Friday, January 3, 2025

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ

30 ਅਗਸਤ ਸੰਪੂਰਨਤਾ ਦਿਵਸ ‘ਤੇ 

PPA30081401

                                                                                                                                                                                                                                          -ਸ. ਦਿਲਜੀਤ ਸਿੰਘ ‘ਬੇਦੀ’
ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਛੱਡਣ ਤੇ ਜੰਗਾਂ-ਯੁੱਧਾਂ ਉਪਰੰਤ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮਾਲਵੇ ਦੀ ਪਾਵਨ ਧਰਤੀ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਦੀ ਬਾਣੀ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਬਖਸ਼ੀ। ਅੱਜ ਦਾ ਸਮੁੱਚਾ ਸੰਸਾਰ ਸ਼ਬਦ ਦੀ ਰੌਸ਼ਨੀ ਵਿਚ ਤੁਰਨ ਲਈ ਯਤਨਸ਼ੀਲ ਹੈ, ਪਰ ਕੋਈ ਵੀ ਧਰਮ ‘ਸ਼ਬਦ’ ਨੂੰ ਗੁਰੂ ਰੁਤਬਾ ਨਹੀਂ ਦੇ ਸਕਿਆ ਕੇਵਲ ਸਿੱਖ ਕੌਮ ਹੀ ਹੈ ਜਿਸ ਨੇ ‘ਸ਼ਬਦ’ ਨੂੰ ਗੁਰੂ ਦਾ ਰੁਤਬਾ ਤੇ ਸਤਿਕਾਰ ਦਿੰਦਿਆਂ ਸਤਿਕਾਰਿਆ ਸਵੀਕਾਰਿਆ ਤੇ ਮੰਨਿਆ ਹੈ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖਤਾ ਦਾ ਸਰਵੋਤਮ ਧਾਰਮਿਕ, ਵਿਲੱਖਣ, ਸਰਬ-ਸਾਂਝਾ ਤੇ ਅਦੁੱਤੀ ਗ੍ਰੰਥ ਹੈ ਜਿਸ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ। ਹਰ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚਵਰ ਤਖ਼ਤ ਦੇ ਮਾਲਕ ਹਾਜ਼ਰ-ਨਾਜ਼ਰ ਗੁਰੂ ਮੰਨ ਕੇ ਸਤਿਕਾਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਸਾਹਿਬਾਨ ਤੇ ਭਗਤਾਂ, ਭੱਟਾਂ ਦੀ ਬਾਣੀ ਜਿਥੇ ਮਨੁੱਖ ਮਾਤਰ ਨੂੰ ਸਰਬ-ਸਾਂਝੀਵਾਲਤਾ ਦਾ ਪਾਠ ਪੜ੍ਹਾਉਂਦੀ ਹੈ, ਉਥੇ ਸਮਾਜ ਵਿਚ ਆਈਆਂ ਕੁਰੀਤੀਆਂ, ਗਿਰਾਵਟਾਂ ਤੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਕੇ, ਨਾਮ-ਸਿਮਰਨ ਦਾ ਉਪਦੇਸ਼ ਦੇ ਕੇ ਨਰੋਆ ਸਮਾਜ ਸਥਾਪਤ ਕਰਦੀ ਹੋਈ ਉਸ ਅਕਾਲ ਪੁਰਖ ਨਾਲ ਇਕਮਿਕ ਹੋਣ ਦਾ ਸੰਦੇਸ਼ ਦਿੰਦੀ ਹੈ। ਮਨੁੱਖ ਇਸਦੇ ਇਲਾਹੀ ਉਪਦੇਸ਼ਾਂ ਨੂੰ ਅਮਲ ਵਿਚ ਲਿਆ ਕੇ ਸੰਸਾਰ ਰੂਪੀ ਭਵਸਾਗਰ ਤੋਂ ਪਾਰ ਉਤਰ ਸਕਦਾ ਹੈ।
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਧੁਰ ਕੀ ਬਾਣੀ ਨੂੰ ਇਕੱਤਰ ਕਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਇਸ ਆਦਿ ਗ੍ਰੰਥ ਵਿਚ ਨੌਵੇਂ ਪਾਤਸ਼ਾਹ ਦੀ ਬਾਣੀ ਨੂੰ ਸ਼ਾਮਲ ਕੀਤਾ।
