ਪਤੰਗਬਾਜ਼ੀ ਦੇ ਹੋਣਗੇ ਮੁਕਾਬਲੇ- ਜੇਤੂਆਂ ਨੂੰ ਦਿੱਤੇ ਜਾਣਗੇ ਨਗਦ ਇਨਾਮ
ਅੰਮ੍ਰਿਤਸਰ, 8 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਜ਼ਿਲ੍ਹਾ ਵਾਸੀਆਂ ਨਾਲ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਪਹਿਲੀ ਵਾਰ ਜਿਲ੍ਹੇ ਵਿਚ ਪ੍ਰਸਾਸ਼ਨ ਵੱਲੋਂ ਲੋਹੜੀ ਮੇਲਾ ਮਨਾਇਆ ਜਾ ਰਿਹਾ ਹੈ, ਜਿਸ ਵਿਚ ਸ਼ਾਮਿਲ ਹੋਣ ਲਈ ਸਾਰੇ ਜਿਲ੍ਹਾ ਵਾਸੀਆਂ ਨੂੰ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਖੁੱਲਾ ਸੱਦਾ ਦਿੱਤਾ ਗਿਆ ਹੈ।ਰਣਜੀਤ ਐਵੀਨਿੳੂ ਦੇ ਪਾਈਟੈਕਸ ਮੇਲਾ ਗਰਾਉਂਡ ਵਿਚ 12 ਜਨਵਰੀ ਦਿਨ ਸ਼ਨੀਵਾਰ ਨੂੰ ਕਰੀਬ 10 ਤੋਂ ਸ਼ਾਮ 3 ਵਜੇ ਤੱਕ ਕਰਵਾਏ ਜਾ ਰਹੇ ਇਸ ਮੇਲੇ ਵਿਚ ਜਿੱਥੇ ਲੋਹੜੀ ਦਾ ਮੁੱਖ ਆਕਰਸ਼ਨ ਪੰਤਗਾਂ ਦੇ ਮੁਕਾਬਲੇ ਕਰਵਾਏ ਜਾਣਗੇ, ਉਥੇ ਭੁੱਗਾ ਬਾਲ ਕੇ ਲੋਹੜੀ ਦੀ ਖੁਸ਼ੀ ਸਾਂਝੀ ਕੀਤੀ ਜਾਵੇਗੀ।
ਡਿਪਟੀ ਕਮਿਸ਼ਰਨ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਦੀ ਰਵਾਇਤੀ ਪਤੰਗਬਾਜੀ, ਜੋ ਕਿ ਸਾਰੇ ਪੰਜਾਬ ਵਿਚ ਮਸ਼ਹੂਰ ਹੈ, ਦੇ ਹੁਨਰਮੰਦਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਮੇਲਾ ਉਲੀਕਿਆ ਗਿਆ ਹੈ, ਜਿਸ ਵਿਚ ਮੁਕਾਬਲੇ ਦੌਰਾਨ ਪਹਿਲੇ ਸਥਾਨ ’ਤੇ ਰਹਿਣ ਵਾਲੇ ਪਤੰਗਬਾਜ਼ ਨੂੰ 11 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।ਉਨਾਂ ਦੱਸਿਆ ਕਿ ਇਹ ਪਤੰਗ ਕੇਵਲ ਤੇ ਕੇਵਲ ਦੇਸੀ ਡੋਰ ਨਾਲ ਹੀ ਉਡਾਏ ਜਾ ਸਕਣਗੇ ਅਤੇ ਚੀਨੀ ਡੋਰ ’ਤੇ ਮੁਕੰਮਲ ਪਾਬੰਦੀ ਰਹੇਗੀ।
ਮੇਲੇ ਵਿਚ ਗਿੱਧਾ, ਭੰਗੜਾ, ਲੋਕ ਗੀਤਾਂ ਦੀ ਪੇਸ਼ਕਾਰੀ, ਪੰਜਾਬ ਪੁਲਿਸ ਦੇ ਬੈਂਡ ਦੀਆਂ ਰੌਣਕਾਂ, ਨਾਟਕ ਅਤੇ ਖਾਣ-ਪੀਣ ਦੇ ਸਟਾਲ ਮੁੱਖ ਆਕਰਸ਼ਣ ਰਹਿਣਗੇ।ਸੰਘਾ ਨੇ ਕਿਸੇ ਵੀ ਤਰਾਂ ਦੀ ਪੇਸ਼ਕਾਰੀ ਕਰਨ ਵਾਲੇ ਕਲਾਕਾਰਾਂ, ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬੀ ਵਿਰਸੇ ਨਾਲ ਸਬੰਧਤ ਕੋਈ ਵੀ ਪੇਸ਼ਕਾਰੀ ਦਾ ਮੁਜ਼ਾਹਰਾ ਇਸ ਮੌਕੇ ਕਰ ਸਕਦੇ ਹਨ।ਉਨਾਂ ਦੱਸਿਆ ਕਿ ਪ੍ਰੋਗਰਾਮ ਪੂਰੀ ਤਰਾਂ ਮੇਲੇ ਰੂਪ ਵਿਚ ਹੋਵੇਗਾ ਅਤੇ ਇੱਥੇ ਪੇਸ਼ਕਾਰੀ ਕਰਨ ਵਾਲੇ ਚੰਗੇ ਕਲਾਕਾਰਾਂ ਅਤੇ ਸੰਸਥਾਵਾਂ ਨੂੰ ਇਸ ਵਾਰ ਦੇ ਗਣਤੰਤਰ ਦਿਵਸ ਸਮਾਗਮ ਮੌਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਵਾਲ, ਡੀ.ਸੀ.ਪੀ ਪੁਲਿਸ ਅਮਰੀਕ ਸਿੰਘ ਪਵਾਰ, ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਸਹਾਇਕ ਕਮਿਸ਼ਨਰ ਸ਼ਿਵਰਾਜ ਸਿੰਘ ਬੱਲ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …