ਅੰਮ੍ਰਿਤਸਰ, 25 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਭਾਰਤ ਵਿਚ ਵਿਆਹ ਕਰਵਾ ਕੇ ਅਤੇ ਆਪਣੀਆਂ ਪਤਨੀਆਂ ਨੂੰ ਛੱਡ ਕੇ ਵਿਦੇਸ਼ ਦੌੜ ਗਏ ਲੜਕੇ ਹੁਣ
ਜੇਲ੍ਹਾਂ ਦੀ ਸਲਾਖਾਂ ਤੋਂ ਬਚ ਨਹੀਂ ਸਕਣਗੇ, ਚਾਹੇ ਉਹ ਵਿਦੇਸ਼ ਵਿਚ ਪੱਕੇ ਹੋਣ ਜਾਂ ਕੱਚੇ, ਕਿਉਂਕਿ ਅਜਿਹੇ ਕਥਿਤ ਦੋਸ਼ੀਆਂ ਨੂੰ ਵਿਦੇਸ਼ ਤੋਂ ਡਿਪੋਰਟ ਕਰਵਾਉਣ ਲਈ ਖੇਤਰੀ ਪਾਸਪੋਰਟ ਦਫਤਰ ਅੰਮ੍ਰਿਤਸਰ ਨੇ ਵੱਖਰਾ ਯੂਨਿਟ ਕਾਇਮ ਕਰ ਦਿੱਤਾ ਹੈ, ਜਿੱਥੇ ਕਿ ਕੇਵਲ ਤੇ ਕੇਵਲ ਅਜਿਹੇ ਕੇਸ ਹੀ ਵਿਚਾਰੇ ਜਾਂਦੇ ਹਨ ਅਤੇ ਪਹਿਲ ਦੇ ਅਧਾਰ ’ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆ ਕੇ ਸਬੰਧਤ ਵਿਅਕਤੀ ਦਾ ਪਾਸਪੋਰਟ ਜ਼ਬਤ ਕਰ ਲਿਆ ਜਾਂਦਾ ਹੈ ਅਤੇ ਵਿਦੇਸ਼ ਤੋਂ ਭਾਰਤ ਲਿਆਉਣ ਲਈ ਕਾਰਵਾਈ ਆਰੰਭ ਦਿੱਤੀ ਜਾਂਦੀ ਹੈ।ਥੋੜੇ ਦਿਨਾਂ ਵਿਚ ਇਹ ਦਫਤਰ 10 ਅਜਿਹੇ ਵਿਅਕਤੀਆਂ ਦੇ ਪਾਸਪੋਰਟ ਜਬਤ ਕਰ ਚੁੱਕਾ ਹੈ ਅਤੇ ਛੇਤੀ ਹੀ ਇਹ ਵਿਅਕਤੀ ਪੁਲਿਸ ਦੀ ਗ੍ਰਿਫਤ ਵਿਚ ਹੋਣਗੇ।
ਖੇਤਰੀ ਪਾਸਪਟੋਰਟ ਅਧਿਕਾਰੀ ਮੁਨੀਸ਼ ਕਪੂਰ, ਜਿੰਨਾਂ ਨੇ ਦੇਸ਼ ਵਿਚ ਇਹ ਨਿਵੇਕਲੀ ਪਹਿਲ ਕੀਤੀ ਹੈ, ਇਸ ਡੈਸਕ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਵਿਚ 40 ਹਜ਼ਾਰ ਦੇ ਕਰੀਬ ਅਜਿਹੇ ਕੇਸ ਹਨ, ਜਿੰਨਾਂ ਵਿਚ ਵਿਦੇਸ਼ੀ ਲੜਕੇ ਪੰਜਾਬ ਆ ਕੇ ਬੜੀ ਸ਼ਾਨੋ-ਸੌਕਤ ਨਾਲ ਵਿਆਹ ਕਰਵਾ ਗਏ। ਲੜਕੀਆਂ ਨੇ ਆਪਣੇ ਸਰੋਤਾਂ ਤੋਂ ਵੱਧ ਖਰਚ ਵੀ ਇੰਨਾ ਵਿਆਹਾਂ ’ਤੇ ਕੀਤਾ, ਪਰ ਇਹ ਲੜਕੇ ਥੋੜੇ ਸਮੇਂ ਬਾਅਦ ਲੜਕੀ ਨਾਲ ਰਹਿ ਕੇ ਉਸ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਲੈ ਕੇ ਵਿਦੇਸ਼ ਰਫੂ ਚੱਕਰ ਹੋ ਗਏ।ਕਈ ਕੇਸਾਂ ਵਿਚ ਤਾਂ ਇੰਨਾਂ ਲੜਕਿਆਂ ਨੇ ਸੁਹਰੇ ਪਰਿਵਾਰ ਤੋਂ ਵੱਡੀ ਰਕਮ ਵੀ ਵਸੂਲ ਕੀਤੀ ਹੈ। ਲੜਕਿਆਂ ਦੇ ਵਿਦੇਸ਼ ਭੱਜਣ ਤੋਂ ਬਾਅਦ ਸੁਹਰੇ ਪਰਿਵਾਰ ਨੇ ਵੀ ਇੰਨਾਂ ਲੜਕੀਆਂ ਨੂੰ ਜਲੀਲ ਕਰਕੇ ਘਰੋਂ ਕੱਢ ਦਿੱਤਾ ਅਤੇ ਅਜਕਲ ਬਹੁਤੀਆਂ ਅਜਿਹੀਆਂ ਲੜਕੀਆਂ ਆਪਣੇ ਪੇਕੇ ਘਰਾਂ ਵਿਚ ਰਹਿ ਰਹੀਆਂ ਹਨ ਅਤੇ ਕਈਆਂ ਦੇ ਗੋਦ ਵਿਚ ਬੱਚੇ ਵੀ ਹਨ।ਉਨਾਂ ਦੱਸਿਆ ਕਿ ਹੁਣ ਅਜਿਹੇ ਪੀੜਤ ਪਰਿਵਾਰਾਂ ਤੇ ਲੜਕੀਆਂ ਨੂੰ ਸਿਵਾਏ ਇੰਤਜਾਰ ਕਰਨ ਦੇ ਅਜਿਹਾ ਕੋਈ ਰਸਤਾ ਨਹੀਂ ਮਿਲ ਰਿਹਾ, ਜਿਸ ਨਾਲ ਉਹ ਨਿਆਂ ਪ੍ਰਾਪਤ ਕਰ ਸਕਣ।
ਉਨਾਂ ਦੱਸਿਆ ਕਿ ਹੁਣ ਅਸੀਂ ਅੰਮ੍ਰਿਤਸਰ ਰਣਜੀਤ ਐਵੀਨਿਊ ਸਥਿਤ ਪਾਸਪੋਰਟ ਦਫਤਰ ਵਿਚ ਇੰਨਾਂ ਕੇਸਾਂ ਨਾਲ ਨਿੱਜੱਠਣ ਲਈ ਵੱਖਰਾ ਸੈਲ ਕਾਇਮ ਕਰ ਦਿੱਤਾ ਹੈ, ਜਿੱਥੇ ਕਿ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜਿਲਿਆਂ ਦੀਆਂ ਪੀੜਤ ਧੀਆਂ, ਜਿੰਨਾ ਨੇ ਅਜਿਹੇ ਕੇਸਾਂ ਵਿਚ ਲੜਕੇ ਵਿਰੁੱਧ ਅਪਰਾਧਿਕ ਕੇਸ ਦਰਜ ਕਰਵਾਇਆ ਹੈ, ਉਹ ਸਹਾਇਤਾ ਪ੍ਰਾਪਤ ਕਰ ਸਕਦੀਆਂ ਹਨ।ਇੰਨਾਂ ਕੇਸਾਂ ਵਿਚ ਲੜਕੀਆਂ ਨੂੰ ਸੇਵਾਵਾਂ ਦੇਣ ਲਈ ਵਲੰਟੀਅਰ ਤੌਰ ’ਤੇ ਸ੍ਰੀਮਤੀ ਰੁਪਿੰਦਰ ਕੌਰ, ਸਵੈ ਇੱਛਾ ਨਾਲ ਪੀੜਤ ਲੜਕੀਆਂ ਦੀ ਸਹਾਇਤਾ ਕਰ ਰਹੇ ਹਨ ਅਤੇ ਦਫਤਰ ਬੈਠ ਕੇ ਇੰਨਾਂ ਕੇਸਾਂ ਨੂੰ ਤਿਆਰ ਕਰਦੇ ਹਨ।
ਕਪੂਰ ਨੇ ਦੱਸਿਆ ਕਿ ਅਜਿਹੇ ਕੇਸਾਂ ਨੂੰ ਵਿਚਾਰ ਕੇ ਸਖਤੀ ਨਾਲ ਐਕਸ਼ਨ ਲਿਆ ਜਾਂਦਾ ਹੈ ਅਤੇ ਭਗੌੜੇ ਹੋਏ ਲੜਕਿਆਂ ਦੇ ਪਾਸਪੋਰਟ ਆਨਲਾਈਨ ਜਬਤ ਕਰ ਦਿੱਤੇ ਜਾਂਦੇ ਹਨ, ਇਸ ਤੋਂ ਇਲਾਵਾ ਸਬੰਧਤ ਉਨਾਂ ਦੇਸ਼ਾਂ, ਜਿੰਨਾ ਨਾਲ ਭਾਰਤ ਦੀਆਂ ਵੱਖ-ਵੱਖ ਸੰਧੀਆਂ ਹੋ ਚੁੱਕੀਆਂ ਹਨ, ਦੇ ਸਬੰਧਤ ਵਿਭਾਗ ਨਾਲ ਤਾਲਮੇਲ ਕਰਕੇ ਅਜਿਹੇ ਲੜਕਿਆਂ ਨੂੰ ਅਪਰਾਧਿਕ ਕੇਸ ਦੇ ਅਧਾਰ ’ਤੇ ਭਾਰਤ ਲਿਆਂਦਾ ਜਾ ਸਕਦਾ ਹੈ।ਉਨਾਂ ਦੱਸਿਆ ਕਿ ਥੋੜੇ ਜਿਹੇ ਦਿਨਾਂ ਵਿਚ ਅਸੀਂ ਅਜਿਹੇ ਕੇਸਾਂ ਵਿਚ 10 ਪਾਸਪੋਰਟ ਜ਼ਬਤ ਕਰ ਚੁੱਕੇ ਹਨ।ਉਨਾਂ ਦੱਸਿਆ ਕਿ ਅਜਿਹੇ ਪੀੜਤ ਪਰਿਵਾਰ ਅਤੇ ਲੜਕੀਆਂ ਆਪਣੇ ਕੇਸ ’ਤੇ ਸਖਤ ਕਾਰਵਾਈ ਕਰਵਾਉਣ ਲਈ ਰਣਜੀਤ ਐਵੀਨਿਊ ਸਥਿਤ ਪਾਸਪੋਰਟ ਦਫਤਰ ਆ ਕੇ ਮਿਲ ਸਕਦੇ ਹਨ ਅਤੇ ਫੋਨ ਨੰਬਰ 0183-2506254 ’ਤੇ ਫੋਨ ਕਰਕੇ ਵੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media