਰਦਰਸ਼ਨੀ ਹਾਲ ਵੀ ਇਸ ਸਟਰੀਟ ਦਾ ਹਿੱਸਾ ਹੋਣਗੇ, ਜਿਸ `ਤੇ ਲਗਭਗ 11 ਕਰੋੜ ਰੁਪਏ ਦੀ ਲਾਗਤ ਆਵੇਗੀ।ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ 31 ਮਾਰਚ 2020 ਤੱਕ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਆਲੇ ਦੁਆਲੇ ਦੇ ਸੁੰਦਰੀਕਰਨ ਪ੍ਰਾਜੈਕਟ ਜਿਸ `ਤੇ 32.54 ਕਰੋੜ ਦੀ ਲਾਗਤ ਆਉਣ ਦਾ ਅਨੁਮਾਨ ਹੈ ਬਾਰੇ ਗੱਲਬਾਤ ਕਰਦੇ ਕਨੇਚੀ ਯੋਕੋਯਾਮਾ ਨੇ ਕਿਹਾ ਕਿ ਇਸ ਵਿਚ ਖਜਾਨਾ ਗੇਟ ਤੋਂ ਸੁਲਤਾਨਵਿੰਡ ਚੌਂਕ ਤੱਕ 3.20 ਕਿਲੋਮੀਟਰ ਸੜਕ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਇਮਾਰਤਾਂ ਦਾ ਇਕੋ ਜਿਹਾ ਮੁਹਾਂਦਰਾ ਅਤੇ ਸਿੱਖ ਰਾਜ ਦੀਆਂ ਬਾਤਾਂ ਪਾਉਂਦੇ ਚਿੱਤਰ, ਪਾਰਕਿੰਗ ਥਾਵਾਂ, ਪਾਰਕ, ਸਬਜ਼ੀ ਵਿਕ੍ਰੇਤਾ ਲਈ ਮਾਰਕੀਟ, ਲੈਂਡਸਕੇਪਿੰਗ, ਸਾਇਕਲ ਟਰੈਕ, ਵਾਸ਼ਰੂਮ ਆਦਿ ਬਣਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ 30 ਜੂਨ 2020 ਤੱਕ ਪੂਰਾ ਕਰ ਲਿਆ ਜਾਵੇਗਾ।ਜਿਸ ਨਾਲ ਇਥੇ ਆਉਣ ਵਾਲੇ ਸ਼ਰਧਾਲੂਆਂ, ਰਹਿਣ ਵਾਲੇ ਲੋਕਾਂ ਅਤੇ ਸੈਲਨੀਆਂ ਨੂੰ ਵੱਡੀ ਸਹੂਲਤ ਤੇ ਆਕਰਸ਼ਨ ਮਿਲੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਰਾਜ ਵਿੱਚ ਸੈਰ ਸਪਾਟਾ ਸਨਅਤ ਨੂੰ ਵਿਕਸਿਤ ਕਰਨ ਲਈ ਯਤਨਸ਼ੀਲ ਅਤੇ ਅਸੀਂ ਇਸ ਲਈ ਹਰ ਤਰ੍ਹਾਂ ਦੀ ਵਿੱਤੀ ਸਹਾਇਤਾ ਦੇਣ ਲਈ ਤਿਆਰ ਹਾਂ।
ਇਸ ਮੌਕੇ ਇੰਦਰਬੀਰ ਸਿੰਘ ਬੁਲਾਰੀਆ ਵਿਧਾਇਕ, ਕਰਮਜੀਤ ਸਿੰਘ ਰਿੰਟੂ ਮੇਅਰ ਨਗਰ ਨਿਗਮ, ਯੂਨਿਸ ਕੁਮਾਰ ਡਿਪਟੀ ਮੇਅਰ, ਵਿਕਾਸ ਸੋਨੀ ਕੌਂਸਲਰ, ਮੈਡਮ ਸੋਨਾਲੀ ਗਿਰੀ ਕਮਿਸ਼ਨਰ ਨਗਰ ਨਿਗਮ ਅਤੇ ਜੁਗਲ ਕਿਸ਼ੋਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ ਵੀ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media