ਲੋਕ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ – ਐੱਸ.ਐੱਸ.ਪੀ. ਬਟਾਲਾ
ਬਟਾਲਾ, 2 ਸਤੰਬਰ ( ਨਰਿੰਦਰ ਬਰਨਾਲ) – ਟਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਖਿਲਾਫ ਬਟਾਲਾ ਪੁਲਿਸ ਨੇ ਵਿਸ਼ੇਸ਼ ਮੁਹਿੰਮ ਆਰੰਭੀ ਹੋਈ ਹੈ ਅਤੇ ਇਸ ਸਾਲ ਜਨਵਰੀ ਮਹੀਨੇ ਤੋਂ ਅਗਸਤ ਮਹੀਨੇ ਤੱਕ ਬਟਾਲਾ ਪੁਲਿਸ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਦੇ 10313 ਚਲਾਨ ਕੱਟ ਕੇ 3978215 ਰੁਪਏ ਜੁਰਮਾਨਾਂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਜ਼ਿਲਾ ਬਟਾਲਾ ਦੇ ਐੱਸ.ਐੱਸ.ਪੀ. ਸ. ਮਨਮਿੰਦਰ ਸਿੰਘ ਨੇ ਦੱਸਿਆ ਕਿ ਬਟਾਲਾ ਪੁਲਿਸ ਵੱਲੋਂ ਸੜਕੀ ਹਾਦਸਿਆਂ ਨੂੰ ਰੋਕਣ ਲਈ ਜਿਥੇ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਵਾਹਨ ਚਾਲਕਾਂ ਨੂੰ ਆਵਾਜਾਈ ਨਿਯਮਾਂ ਦੀ ਜਾਣਕਾਰੀ ਦੇਣ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਵੀ ਲਗਾਏ ਜਾ ਰਹੇ ਹਨ। ਪਿਛਲੇ ਅੱਠ ਮਹੀਨਿਆਂ ਦੌਰਾਨ ਕੀਤੇ ਟਰੈਫਿਕ ਚਲਾਨਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁੱਖੀ ਬਟਾਲਾ ਸ. ਮਨਮਿੰਦਰ ਸਿੰਘ ਨੇ ਦੱਸਿਆ ਕਿ 2014 ਦੇ ਪਹਿਲੇ ਮਹੀਨੇ ਜਨਵਰੀ ਦੌਰਾਨ ਬਟਾਲਾ ਪੁਲਿਸ ਨੇ 321 ਚਲਾਨ ਕਰਕੇ ਵਾਹਨ ਚਾਲਕਾਂ ਨੂੰ 110175 ਰੁਪਏ ਜੁਰਮਾਨਾ ਕੀਤਾ ਹੈ। ਫਰਵਰੀ ਦੌਰਾਨ ਟਰੈਫਿਕ ਪੁਲਿਸ ਵੱਲੋਂ 366 ਚਲਾਨ ਕੀਤੇ ਗਏ ਅਤੇ 125350 ਰੁਪਏ ਜੁਰਮਾਨਾ ਕੀਤਾ ਗਿਆ, ਮਾਰਚ ਦੌਰਾਨ 140 ਚਲਾਨ ਤੇ 72800 ਰੁਪਏ ਜੁਰਮਾਨਾ, ਅਪ੍ਰੈਲ ਦੌਰਾਨ 398 ਚਲਾਨ ਅਤੇ 56750 ਰੁਪਏ ਜੁਰਮਾਨਾ, ਮਈ ਮਹੀਨੇ 1026 ਚਲਾਨ ਅਤੇ 258740 ਰੁਪਏ ਜੁਰਮਾਨਾ, ਜੂਨ ਮਹੀਨੇ 2932 ਚਲਾਨ ਅਤੇ 1065400 ਰੁਪਏ ਜੁਰਮਾਨਾ, ਜੁਲਾਈ ਮਹੀਨੇ 3092 ਚਲਾਨ ਅਤੇ 1387925 ਰੁਪਏ ਜੁਰਮਾਨਾ ਅਤੇ ਅਗਸਤ 2014 ਦੌਰਾਨ 2038 ਵਾਹਨ ਚਾਲਕਾਂ ਦੇ ਚਲਾਨ ਕਰਕੇ 901075 ਰੁਪਏ ਜੁਰਮਾਨਾ ਕੀਤਾ ਗਿਆ ਹੈ।
ਐੱਸ.ਐੱਸ.ਪੀ. ਸ. ਮਨਮਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ ਅਤੇ ਆਵਾਜਾਈ ਨਿਯਮਾਂ ਦੀ ਪਾਲਣਾ ਜਰੂਰ ਕਰਨ। ਉਨਾਂ ਕਿਹਾ ਕਿ ਆਵਾਜਾਈ ਨਿਯਮਾਂ ਦੀ ਪਾਲਣਾ ਜਿਥੇ ਸਾਨੂੰ ਜਿੰਮੇਵਾਰ ਨਾਗਰਿਕ ਬਣਾਉਣੀ ਹੈ ਉਥੇ ਇਸ ਨਾਲ ਸੜਕੀ ਹਾਦਸੇ ਵੀ ਘੱਟ ਹੁੰਦੇ। ਉਨਾਂ ਕਿਹਾ ਕਿ ਬਟਾਲਾ ਵੱਲੋਂ ਪੁਲਿਸ ਆਵਾਜਾਈ ਨਿਯਮਾਂ ਨੂੰ ਲਾਗੂ ਕਰਨ ਲਈ ਵਿਸ਼ੇਸ਼ ਮੁਹਿੰਮ ਆਰੰਭੀ ਹੋਈ ਹੈ ਅਤੇ ਜੋ ਕੋਈ ਵੀ ਆਵਾਜਾਈ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।