ਤਖ਼ਤ ਸ੍ਰੀ ਦਮਦਮਾ ਸਾਹਿਬ ਬਠਿੰਡਾ ਤੋਂ 17 ਮੀਲ ਦੱਖਣ ਵੱਲ ਤਲਵੰਡੀ ਸਾਬੋ ਨਾਮ ਦੇ ਨਗਰ ਵਿਖੇ ਸਥਿਤ ਹੈ। ਇਹ ਸਥਾਨ ਸਿੱਖ ਪੰਥ ਦੇ ਪੰਜ ਤਖ਼ਤਾਂ ਵਿੱਚੋਂ ਚੌਥੇ ਤਖ਼ਤ ਦਾ ਸਥਾਨ ਰੱਖਦਾ ਹੈ। ਇਹ ਨਗਰ ਗੁਰੂ ਕੀ ਕਾਸ਼ੀ ਦੇ ਆਸ਼ੀਰਵਾਦ ਨਾਲ ਸੁਸ਼ੋਭਿਤ ਹੈ। ਕਿਹਾ ਜਾਂਦਾ ਹੈ ਕਿ ਤਲਵੰਡੀ ਨਗਰ ਦਾ ਸਿੱਖ ਇਤਿਹਾਸ ਨਾਲ ਸਬੰਧ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਆਪਣੀਆਂ ਉਦਾਸੀਆਂ ਦੌਰਾਨ ਜੁੜਿਆ ਜਦੋਂ ਗੁਰੂ ਸਾਹਿਬ ਜੀ ਸਰਸੇ ਤੋਂ ਸੁਲਤਾਨਪੁਰ ਜਾਂਦੇ ਹੋਏ ਇਸ ਨਗਰ ਪਹੁੰਚੇ ਸਨ। ਗੁਰੂ ਜੀ ਦੀ ਇਸ ਯਾਦ ਵਿੱਚ ਗੁਰਦੁਆਰਾ ਨਾਨਕਸਰ ਸਾਹਿਬ ਬਣਿਆ ਹੋਇਆ ਹੈ। ਪ੍ਰਿੰਸੀਪਲ ਡਾ: ਅਮਰਜੀਤ ਸਿੰਘ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲਗਭਗ ੧੫੯ ਸਾਲ ਬਾਅਦ 1674 ਈ: ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਇਸ ਨਗਰ ਪਹੁੰਚੇ। ਨੌਵੇਂ ਸਤਿਗੁਰੂ ਜੀ ਨੇ ਲਗਭਗ ਇਕ ਮਹੀਨਾ ਇਥੇ ਮੁਕਾਮ ਕੀਤਾ। ਇਲਾਕੇ ਦੇ ਚੌਧਰੀ ਸਲੇਮਸ਼ਾਹ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਰਿਹਾ। ਇਸ ਸਮੇਂ ਦੌਰਾਨ ਗੁਰੂ ਜੀ ਨੇ ਸਲੇਮਸ਼ਾਹ ਦੇ ਪੁੱਤਰ ਡੱਲੇ ਨੂੰ ਵੀ ਅਨੇਕ ਵਰਦਾਨ ਦਿੱਤੇ। ਤਲਵੰਡੀ ਸਾਬੋ ਵਿਖੇ ਪਹੁੰਚਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੀਜੇ ਸਤਿਗੁਰੂ ਸਨ, ਜਿਹੜੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ 31 ਸਾਲ ਬਾਅਦ ਇਸ ਸਥਾਨ ‘ਤੇ ਪਹੁੰਚੇ ਸਨ। ਤਲਵੰਡੀ ਸਾਬੋ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੱਕਾ ਪਿੰਡ ਤੋਂ ਆਏ ਸਨ ਜੋ ਤਲਵੰਡੀ ਤੋਂ ੧੦ ਕੋਹ ਦੀ ਦੂਰੀ ‘ਤੇ ਸਥਿਤ ਹੈ। ਗੁਰੂ ਜੀ ਦਾ ਆਉਣਾ ਸੁਣ ਕੇ ਭਾਈ ਡੱਲੇ ਨੇ ਨਗਰ ਅਤੇ ਹੋਰ ਇਲਾਕੇ ਵਿੱਚੋਂ 400  ਵਿਅਕਤੀਆਂ ਨੂੰ ਨਾਲ ਲੈ ਤਲਵੰਡੀ ਤੋਂ ਬਾਹਰ ਆ ਗੁਰੂ ਜੀ ਦਾ ਸੁਆਗਤ ਕੀਤਾ। ਮੌਜੂਦਾ ਬੰਗੀ ਨਿਹਾਲ ਸਿੰਘ ਵਾਲਾ ਨਗਰ ਵਿਖੇ ਇਸ ਦੀ ਯਾਦਗਾਰ ਮੌਜੂਦ ਹੈ। ਤਲਵੰਡੀ ਸਾਬੋ ਪੁੱਜਣ ‘ਤੇ ਭਾਈ ਡੱਲ ਸਿੰਘ ਨੇ ਗੁਰੂ ਜੀ ਨੂੰ ਬਹੁਤ ਆਦਰ-ਸਤਿਕਾਰ ਨਾਲ ਨਗਰ ਵਿੱਚ ਲਿਆਂਦਾ। ਭਾਈ ਡੱਲ ਸਿੰਘ ਨੇ ਗੁਰੂ ਜੀ ਨੂੰ ਆਪਣੇ ਕਿਲ੍ਹੇ ਵਿੱਚ ਨਿਵਾਸ ਰੱਖਣ ਦੀ ਬੇਨਤੀ ਕੀਤੀ ਪ੍ਰੰਤੂ ਗੁਰੂ ਜੀ ਨੇ ਦਮਦਮਾ ਸਾਹਿਬ ਦੇ ਸਥਾਨ ‘ਤੇ ਹੀ ਟਿਕਾਣਾ ਕੀਤਾ। ਭਾਈ ਡੱਲ ਸਿੰਘ ਨੇ ਪਰਿਵਾਰ ਸਹਿਤ ਸਤਿਗੁਰੂ ਜੀ ਦੀ ਸੇਵਾ ਕੀਤੀ। ਗੁਰੂ ਜੀ ਤਲਵੰਡੀ ਨਗਰ ਤੋਂ ਕਈ ਹੋਰਨਾਂ ਨਗਰਾਂ ਲਈ ਪ੍ਰਚਾਰ ਦੌਰੇ ‘ਤੇ ਜਾਂਦੇ ਰਹੇ ਜਿਵੇਂ ਕਿ ਭਾਗੀ ਬਾਂਦਰ, ਕੋਟ ਸ਼ਮੀਰ, ਜੰਡਾਲੀ ਟਿੱਬਾ, ਟਾਹਲਾ ਸਾਹਿਬ, ਮਿਠਿਆਈ ਸਰ (ਦਲੀਏ ਵਾਲ) ਚੱਕ ਫਤਹਿ ਸਿੰਘ, ਲਵੇਰੀ ਸਰ (ਕੱਚੀ ਭੁੱਚੋ), ਭਾਗੂ, ਹਾਜੀ ਰਤਨ, ਲੱਖੀ ਜੰਗਲ, ਭੋਖੜੀ, ਹਰਿਰਾਇ ਪੁਰ ਆਦਿ ਜਿਥੇ ਗੁਰੂ ਜੀ ਯਾਦ ਵਿੱਚ ਗੁਰੂ ਘਰ ਬਣੇ ਹੋਏ ਹਨ। ਲੇਕਿਨ ਮੁਖ ਕੇਂਦਰ ਦਮਦਮਾ ਸਾਹਿਬ ਹੀ ਰਿਹਾ। ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ੧੫ ਮਹੀਨੇ ਦੇ ਲਗਭਗ ਰਹੇ ਭਾਵੇਂ ਪਰੰਪਰਾ ਇਹ ਤੁਰੀ ਆਉਂਦੀ ਹੈ ਕਿ ਇਥੇ ਗੁਰੂ ਜੀ 9 ਮਹੀਨੇ 9 ਦਿਨ 9ਪਹਿਰ9 ਪਲ ਰਹੇ। ਇਹ ਸਮਾਂ ਸ਼ਾਇਦ ਗੁਰੂ ਜੀ ਦੁਆਰਾ ਗੁਰਬਾਣੀ ਦੇ ਅਰਥ-ਬੋਧ ਤੇ ਬੀੜ ਨੂੰ ਮੁੜ ਲਿਖਵਾਏ ਜਾਣ ਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਦਮਦਮਾ ਸਾਹਿਬ ਜੀ ਦੇ ਸਥਾਨ ‘ਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ। ਇਹ ਕਾਰਜ ਪੂਰਾ ਕਰਨ ਲਈ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾਇਆ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਸੰਪੂਰਨ ਹੋਣ ‘ਤੇ ਗੁਰੂ ਜੀ ਨੇ ਮਹਾਨ ਸਮਾਗਮ ਰਚਿਆ ਜੋ ਭਾਦ੍ਰੋਂ ਵਦੀ ਏਕਮ ਤੋਂ ਭਾਦ੍ਰੋਂ ਵਦੀ ਤੀਜ ਤੱਕ ਭਾਵ ਤਿੰਨ ਦਿਨ ਚੱਲਦਾ ਰਿਹਾ। ਦਮਦਮਾ ਸਾਹਿਬ ਦੇ ਸਥਾਨ ‘ਤੇ ਜਿਥੇ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੰਪੂਰਨ ਕੀਤਾ, ਉੱਥੇ ਨਾਲ ਹੀ ਗੁਰਬਾਣੀ ਦੀ ਵਿਆਖਿਆ ਵੀ ਲਗਾਤਾਰ ਕਰਨੀ ਆਰੰਭ ਕੀਤੀ। ਅੰਮ੍ਰਿਤ ਵੇਲੇ ਗੁਰਬਾਣੀ ਦੀ ਲਿਖਾਈ ਦਾ ਕਾਰਜ ਕੀਤਾ ਜਾਂਦਾ ਤੇ ਸ਼ਾਮ ਵੇਲੇ ਬਾਣੀ ਦੀ ਕਥਾ ਵਿਆਖਿਆ ਹੁੁੰਦੀ। ਗੁਰੂ ਜੀ ਦੇ ਮੁਖਾਰਬਿੰਦ ਤੋਂ ਆਦਿ ਤੋਂ ਅੰਤ ਤੱਕ ਕਥਾ ਸ੍ਰਵਣ ਕਰਨ ਵਾਲੇ ੪੮੯ ਗੁਰਸਿੱਖਾਂ ਦਾ ਵੇਰਵਾ ਇਤਿਹਾਸ ਵਿੱਚ ਅੰਕਤ ਹੈ, ਜਿਨ੍ਹਾਂ ਨੂੰ ‘ਬ੍ਰਹਮ ਗਿਆਨ’ ਦੀ ਪ੍ਰਾਪਤੀ ਹੋਈ ਤੇ ਉਹ ਦੇਹ ਤੋਂ ਬਦੇਹ ਹੋ ਗਏ। ਇਥੇ ਹੀ ਦਮਦਮੀ ਟਕਸਾਲ ਹੋਂਦ ਵਿਚ ਆਈ ਤੇ ਇਸ ਟਕਸਾਲ ਨੇ ਅਨੇਕਾਂ ਗੁਣੀ-ਗਿਆਨੀ ਪੰਥ ਦੀ ਝੋਲੀ ਪਾਏ ਹਨ, ਜਿਨ੍ਹਾਂ ਨੇ ਗੁਰਬਾਣੀ ਦੀ ਵਿਆਖਿਆ ਤੇ ਲਿਖਤਾਂ ਦੁਆਰਾ ਵਡਮੁੱਲੀ ਸੇਵਾ ਕੀਤੀ ਹੈ। ਦਮਦਮਾ ਸਾਹਿਬ ਦੇ ਸਥਾਨ ‘ਤੇ ਇਕ ਨਹੀਂ ਕਈ ਮਹਾਨ ਕਾਰਜ ਸੰਪੰਨ ਹੋਏ ਸਨ। ਗਿਆਨੀ ਗਿਆਨ ਸਿੰਘ ਦੀ ਲਿਖਤ ‘ਪੰਥ ਪ੍ਰਕਾਸ਼’ ਅਨੁਸਾਰ ਗੁਰੂ ਸਾਹਿਬ ਵੱਲੋਂ ਤਿਆਰ ਕੀਤੇ ਸੰਪੂਰਨ ਤੇ ਪ੍ਰਵਾਣਿਤ ਸਰੂਪ ਦੇ ਚਾਰ ਉਤਾਰੇ ਬਾਬਾ ਦੀਪ ਸਿੰਘ ਜੀ ਵੱਲੋਂ ਕੀਤੇ ਗਏ ਅਤੇ ਅਲੱਗ-ਅਲੱਗ ਚਾਰੇ ਤਖ਼ਤ ਸਾਹਿਬਾਨ ਤੇ ਭਿਜਵਾਏ ਗਏ ਸਨ:
ਅਉਰ ਚਾਰ ਤਿਸ ਪਰਤੇ ਭਾਇ। ਦੀਪ ਸਿੰਘ ਸ਼ਹੀਦ ਲਿਖਾਇ।
ਇਕ ਅਕਾਲ ਬੁੰਗੇ ਇਕ ਪਟਨੇ। ਤਿਰਤੀ ਹਜੂਰ ਦਯੋ ਹਿਤ ਪਠਨੇ।
ਚਤੁਰਥ ਰਾਖਯੋ ਦਮਦਮੇ ਮਾਹਿ। ਬਢ ਬਾਬੇ ਯਹਿ ਚਾਰ ਕਹਾਇ॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੰਪੂਰਨਤਾ ਦਾ ਕਾਰਜ ਇਕ ਭਾਰੀ ਤੇ ਕਠਿਨ ਕਾਰਜ ਸੀ, ਜਿਸ ਵਿੱਚ ਅਨੇਕਾਂ ਕਲਮਾਂ, ਕਾਗਜ਼ ਤੇ ਸਿਆਹੀ ਦੀ ਵਰਤੋਂ ਹੋਈ। ਲਿਖਾਈ ਕਰਦਿਆਂ ਜਿਸ ਕਲਮ ਦਾ ਮੂੰਹ ਘੱਸ ਜਾਂਦਾ ਸੀ ਗੁਰੂ ਸਾਹਿਬ ਜੀ ਉਸ ਕਲਮ ਨੂੰ ਦੁਬਾਰਾ ਨਹੀਂ ਸਨ ਘੜਦੇ ਤੇ ਪੁਰਾਣੀ ਕਲਮ ਨੂੰ ਸੰਭਾਲ ਕੇ ਰੱਖਦੇ ਰਹੇ। ਲਿਖਾਈ ਦੇ ਕਾਰਜ ਦੀ ਸਮਾਪਤੀ ਉਪਰੰਤ ਇਸ ਪ੍ਰਕਾਰ ਦੀਆਂ ਘਸੀਆਂ ਕਲਮਾਂ ਤੇ ਬਚੀ ਸਿਆਹੀ ਨੂੰ ਗੁਰੂ ਜੀ ਨੇ ਮੌਜੂਦਾ ਲਿਖਣਸਰ ਸਰੋਵਰ ਵਿੱਚ ਜਲ ਪ੍ਰਵਾਹ ਕਰ ਦਿੱਤਾ। ਇਸ ਦੇ ਨਾਲ ਹੀ ਗੁਰੂ ਜੀ ਨੇ ਫੁਰਮਾਇਆ ਕਿ ਇਹ ਸਥਾਨ ‘ਗੁਰੂ ਕੀ ਕਾਸ਼ੀ’ ਹੈ ਭਾਵ ਦਮਦਮਾ ਸਾਹਿਬ ਗੁਰਮਤਿ ਦੇ ਗਿਆਨ ਦਾ ਮਹਾਨ ਕੇਂਦਰ ਹੋਵੇਗਾ, ਜਿੱਥੇ ਗੁਰਮਤਿ ਵਿਚ ਪ੍ਰਬੁੱਧ ਵਿਦਵਾਨ, ਲਿਖਾਰੀ ਪੈਦਾ ਹੋਣਗੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਸਾਜਨਾ ਉਪਰੰਤ ਵੱਡੀ ਗਿਣਤੀ ਵਿਚ ਦਮਦਮਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕੀਤਾ ਗਿਆ। ਹਜ਼ਾਰਾਂ ਪ੍ਰਾਣੀ ਅੰਮ੍ਰਿਤਧਾਰੀ ਹੋ ਕੇ ਖਾਲਸਾ ਪੰਥ ਦਾ ਅੰਗ ਬਣੇ। ਭਾਈ ਤਖਤੂ ਸਿੰਘ, ਭਾਈ ਬਖਤੂ ਸਿੰਘ, ਭਾਈ ਰਾਮ ਸਿੰਘ, ਭਾਈ ਫਤਹਿ ਸਿੰਘ, ਭਾਈ ਧਰਮ ਸਿੰਘ, ਭਾਈ ਪਰਮ ਸਿੰਘ-ਭਾਈ ਰੂਪੇ ਕੇ, ਭਾਈ ਰਾਮ ਸਿੰਘ , ਭਾਈ ਤ੍ਰਿਲੋਕ ਸਿੰਘ ਫੂਲ ਕੇ ਤੇ ਭਾਈ ਡੱਲ ਸਿੰਘ ਅੰਮ੍ਰਿਤ ਦੀ ਦਾਤ ਛੱਕਣ ਵਾਲੇ ਪ੍ਰਮੁੱਖ ਸਿੱਖ ਸਨ:
ਤਬ ਗੁਰੁ ਢਿਗ ਬਹੁ ਸੰਗਤਿ ਆਈ ਦੇਸ ਮਾਲਵੇ ਕੇਰੀ।
ਦੇਵਣ ਲਗੇ ਗੁਰੂ ਫਿਰ ਸਭ ਕੋ ਪਾਹੁਲ ਖੰਡੇ ਕੇਰੀ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਥਾਨ ‘ਤੇ ਗੁਰੂ ਜੀ ਨੇ ਭਾਈ ਰਾਮ ਸਿੰਘ, ਭਾਈ ਤ੍ਰਿਲੋਕ ਸਿੰਘ ਫੂਲਕੇ ਨੂੰ ਰਾਜ-ਭਾਗ ਦੇ ਅਸ਼ੀਰਵਾਦ ਨਾਲ ਨਿਵਾਜਿਆ, ਇੱਥੇ ਹੀ ਸਤਿਗੁਰੂ ਜੀ ਨੇ ਵਿਸਾਖੀ ਦੇ ਪੁਰਬ ‘ਤੇ ਭਾਰੀ ਇਕੱਠ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੱਖਣ ਵੱਲ ਕੂਚ ਕਰਨ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ- ਸੰਭਾਲ ਬਾਬਾ ਦੀਪ ਸਿੰਘ ਜੀ ਦੇ ਸਪੁਰਦ ਕੀਤੀ। ਭਾਈ ਫਤਹਿ ਸਿੰਘ, ਭਾਈ ਬੁੱਢਾ ਸਿੰਘ, ਭਾਈ ਸੁਧਾ ਸਿੰਘ, ਭਾਈ ਦੇਸਾ ਸਿੰਘ ਆਦਿ ਸਿੰਘਾਂ ਨੂੰ ਦਮਦਮਾ ਸਾਹਿਬ ਰਹਿ ਕੇ ਸੇਵਾ ਵਿੱਚ ਸਹਾਇਤਾ ਕਰਨ ਹਿੱਤ ਹੁਕਮ ਕੀਤਾ। ਬਾਬਾ ਦੀਪ ਸਿੰਘ ਜੀ ੧੭੦੭ ਤੋਂ ੧੭੬੦ ਤੱਕ ੫੩ ਸਾਲ ਦਮਦਮਾ ਸਾਹਿਬ ਵਿਖੇ ਨਿਰੰਤਰ ਸੇਵਾ ਕਰਦੇ ਰਹੇ। ਦਮਦਮਾ ਸਾਹਿਬ ਤੇ ਹੋਰ ਗੁਰਦੁਆਰਿਆਂ ਦੀਆਂ ਪੱਕੀਆਂ ਇਮਾਰਤਾਂ ਮਿਸਲ ਕਾਲ ਦੌਰਾਨ ਹੋਂਦ ਵਿੱਚ ਆਈਆਂ। ਬਾਬਾ ਦੀਪ ਸਿੰਘ ਜੀ ਨੇ ਤਖ਼ਤ ਸਾਹਿਬ, ਬੁਰਜ ਸਾਹਿਬ ਤੇ ਖੂਹ ਆਦਿ ਦੀ ਸੇਵਾ ਕਰਾਈ। ਰਾਣੀਆਂ ਦੇ ਨਵਾਬ ਨੇ ਦਾਦੂ, ਕੇਵਲ, ਧਰਮ ਪੁਰਾ, ਸਿੰਘ ਪੁਰਾ, ਪੱਕਾ ਆਦਿਕ ਤਖ਼ਤ ਸਾਹਿਬ ਦੇ ਲੰਗਰ ਲਈ ਅਰਦਾਸ ਕਰਵਾਏ ਸਨ। ੧੭੬੦ ਈ: ਵਿੱਚ ਬਾਬਾ ਦੀਪ ਸਿੰਘ ਜੀ ਸਿੰਘਾਂ ਦੇ ਸ਼ਹੀਦੀ ਜਥੇ ਨਾਲ ਸ੍ਰੀ ਅੰਮ੍ਰਿਤਸਰ ਵੱਲ ਰਵਾਨਾ ਹੋਣ ਤੋਂ ਪਹਿਲਾਂ ਭਾਈ ਸੁਧਾ ਸਿੰਘ ਨੂੰ ਦਮਦਮਾ ਸਾਹਿਬ ਦੀ ਸੇਵਾ-ਸੰਭਾਲ ਦੀ ਜ਼ੁੰਮੇਵਾਰੀ ਸੌਂਪ ਕੇ ਗਏ ਸਨ।
1. ਤਖ਼ਤ ਸ੍ਰੀ ਦਮਦਮਾ ਸਾਹਿਬ ਉਹ ਸਥਾਨ ਹੈ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਿਵਾਸ ਸੀ। ਇਥੇ ਹੀ ਦਸਮ ਸਤਿਗੁਰੂ ਜੀ ਨੇ ਭਾਈ ਮਨੀ ਸਿੰਘ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਾਈ। ਇਥੇ ਹੀ 48  ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸ੍ਰੀ ਮੁਖਵਾਕ ਤੋਂ ਸੁਣਾਈ। ਸੰਪ੍ਰਦਾਇ ਅਰਥਾਂ ਦੀ (ਦਮਦਮੀ) ਟਕਸਾਲ ਤੋਰੀ। ਇੰਨੇ ਮਹਾਨ ਪਵਿੱਤਰ ਕਾਰਜ ਹੋਣ ਕਰਕੇ ਸਤਿਗੁਰੂ ਜੀ ਨੇ ਇਸ ਸਥਾਨ ਨੂੰ ‘ਤਖ਼ਤ’ ਕਾਇਮ ਕੀਤਾ ਹੈ, 2. ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਬਿਰਾਜੇ ਸਨ,3. ਅਕਾਲ ਸਰ ਸਰੋਵਰ ਇਹ ਇਤਿਹਾਸਕ ਸਰੋਵਰ ਤਖ਼ਤ ਸਾਹਿਬ ਦੀ ਇਮਾਰਤ ਨਾਲ ਅੱਠ ਕੋਨਾ ਹੈ। ਇਸ ਸਰੋਵਰ ਵਿੱਚ ਦਸਮ ਸਤਿਗੁਰੂ ਜੀ ਕੇਸੀ ਇਸ਼ਨਾਨ ਕਰਿਆ ਕਰਦੇ ਸਨ, 4. ਲਿਖਣਸਰ ਵਿਖੇ ਦਸਮ ਸਤਿਗੁਰੂ ਜੀ ਨੇ ‘ਗੁਰੂ ਕੀ ਕਾਸ਼ੀ’ ਦਾ ਵਰਦਾਨ ਬਖਸ਼ਿਆ ਹੈ, 5. ਗੁਰੂਸਰ ਸਰੋਵਰ ਜਿਸ ਦੇ ਕਿਨਾਰੇ ਬੇਰੀ ਹੇਠ ਸਤਿਗੁਰੂ ਨਾਨਕ ਦੇਵ ਜੀ ਨੇ ਨਿਵਾਸ ਕੀਤਾ ਸੀ। ਕਾਫੀ ਸਮਾਂ ਇਥੇ ਰਹੇ ਕੀਰਤਨ ਦੀ ਅੰਮ੍ਰਿਤ ਵਰਖਾ ਕਰਦੇ ਰਹੇ, 6. ਗੁਰਦੁਆਰਾ ਜੰਡ ਸਰ ਸਾਹਿਬ, ਇਥੇ ਦਸਮ ਗੁਰੂ ਜੀ ਜੰਡ ਨਾਲ ਘੋੜਾ ਬੰਨ੍ਹ ਕੇ ਤਨਖਾਹਾਂ ਵੰਡਿਆ ਕਰਦੇ ਸਨ, 7.ਗੁਰਦੁਆਰਾ ਮਹੱਲ ਸਰ ਜੀ ਇਸ ਗੁਰਦੁਆਰਾ ਸਾਹਿਬ ਦਾ ਨਾਂ ‘ਹੋਲ ਗੜ੍ਹ’ ਅਤੇ ‘ਟਿੱਬੀ ਸਾਹਿਬ’ ਵੀ ਹੈ। ਇਥੇ ਦਸਮ ਸਤਿਗੁਰੂ ਜੀ ਹੋਲਾ ਮਹੱਲਾ ਖੇਡਿਆ ਕਰਦੇ ਸਨ। ਸਰੋਵਰ ਦਾ ਨਾਉਂ ਵੀ ‘ਮਹੱਲ ਸਰ’ ਹੈ। ਵਿਸਾਖੀ ਦੇ ਜੋੜ ਮੇਲੇ ਦੀ ਸਮੇਂ ਸਮੂਹ ਸੰਗਤ ਅਦੁੱਤੀ ਜਲੂਸ ਦੇ ਰੂਪ ਵਿਚ ਇਥੇ ਪਹੁੰਚਦੀ ਹੈ, 8. ਥੜ੍ਹਾ ਸਾਹਿਬ ਭਾਈ ਵੀਰ ਸਿੰਘ ਜੀ, ਭਾਈ ਧੀਰ ਸਿੰਘ ਜੀ ਦੀ ਯਾਦ ਵਿਚ ਬਣਿਆ ਸਥਾਨ ਹੈ, 9.ਬੁਰਜ ਬਾਬਾ ਦੀਪ ਸਿੰਘ ਜੀ ਗੜ੍ਹੀ ਦੀ ਸ਼ਕਲ ਦਾ ਬੁਰਜ, ਤਖ਼ਤ ਸਾਹਿਬ ਦੇ ਖੱਬੇ ਪਾਸੇ ਸੀ ਜੋ ਅੱਠਕੋਨਾ 70 ਫੁੱਟ ਉੱਚਾ ਸੀ, 10. ਭੋਰਾ ਬਾਬਾ ਦੀਪ ਸਿੰਘ ਜੀ: ਤਖ਼ਤ ਸਾਹਿਬ ਤੋਂ ਸੱਜੇ ਪਾਸੇ ਪਿੰਡ ਵੱਲ ਬਾਬਾ ਦੀਪ ਸਿੰਘ ਜੀ ਦਾ ਸਵਯੰ ਬਣਾਇਆ ਭੋਰਾ ਹੈ । ਜਿਸ ਵਿੱਚ ਬਾਬਾ ਦੀਪ ਸਿੰਘ ਜੀ ਸਿਮਰਨ/ਨਾਮ ਚਿੰਤਨ ਅਤੇ ਵਿੱਦਿਆ ਅਧਿਐਨ ਕਰਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਅਤੇ ਪੋਥੀਆਂ ਲਿਖਦੇ ਸਨ, 11. ਬਾਬਾ ਦੀਪ ਸਿੰਘ ਜੀ ਵਾਲਾ ਖੂਹ ਤਖ਼ਤ ਸਾਹਿਬ ਦੇ ਸਾਹਮਣੇ ਬਾਬਾ ਦੀਪ ਸਿੰਘ ਜੀ ਦਾ ਲਾਇਆ ਖੂਹ, ਜਿਸ ਦੇ ਨੌਂ ਵਿੱਢ ਸਨ। ਵੱਡੇ-ਵੱਡੇ ਚੁਬੱਚੇ ਸਨ, 12. ਗੁਰਦੁਆਰਾ ਬੇਰ ਸਾਹਿਬ ਛਾਉਣੀ ਬੁੱਢਾ ਦਲ ਉਪਰੋਕਤ ਸਥਾਨਾਂ ਤੋਂ ਬਿਨਾਂ ਗੁਰਦੁਆਰਾ ਬੇਰ ਸਾਹਿਬ (ਦੇਗਸਰ) ਛਾਉਣੀ ਬੁੱਢਾ ਦਲ ਪ੍ਰਸਿੱਧ ਇਤਿਹਾਸਕ ਸਥਾਨ ਹੈ। ਨਿਹੰਗ ਸਿੰਘਾਂ ਦੇ ਬੁੱਢਾ ਦਲ ਦਾ ਕੇਂਦ੍ਰੀਯ ਦਫ਼ਤਰ ਇੱਥੇ ਹੀ ਹੈ, ਜਿਸ ਨੂੰ ਸ੍ਰੀਮਾਨ ਬਾਬਾ ਚੇਤ ਸਿੰਘ ਜੀ ਨੇ ਕਾਇਮ ਕੀਤਾ ਸੀ।
