ਡੋਰ ਵੇਚਣ ਤੇ ਵਰਤਣ ਵਾਲਿਆਂ ’ਤੇ ਹੋਵੇਗੀ ਕਾਨੂੰਨੀ ਕਾਰਵਾਈ
ਅੰਮ੍ਰਿਤਸਰ, 8 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੋਹੜੀ ਦੇ ਤਿਉਹਾਰ ਮੌਕੇ ਚੀਨੀ ਡੋਰ ਨਾਲ ਪਤੰਗਬਾਜੀ ਕਰਨ ਵਿਚ ਹੋਏ ਵਾਧੇ ਨਾਲ ਨਜਿੱਠਣ ਲਈ
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਵਿਆਪਕ ਪੱਧਰ ’ਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਪੁਲਿਸ, ਨਗਰ ਨਿਗਮ ਅਤੇ ਐਸ ਡੀ ਐਮਜ਼ ਦੀ ਅਗਵਾਈ ਹੇਠ ਟੀਮਾਂ ਗਠਿਤ ਕੀਤੀਆਂ ਗਈਆਂ ਹਨ।ਉਕਤ ਸਾਰੇ ਸੀਨੀਅਰ ਅਧਿਕਾਰੀ ਆਪਣੇ ਪੱਧਰ ’ਤੇ ਅੱਗੇ ਟੀਮਾਂ ਬਣਾ ਕੇ ਚੀਨੀ ਡੋਰ ਵੇਚਣ ਅਤੇ ਵਰਤਣ ਵਾਲਿਆਂ ਉਤੇ ਕਾਰਵਾਈ ਕਰਨਗੇ।
ਸੰਘਾ ਨੇ ਸਪੱਸ਼ਟ ਕੀਤਾ ਕਿ ਚੀਨੀ ਡੋਰ ਵੇਚਣ ’ਤੇ ਲਗਾਤਾਰ ਪਾਬੰਦੀ ਲਗਾਉਣ ਦੇ ਬਾਵਜੂਦ ਵੀ ਜੋ ਵਪਾਰੀ ਅਤੇ ਦੁਕਾਨਦਾਰ ਇਸ ਨੂੰ ਵੇਚ ਰਹੇ ਹਨ, ਉਨਾਂ ’ਤੇ ਪੁਲਿਸ ਦੀ ਸਹਾਇਤਾ ਨਾਲ ਕੇਸ ਦਰਜ ਕਰਵਾਏ ਜਾਣ।ਇਸ ਤੋਂ ਇਲਾਵਾ ਜੋ ਵੀ ਪਤੰਗਬਾਜ਼ ਚੀਨੀ ਡੋਰ ਵਰਤਦਾ ਕਾਬੂ ਕੀਤਾ ਜਾਂਦਾ ਹੈ, ਉਸ ਦੇ ਜਾਣਕਾਰੀ ਦੇ ਅਧਾਰ ’ਤੇ ਛੋਟੇ ਤੋਂ ਵੱਡੇ ਦੁਕਾਨਦਾਰ ਤੇ ਫਿਰ ਥੋਕ ਦੇ ਵਪਾਰੀ ਤੱਕ ਦਾ ਸਾਰਾ ਨੈਟਵਰਕ ਕਾਬੂ ਕਰਕੇ ਉਨਾਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨਾਂ ਸਾਰੇ ਅਧਿਕਾਰੀਆਂ ਨੂੰ ਛਾਪੇ ਮਾਰਨ ਦੀ ਹਦਾਇਤ ਕਰਦੇ ਕਿਹਾ ਕਿ ਚੀਨੀ ਡੋਰ ਵਿਰੁੱਧ ਕੀਤੀ ਗਈ ਕਾਰਵਾਈ ਦੀ ਰੋਜ਼ਾਨਾ ਰਿਪੋਰਟ ਦਫਤਰ ਸਬਮਿਟ ਕੀਤੀ ਜਾਵੇ, ਤਾਂ ਜੋ ਕਿਸੇ ਵੀ ਤਰਾਂ ਦੀ ਢਿੱਲ ਦੀ ਗੁੰਜਾਇਸ਼ ਨਾ ਰਹੇ।
ਸੰਘਾ ਨੇ ਦੱਸਿਆ ਕਿ ਚੀਨੀ ਡੋਰ ਦੀ ਵਰਤੋਂ ਕਾਰਨ ਅਕਸਰ ਜਿੱਥੇ ਪਤੰਗਬਾਜ਼ੀ ਕਰਦੇ ਬੱਚੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ, ਉਥੇ ਰਾਹ ਜਾਂਦੇ ਰਾਹਗੀਰ ਹਾਦਸੇ ਦਾ ਸ਼ਿਕਾਰ ਹੋ ਕੇ ਜਾਨ ਤੱਕ ਗੁਆ ਬੈਠਦੇ ਹਨ। ਉਨਾਂ ਸਪੱਸ਼ਟ ਕੀਤਾ ਕਿ ਜਿਸ ਪਤੰਗਬਾਜ ਦੀ ਚੀਨੀ ਡੋਰ ਨਾਲ ਕੋਈ ਹਾਦਸਾ ਵਾਪਰ ਗਿਆ ਤਾਂ ਸਬੰਧਤ ਪਤੰਗਬਾਜ਼ ਕੇਸ ਵਿਚ ਨਾਮਜ਼ਦ ਕੀਤਾ ਜਾਵੇਗਾ।ਡਿਪਟੀ ਕਮਿਸ਼ਨਰ ਸੰਘਾ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਸਪੱਸ਼ਟ ਕੀਤਾ ਕਿ ਉਹ ਆਪਣੇ ਬੱਚਿਆਂ ਨੂੰ ਚੀਨੀ ਡੋਰ ਵਰਤਣ ਤੋਂ ਰੋਕ ਲੈਣ, ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ।ਸੰਘਾ ਨੇ ਇਸ ਬਾਬਤ ਪੁਲਿਸ ਕਮਿਸ਼ਨਰ ਨੂੰ ਥਾਣੇ ਪੱਧਰ ’ਤੇ ਟੀਮਾਂ ਗਠਿਤ ਕਰਨ ਅਤੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦੇਣ ਲਈ ਅਪੀਲ ਕੀਤੀ, ਤਾਂ ਜੋ ਤਿਉਹਾਰਾਂ ਦੇ ਸੀਜ਼ਨ ਵਿਚ ਡੋਰ ਨਾਲ ਹੁੰਦੇ ਹਾਦਸੇ ਰੋਕੇ ਜਾ ਸਕਣ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media