Tuesday, December 3, 2024

ਪੰਜਾਬੀ ਸਾਹਿਤ ਦਾ ਵੱਡਾ ਹਸਤਾਖ਼ਰ – ਕਰਤਾਰ ਸਿੰਘ ਦੱਗਲ

Kartar Duggal       ਕਰਤਾਰ ਸਿੰਘ ਦੁੱਗਲ ਪੰਜਾਬੀ ਸਾਹਿਤ ਦੀ ਰੀੜ੍ਹ ਦੀ ਹੱਡੀ ਸੀ।ਦੁੱਗਲ ਦੀ ਪੰਜਾਬੀ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ।ਇਸ ਪ੍ਰਸਿੱਧ ਸਾਹਿਤਕਾਰ ਕਰਤਾਰ ਸਿੰਘ ਦੁੱਗਲ ਦਾ ਜਨਮ ਪਿੰਡ ਧਮਿਆਲ ਜ਼ਿਲ੍ਹਾ ਰਾਵਲ ਪਿੰਡੀ (ਹੁਣ ਪਾਕਿਸਤਾਨ `ਚ) ਜੀਵਨ ਸਿੰਘ ਦੁੱਗਲ ਦੇ ਘਰ ਅਤੇ ਮਾਤਾ ਸਤਵੰਤ ਕੌਰ ਦੀ ਕੁੱਖੋਂ 1 ਮਾਰਚ 1917 ਨੂੰ ਹੋਇਆ।ਉਹ ਪੰਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ `ਚ ਲਿਖਦੇ ਸਨ।ਕਰਤਾਰ ਸਿੰਘ ਦੁੱਗਲ ਨੇ ਮਿੰਨੀ ਕਹਾਣੀ ਉਦੋਂ ਲਿਖਣੀ ਸ਼ੁਰੂ ਕੀਤੀ, ਜਦੋਂ ਪੰਜਾਬੀ ਸਾਹਿਤ ਵਿਚ ਨਿੱਕੀਆਂ ਕਹਾਣੀਆਂ ਲਿਖਣ ਦੀ ਪਿਰਤ ਨਹੀਂ ਸੀ।ਉਸ ਨੇ ਮਿੰਨੀ ਕਹਾਣੀ ਤੋਂ ਇਲਾਵਾ ਨਾਵਲ, ਨਾਟਕ, ਰੇਡੀਓ ਨਾਟਕ ਤੇ ਕਵਿਤਾ ਵੀ ਲਿਖੀ ਤੇ ਇਨ੍ਹਾਂ ਸਾਰੇ ਖੇਤਰਾਂ ਵਿਚ ਪ੍ਰਸਿੱਧੀ ਪ੍ਰਾਪਤ ਕੀਤੀ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਭਾਸ਼ਾ ਵਿਚ ਅਨੁਵਾਦ ਵੀ ਕੀਤਾ।ਕਰਤਾਰ ਸਿੰਘ ਦੁੱਗਲ ਵਡੇਰੀ ਉਮਰ ਭੋਗ ਕੇ ਪੰਜਾਬੀ ਸਾਹਿਤ ਤੋਂ ਵਿਦਾ ਹੋਇਆ।
ਉਸ ਦਾ ਪਹਿਲਾਂ ਕਹਾਣੀ ਸੰਗ੍ਰਹਿ “ਸਵੇਰ ਸਾਰ” 1942 ਵਿਚ ਪ੍ਰਕਾਸ਼ਿਤ ਹੋਇਆ।ਉਨ੍ਹਾਂ ਨੇ ਜ਼ਿਆਦਾਤਰ ਮੁਲਕ ਦੀ ਹੋਈ ਵੰਡ ਅਤੇ ਲੋਕਾਂ ਦੇ ਜੀਵਨ ਹਾਲ `ਤੇ ਕਹਾਣੀਆਂ ਲਿਖੀਆਂ।ਉਨ੍ਹਾਂ ਦੀ ਲੇਖਣੀ ਵਿੱਚ ਨਿਰੰਤਰਤਾ ਬਣੀ ਰਹੀ।ਫਾਰਮਨ ਕ੍ਰਿਸਚੀਅਨ ਕਾਲਜ ਲਾਹੌਰ ਤੋਂ ਐਮ ਏ ਅੰਗਰੇਜ਼ੀ ਕਰਨ ਤੋਂ ਬਾਅਦ ਦੁੱਗਲ ਨੇ ਆਪਣਾ ਪ੍ਰੋਫੈਸ਼ਨਲ ਜੀਵਨ ਆਲ ਇੰਡੀਆ ਰੇਡਿਓ ਤੋਂ ਸ਼ੁਰੂ ਕੀਤਾ ਸੀ।ਉਹ ਅਦਾਰੇ ਨਾਲ ਸਾਲ 1942 ਤੋਂ 1966 ਤੱਕ ਵੱਖ-ਵੱਖ ਅਹੁੱਦਿਆਂ ‘ਤੇ ਤਾਇਨਾਤ ਰਹੇ ਅਤੇ ਸਟੇਸ਼ਨ ਦੇ ਡਾਇਰੈਕਟਰ ਵੀ ਬਣੇ।ਇਸ ਦੌਰਾਨ ਉਨ੍ਹਾਂ ਨੇ ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਵਿਚ ਪ੍ਰੋਗਰਾਮ ਬਣਾਉਣ ਦਾ ਕਾਰਜ਼ ਕੀਤਾ।ਦੁੱਗਲ ਸਾਲ 1966 ਤੋਂ ਲੈ ਕੇ ਸਾਲ 1973 ਤੱਕ ਨੈਸ਼ਨਲ ਬੁੱਕ ਟਰੱਸਟ ਦੇ ਸਕੱਤਰ ਅਤੇ ਬਾਅਦ ਵਿੱਚ ਡਾਇਰੈਕਟਰ ਵੀ ਰਹੇ।ਉਨ੍ਹਾਂ ਨੇ ਸੂਚਨਾ ਐਡਵਾਈਜ਼ਰ ਵਜੋਂ ਮਨਿਸਟਰੀ ਆਫ਼ ਇਨਫਰਮੇਸ਼ਨ ਐਂਡ ਬਰਾਡਕਾਸਟਿੰਗ ਵਿਚ ਵੀ ਕੰਮ ਕੀਤਾ।
ਕਰਤਾਰ ਸਿੰਘ ਦੁੱਗਲ ਨੂੰ ਇੰਦਰ ਕੁਮਾਰ ਗੁਜਰਾਲ ਨੇ ਸਾਲ 1977 ਵਿਚ ਰਾਜ ਸਭਾ ਦਾ ਮੈਂਬਰ ਬਣਾਇਆ।ਜਿਵੇਂ ਕਿ ਇੰਦਰਾ ਗਾਂਧੀ ਨੇ ਅੰਮ੍ਰਿਤਾ ਪ੍ਰੀਤਮ ਨੂੰ ਬਣਾਇਆ ਸੀ।ਦੁੱਗਲ ਤੇ ਅੰਮ੍ਰਿਤਾ ਪ੍ਰੀਤਮ ਇੱਕ ਦੂਜੇ ਦੇ ਗੁਆਂਢੀ ਸਨ।ਉਨ੍ਹਾਂ ਦੇ ਸਮਕਾਲੀ ਦੱਸਦੇ ਹਨ ਕਿ ਉਨ੍ਹਾਂ ਦੋਵੇਂ ਦੀ ਬਹੁਤ ਘੱਟ ਬਣਦੀ ਸੀ।ਪਰ ਦੋਵੇਂ ਹੀ ਉਨ੍ਹਾਂ ਸਮਿਆਂ ਵਿਚ ਪੰਜਾਬੀ ਸਾਹਿਤ ਵਿੱਚ ਛਾਏ ਰਹੇ।