ਗੁਰੂ ਕਾਸ਼ੀ ਦੇ ਦਸ ਬੁੰਗੇ ਹਨ 1.ਉੱਚਾ ਬੁੰਗਾ, 2. ਬੁੰਗਾ ਮਦਰੱਸਾ, 3.ਬੁੰਗਾ ਲਿਖਾਰੀਆਂ, 4. ਬੁੰਗਾ ਕੱਟੂ ਵਾਲਾ, 5. ਮਲਵਈ ਬੁੰਗਾ, 6. ਨੀਵਾਂ ਬੁੰਗਾ, 7. ਬੁੰਗਾ ਬਾਰਾਂਦਰੀ, 8. ਬੁੰਗਾ ਭਾਈ ਚੇਤ ਸਿੰਘ ਵਾਲਾ, 9. ਬੁੰਗਾ ਖੜਕ ਸਿੰਘ ਵਾਲਾ, 10. ਬੁੰਗਾ ਮਜ਼ਹਬੀ ਸਿੰਘਾਂ ਦਾ।
ਤਖ਼ਤ ਸਾਹਿਬ ‘ਤੇ ਯਾਦਗਾਰੀ ਨਿਸ਼ਾਨ 1. ਬੰਦੂਕ-ਇਸ ਬੰਦੂਕ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਭਾਈ ਵੀਰ ਸਿੰਘ -ਭਾਈ ਧੀਰ ਸਿੰਘ ਰੰਘਰੇਟੇ ਸਿੱਖਾਂ ਦੀ ਪਰਖ ਕੀਤੀ ਸੀ, 2. ਸ਼ੀਸ਼ਾ- ਇਸ ਸ਼ੀਸ਼ੇ ਬਾਰੇ ਸ੍ਰੀ ਦਸਮ ਗੁਰੂ ਜੀ ਦਾ ਵਰਦਾਨ ਹੈ, ਜੋ ਵਿੰਗੇ ਮੂੰਹ ਵਾਲੇ ਵੇਖਣਗੇ ਤਾਂ ਮੂੰਹ ਸਿੱਧੇ ਹੋ ਜਾਣਗੇ, 3. ਅੰਗਰਖਾ (ਅੰਦਰਲਾ) ਬਾਜੂ ਮੋਹਰੀ 66 ਉਂਗਲ, ਬਾਜੂ ਲੰਬਾਈ 3 ਗਿੱਠ ੩ ਉਂਗਲ (12 ਗਿਰਾਂ) ਅੰਗਰੱਖੇ ਦੀ ਲੰਬਾਈ 4 ਗਿੱਠ 6 ਉਂਗਲ (18 ਗਿਰਾਂ) ਹੈ, 4. ਤੇਗਾ ਬਾਬਾ ਦੀਪ ਸਿੰਘ- ਅਹਿਮਦ ਸ਼ਾਹ ਅਬਦਾਲੀ ਵੱਲੋਂ ਅੰਮ੍ਰਿਤਸਰ ਦੀ ਬੇਅਦਬੀ ਸੁਣ ਕੇ ਸ਼ਸਤਰ ਇਕੱਠੇ ਕਰਨ ਲਈ ਸੰਗਤਾਂ ਨੂੰ ਦਮਦਮਾ ਸਾਹਿਬ ਤੋਂ ਹੁਕਮਨਾਮੇ ਭੇਜੇ। ਇਕ ਸਿੰਘ 18 ਸੇਰ ਦਾ ਖੰਡਾ ਲੈ ਕੇ ਆਇਆ ਜੋ ਬਾਬਾ ਜੀ ਨੇ ਧਾਰਨ ਕਰ ਲਿਆ ਅਤੇ ਆਪਣੇ ਗਾਤਰੇ ਦਾ ਤੇਗਾ ਉਤਾਰ ਕੇ ਸੰਗਤ ਨੂੰ ਅਰਪਨ ਕਰ ਦਿੱਤਾ ਜੋ ਹੁਣ ਤਖਤ ਸਾਹਿਬ ਦੇ ਤੋਸ਼ਖਾਨੇ ਵਿਚ ਸੁਰੱਖਿਅਤ ਹੈ, 5. ਮੋਹਰ ਪੁਰਾਤਨ- ਇਹ ਮੋਹਰ ਜੋ ਤਖਤ ਦਮਦਮਾ ਸਾਹਿਬ ਤੋਂ ਨਿਕਲਦੇ ਹੁਕਮਨਾਮਿਆਂ ਉਪਰ ਲਾਈ ਜਾਂਦੀ ਸੀ। ਜੋ ਚਿੱਟੀ ਚਾਂਦੀ ਜਾਂ ਤਾਂਬੇ ਦੀ ਬਣੀ ਹੋਈ ਹੈ। ਇਸ ਵਿਚ ਗੁਰਮੁਖੀ ਵਿਚ ਵਿਚ ਇਹ ਸ਼ਬਦ ਉਕਰੇ ਹੋਏ ਹਨ:
”ਅਕਾਲ ਸਹਾਇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੀ ਜਗਾ ਤਖ਼ਤ ਸ੍ਰੀ ਦਮਦਮਾ ਜੀ”
ਇਤਿਹਾਸਕ ਪਵਿੱਤਰ ਕਰੀਰ: ਇਸ ਨਾਲ ਦਸਮ ਸਤਿਗੁਰੂ ਜੀ ਦਾ ਘੋੜਾ ਬੱਝਿਆ ਕਰਦਾ ਸੀ। ਦੂਸਰਾ ਕਰੀਰ ਬੁੰਗਾ ਕੱਟੂ ਵਾਲਾ ਵਿੱਚ ਹੈ ਜਿਸ ਨਾਲ ਘੋੜੇ ਦੀ ਪਛਾੜੀ ਲੱਗਦੀ ਸੀ। ਸਤਿਗੁਰੂ ਜੀ ਦੇ ਸਮੇਂ ਦੀ ਇਹ ਇਤਿਹਾਸਕ ਯਾਦਗਾਰ ਦੇ ਸੰਗਤਾਂ ਦਰਸ਼ਨ ਕਰਕੇ ਪ੍ਰਸੰਨਤਾ ਪ੍ਰਾਪਤ ਕਰਦੀਆਂ ਹਨ।
ਭਾਈ ਡੱਲ ਸਿੰਘ ਦੇ ਪਰਿਵਾਰ ਵਿੱਚ ਦਸਮ ਗੁਰੂ ਦੀਆਂ ਯਾਦਗਾਰੀ ਵਸਤਾਂ ਅੱਜ ਵੀ ਮੌਜੂਦ ਹਨ: 1. ਤੇਗਾ ਅਤਿਅੰਤ ਸੁੰਦਰ ਤੇਗਾ, ਜਿਸ ਉੱਤੇ ਫ਼ਾਰਸੀ ਵਿੱਚ ‘ਅੱਲਾ’ ਸ਼ਬਦ ਉੱਕਰਿਆ ਹੈ। ਮਿਆਨ ਤੇ ਮਖਮਲੀ ਕੱਪੜਾ ਚੜ੍ਹਿਆ ਹੈ। ਲੰਬਾਈ ਡੇਢ ਗਜ, ਵਜਨ ਤਿੰਨ-ਚਾਰ ਕਿੱਲੋ ਹੈ, 2. ਸਿਰੀ ਸਾਹਿਬ ਦਸਮ ਸਤਿਗੁਰੂ ਜੀ ਦੇ ਗਾਤਰੇ ਦੀ ਕਿਰਪਾਨ ਹੈ। ਜਿਸ ਦੀ ਲੰਬਾਈ ਲਗਭਗ ਸਵਾ ਤਿੰਨ ਫੁੱਟ ਹੈ। ਚੌੜਾਈ ਡੇਢ ਇੰਚ ਹੈ। ਸਰਬ ਲੋਹ ਦਾ ਮੁੱਠਾ ਹੈ, 3. ਦਸਤਾਰ (ਵੱਡੀ) ਇਹ ਦਸਤਾਰ ਅਤਿ ਬਰੀਕ ਸੂਤ ਦੀ ਬਣੀ ਹੋਈ ਹੈ ਰੰਗ ਉੱਡ ਚੁੱਕਾ ਹੈ ਜੋ ਹਲਕੇ ਮੋਤੀਏ ਵਰਗਾ ਪ੍ਰਤੀਤ ਹੁੰਦਾ ਹੈ। ਤਹਿ ਮਾਰ ਕੇ ਰੱਖੀ ਹੋਈ ਹੈ, 4. ਦਸਤਾਰ (ਛੋਟੀ) ਦਸਮ ਗੁਰੂ ਜੀ ਦੀ ਛੋਟੀ ਦਸਤਾਰ ਹੈ। ਜਿਸ ਦਾ ਰੰਗ ਲਾਲ ਹੈ। ਤਹਿ ਮਾਰੀ ਹੋਈ ਹੈ, 5. ਵੱਡਾ ਚੋਲਾ ਮਹੀਨ ਮਲਮਲ ਦਾ ਬਣਿਆ ਹੋਇਆ ਦਸਮ ਗੁਰੂ ਜੀ ਦਾ ਵੱਡਾ ਚੋਲਾ ਹੈ। ਰੰਗ ਭੂਸਲਾ ਜਿਹਾ ਹੈ। ਤਹਿ ਮਾਰ ਕੇ ਰੱਖਿਆ ਹੋਇਆ ਹੈ, 6. ਛੋਟਾ ਚੋਲਾ: ਦਸਮ ਗੁਰੂ ਜੀ ਦਾ ਛੋਟਾ ਚੋਲਾ, ਕਲੀਦਾਰ ਅੰਗਰੱਖਾ, ਮਹੀਨ ਮਲਮਲ ਦਾ ਬਣਿਆ ਹੈ । ਨੈਨ ਸੁਖ ਦਾ ਕੱਪੜਾ ਪ੍ਰਤੀਤ ਹੁੰਦਾ ਹੈ। ਤਹਿ ਮਾਰੀ ਹੋਈ ਹੈ, 7. ਬਾਜ਼ ਦੀ ਡੋਰ ਦਸਮ ਗੁਰੂ ਜੀ ਦੇ ਬਾਜ਼ ਦੀ ਡੋਰ ਜੋ ਦੋ ਗਜ਼ ਲੰਬੀ ਹੈ। ਰੰਗ ਨਾਭੀ ਹੈ, ਇਕ ਪਾਸੇ ਦਾ ਫੁੱਲ ਝੜ ਗਿਆ ਹੈ, 8. ਰੇਬ ਪਜਾਮਾ ਦਸਮ ਗੁਰੂ ਜੀ ਦਾ ਪਜਾਮਾ ਹੈ ਜੋ ਬਰੀਕ ਕੱਪੜੇ ਦਾ ਬਣਿਆ ਹੋਇਆ ਹੈ। ਰੰਗ ਪੀਲਾ ਹੈ। ਤਹਿ ਮਾਰੀ ਹੋਈ ਹੈ। ਮਾਤਾ ਸਾਹਿਬ ਕੌਰ ਜੀ ਦਾ ਰੇਬ ਪਜ਼ਾਮਾ: ਲਾਲ ਰੰਗ ਦਾ ਰੇਬ ਪਜ਼ਾਮਾ, ਜਿਸ ਵਿੱਚ ਸੁਨਹਿਰੀ ਧਾਰੀਆਂ ਹਨ। ਰੇਸ਼ਮ ਦਾ ਬਣਿਆ ਹੋਇਆ ਹੈ। ਤਹਿ ਲੱਗੀ ਹੋਈ ਹੈ। (ਇਹਨਾਂ ਬਾਰੇ ਬਸਤਰਾਂ ਦੀ ਤਹਿ ਖੋਲ੍ਹਣ ਦੀ ਆਗਿਆ ਨਹੀਂ ਹੈ), 9. ਛੋਟੇ ਅਕਾਰ ਦੀ ਬੀੜ ਅਤਿ ਛੋਟੇ ਆਕਾਰ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ, ਡੱਬੀ ਵਿੱਚ ਬੰਦ, ਸ਼ੀਸ਼ੇ ਸਮੇਤ ਹੈ ਜਿਸ ਦੇ ਦਰਸ਼ਨ ਵਿਸਾਖੀ ਵਾਲੇ ਦਿਨ ੧੨ ਵਜੇ ਤੋਂ ਪਹਿਲਾਂ ਕਰਾਏ ਜਾਂਦੇ ਹਨ, 10.ਇਤਿਹਾਸ ਵਿੱਚ ਦਮਦਮਾ ਸਾਹਿਬ ਤਖ਼ਤ ਦਮਦਮਾ ਸਾਹਿਬ ਦਸਮੇਸ਼ ਪਿਤਾ ਜੀ ਦੇ ਤਲਵੰਡੀ ਆਗਮਨ ਤੋਂ ਹੀ ਤਖ਼ਤ ਦੀ ਸਰਵੋਤਮ ਪਦਵੀ ਨਾਲ ਸਨਮਾਨਿਆ ਗਿਆ ਹੈ। ਇਹ ਤਖ਼ਤ ਪ੍ਰਾਚੀਨ ਕਾਲ ਤੋਂ ਹੀ ਪੰਥਕ ਫੈਸਲਿਆਂ ਦਾ ਕੇਂਦਰ ਰਿਹਾ ਹੈ। ਇਸ ਤਖ਼ਤ ਦੇ ਜਥੇਦਾਰ ਪੰਥ ਸੇਵਕ, ਗਿਆਨੀ, ਲਿਖਾਰੀ, ਮਹੰਤ, ਸੰਤ ਗੁਰਮਤਿ ਨੂੰ ਗੁਰਬਾਣੀ ਦੀ ਕਸਵੱਟੀ ਅਨੁਸਾਰ ਜਾਣਨ ਵਾਲੇ ਮੰਨੇ ਜਾਂਦੇ ਰਹੇ ਹਨ। ਭਾਵੇਂ ਸਿੰਘ ਸਭਾ ਲਹਿਰ ਦੇ ਸਮੇਂ ਦੌਰਾਨ ਇਸ ਤਖ਼ਤ ਦੀ ਜਾਇਦਾਦ ਸ਼ਹਿਜ਼ਾਦਪੁਰੀਏ ਜੀਵਨ ਸਿੰਘ ਦੇ ਕਬਜ਼ੇ ਵਿੱਚ ਚਲੀ ਗਈ ਸੀ ਤੇ ਅਜਿਹਾ ਹੋਣ ਨਾਲ ਦਮਦਮਾ ਸਾਹਿਬ ਦੀ ਸ਼ਾਨੋ-ਸ਼ੌਕਤ ਤੇ ਧਾਰਮਿਕ ਮਰਯਾਦਾ ਢਲਿਆਈ ਆਈ ਪਰੰਤੂ ਇਥੋਂ ਦੇ ਪੁਜਾਰੀ ਤੇ ਮੁਖੀ ਗੁਰੂ-ਮਰਯਾਦਾ ਨੂੰ ਸਮਝਣ/ਸਮਝਾਉਣ ਵਾਲੇ ਸਵੀਕਾਰੇ ਜਾਂਦੇ ਰਹੇ। ਇਥੋਂ ਪੁੱਛ ਕੇ ਜਾਂ ਇਥੇ ਹਾਜ਼ਰ ਹੋ ਕੇ ਬਹੁਤ ਸਾਰੇ ਧਾਰਮਿਕ ਮਸਲਿਆਂ ਬਾਰੇ ਅਗਵਾਈ ਲਈ ਜਾਂਦੀ ਰਹੀ।
ਦਮਦਮਾ ਸਾਹਿਬ ਪ੍ਰਾਚੀਨ ਕਾਲ ਤੋਂ ਪੰਥਕ ਫੈਸਲਿਆਂ ਦਾ ਕੇਂਦਰ ਰਿਹਾ ਹੈ। ਮੁਗ਼ਲ ਕਾਲ ਵਿੱਚ ਜਦੋਂ ਆਨੰਦਪੁਰ ਸਾਹਿਬ, ਅੰਮ੍ਰਿਤਸਰ ਸਾਹਿਬ ਉਜਾੜ ਦਿੱਤੇ ਗਏ ਸਨ। ਹਜੂਰ ਸਾਹਿਬ, ਸਿੰਘ ਸ਼ਹੀਦ ਕਰ ਦਿੱਤੇ ਗਏ ਸਨ, ਉਸ ਸਮੇਂ ਕੇਵਲ ਤਖ਼ਤ ਦਮਦਮਾ ਸਾਹਿਬ ਹੀ ਪੰਥ ਦੀ ਅਗਵਾਈ ਕਰ ਰਿਹਾ ਸੀ। ਪੁਰਾਤਨ ਵਿਦਵਾਨ ਆਪਣੇ ਗ੍ਰੰਥ ਲਿਖ ਕੇ, ਤਖ਼ਤ ਦਮਦਮਾ ਸਾਹਿਬ ਪੁੱਜ ਕੇ ਪ੍ਰਕਾਸ਼ਤ ਕਰਨ ਤੋਂ ਪਹਿਲਾਂ ਤਖ਼ਤ ਸਾਹਿਬ ‘ਤੇ ਸੋਧਿਆ ਕਰਦੇ ਸਨ। ਅਭਿਨੰਦਨ ਪੱਤਰ ਅਤੇ ਪ੍ਰਵਾਨਗੀ ਪ੍ਰਾਪਤ ਕਰਦੇ ਸਨ। ਹੇਠ ਲਿਖੇ ਗ੍ਰੰਥ ਤਖ਼ਤ ਸਾਹਿਬ ਤੇ ਪੜ੍ਹ-ਸੁਣ ਕੇ ਸੋਧੇ ਤੇ ਪ੍ਰਵਾਨ ਕੀਤੇ ਗਏ ਹਨ:
1. ਭਾਈ ਅਵਤਾਰ ਸਿੰਘ ਜੀ ਵਹੀਰੀਆ ਦੇ ਸੰਮਤ ਨਾਨਕਸ਼ਾਹੀ 445 ਵਿੱਚ ‘ਖਾਲਸਾ ਧਰਮ ਸ਼ਾਸਤਰ’ ਅਤੇ ਸੰਮਤ 1973 ਵਿੱਚ ‘ਗੁਰਦਰਸ਼ਨ ਸ਼ਾਸਤਰ’ (ਦੋਨੋਂ ਗ੍ਰੰਥ) ਪ੍ਰਵਾਨ ਹੋਏ। 2. ਪੰਚ ਖਾਲਸਾ ਦੀਵਾਨ (ਸ੍ਰੀ ਗੁਰੂ ਸਿੰਘ ਸਭਾ ਭਸੌੜ) ਵੱਲੋਂ ਕਈ ਪ੍ਰਤੀਨਿਧ ਸਿੰਘ ਸਭਾਵਾਂ ਇਕੱਤਰ ਕਰਕੇ ‘ਖਾਲਸਾ ਰਹਿਤ ਪ੍ਰਕਾਸ਼’ ਪਹਿਲੀ ਵਿਸਾਖ ਸੰਮਤ ੧੯੬੪ ਵਿੱਚ ਸੋਧਿਆ ਗਿਆ। 3. 25 ਵਿਸਾਖ ਸੰਮਤ ਨਾਨਕਸ਼ਾਹੀ 430 ਨੂੰ ਤਖ਼ਤ ਦਮਦਮਾ ਸਾਹਿਬ ਤੇ ਭਾਈ ਕਾਹਨ ਸਿੰਘ ਜੀ ਨਾਭਾ ਦੇ ਗ੍ਰੰਥ ‘ਹਮ ਹਿੰਦੂ ਨਹੀਂ’ ਨੂੰ ਪ੍ਰਵਾਨ ਕੀਤਾ ਗਿਆ। 4. 1908 ਈ: ਵਿੱਚ ਭਾਈ ਟਹਿਲ ਸਿੰਘ ਲੰਮੇ ਜੱਟਪੁਰੇ ਵਾਲਿਆਂ ਦੇ ‘ਰਾਗ ਮਾਲਾ ਮੰਡਲ’ ਪ੍ਰਵਾਨ ਹੋਇਆ। 5. ਗਿਆਨੀ ਸਾਹਿਬ ਸਿੰਘ ਜੀ ਧਮਧਾਨ ਸਾਹਿਬ ਵਾਲਿਆਂ ਦੇ ਦੋ ਗ੍ਰੰਥ ‘ਰਾਗ ਮਾਲਾ ਪ੍ਰਬੋਧ’ ‘ਦਸਮ ਗੁਰੂ ਗ੍ਰੰਥ ਪ੍ਰਕਾਸ਼’ ਸੰਮਤ ਨਾਨਕਸ਼ਾਹੀ ੪੩੯ ਵਿੱਚ ਸੋਧ ਕੇ ਪ੍ਰਵਾਨ ਕੀਤੇ ਗਏ। ਇਥੋਂ ਹੀ ਭਾਈ ਮਨੀ ਸਿੰਘ ਜੀ ਸ਼ਹੀਦ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਜੀ ਦੇ ਗ੍ਰੰਥੀ ਨੀਯਤ ਕਰਕੇ ਭੇਜਿਆ ਗਿਆ। ਚੌਹਾਂ ਤਖ਼ਤਾਂ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਇਥੋਂ ਹੀ ਭੇਜੀਆਂ ਗਈਆਂ। ਗੁਰ ਪ੍ਰਤਾਪ ਸੂਰਜ ਗ੍ਰੰਥ ਨੂੰ ਪ੍ਰਮਾਣਿਕ ਗ੍ਰੰਥ ਮੰਨ ਕੇ ਗੁਰਦੁਆਰਿਆਂ ਵਿਚ ਕਥਾ ਕਰਨ ਦਾ ਫੈਸਲਾ ਇਥੇ ਹੀ ਹੋਇਆ ਸੀ। ਪੰਚ ਖਾਲਸਾ ਦੀਵਾਨ ਤੇ ਬਾਬੂ ਤੇਜਾ ਸਿੰਘ ਭਸੌੜ ਦੇ ਖਿਲਾਫ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਹੀ ਗੁਰਮਤਾ ਕੀਤਾ ਗਿਆ ਸੀ।
ਦਸਮ ਪਾਤਸ਼ਾਹ ਜੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਬਿਰਾਜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ, ਜਿਵੇਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਿਖ ਕੇ ਬੀੜ ਬੰਨ੍ਹੀ ਸੀ, ਸਭ ਦੀ ਸਭ ਬਿਨਾਂ ਬਦਲੇ ਉਸੇ ਤਰ੍ਹਾਂ ਹੀ ਉਚਾਰਨ ਕੀਤੀ ਅਤੇ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਉਚਾਰਨ ਬਾਣੀ ਨੂੰ ਸ਼ਾਮਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖਸ਼ੀ।

PPA30081402

                                          -ਸ. ਦਿਲਜੀਤ ਸਿੰਘ ‘ਬੇਦੀ’, ਅੰਮ੍ਰਿਤਸਰ।  ਮੋ: 98148-98570

Check Also

ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਦੀ ਗੱਲ ਕਰਦੀ ਹੈ ਫ਼ਿਲਮ ‘ਆਪਣੇ ਘਰ ਬਿਗਾਨੇ’

  ਪੰਜਾਬੀ ਸਿਨੇਮਾ ਲਈ ਬਹਾਰ ਦਾ ਮੌਸਮ ਚੱਲ ਰਿਹਾ ਹੈ।ਪੰਜਾਬੀ ਫ਼ਿਲਮਾਂ ਇੱਕ ਤੋਂ ਬਾਅਦ ਇੱਕ …

Leave a Reply