ਸਖ਼ਤ ਵਿਰੋਧ ਦੇ ਬਾਵਜੂਦ ਮੁਸਲਿਮ ਪਰਿਵਾਰ ਦੀ ਲੜਕੀ ਡਾ. ਆਇਸ਼ਾ ਨਾਲ ਵਿਆਹ ਕੀਤਾ ਅਤੇ ਦੋ ਬੱਚੇ ਸੁਹੇਲ ਅਤੇ ਸ਼ਹਿਲਾ ਨੇ ਜਨਮ ਲਿਆ।ਉਹ ਕਈ ਸੰਸਥਾਵਾਂ ਦੇ ਸੰਸਥਾਪਕ ਵੀ ਸਨ।ਜਿਸ ਵਿਚ ਰਾਜਾ ਰਾਮ ਮੋਹਨ ਰਾਏ ਲਾਇਬਰੇਰੀ ਫਾਊਂਡੇਸ਼ਨ, ਇੰਸਟੀਚਿਊਟ ਆਫ਼ ਸੋਸ਼ਲ ਐਂਡ ਇਕਨਾਮਿਕ ਚੇਂਜ ਬੰਗਲੌਰ, ਜ਼ਾਕਿਰ ਹੁਸੈਨ ਐਜੂਕੇਸ਼ਨਲ ਫਾਊਂਡੇਸ਼ਨ ਸ਼ਾਮਿਲ ਹਨ।ਉਹ ਸਾਹਿਤਕ ਖੇਤਰ ਦੀਆਂ ਕਈ ਸੰਸਥਾਵਾਂ ਦੇ ਅਹੁੱਦੇਦਾਰ ਵੀ ਰਹੇ।ਉਹ ਪੰਜਾਬੀ ਸਾਹਿਤ ਸਭਾ ਦਿੱਲੀ ਦੇ ਪ੍ਰਧਾਨ ਅਤੇ 1984 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਨੌਮੀਨੇਟਿਡ ਫੈਲੋ ਬਣੇ।
ਉਨ੍ਹਾਂ ਦੇ ਕਹਾਣੀ ਸੰਗ੍ਰਹਿ ਸਵੇਰ ਸਾਰ, ਪਿੱਪਲ ਪੱਤੀਆਂ, ਕੁੜੀ ਕਹਾਣੀ ਕਰਦੀ ਗਈ, ਡੰਗਰ, ਅੱਗ ਖਾਣ ਵਾਲੇ, ਕਰਾਮਾਤ, ਪਾਰੇ ਮੈਰੇ, ਇਕ ਛਿੱਟ ਚਾਨਣ ਦੀ, ਮਾਂਜਾ ਨਹੀਂ ਮੋਇਆ, ਨਵਾਂ ਘਰ, ਸੁਨਾਰ ਬੰਗਲਾ, ਫੁੱਲ ਤੋੜਨਾ ਮਨਾਂ ਹੈ, ਢੋਇਆ ਹੋਇਆ ਬੂਹਾ, ਹੰਸਾ ਆਦਮੀ, ਪੈਣਗੇ ਵੈਣ ਡੂੰਘੇ, ਭਾਬੀ ਜਾਨ, ਮੌਤ ਇੱਕ ਗੁੰਚੇ ਦੀ ਅਤੇ ਨਾਵਲ ਆਂਦਰਾਂ, ਪੁੰਨਿਆ ਦੀ ਰਾਤ, ਤੇਰੇ ਭਾਣੇ, ਬੰਦ ਦਰਵਾਜ਼ੇ, ਮਿੱਟੀ ਮੁਸਲਮਾਨ ਕੀ, ਨਾਟਕ ਮਿੱਠਾ ਪਾਣੀ, ਪੁਰਾਣੀਆਂ ਬੋਤਲਾਂ, ਤਿੰਨ ਨਾਟਕ, ਸੱਤ ਨਾਟਕ, ਕਵਿਤਾ ਕੰਢੇ-ਕੰਢੇ, ਬੰਦ ਦਰਵਾਜ਼ੇ, ਵੀਹਵੀਂ ਸਦੀ ਤੇ ਹੋਰ ਕਵਿਤਾਵਾਂ, ਵਾਰਤਕ ਪੱਖੋਂ ਮੇਰੀ ਸਾਹਿਤਕ ਜੀਵਨੀ, ਕਿਸ ਪਹਿ ਖੋਲਉ ਗੰਠੜੀ, ਇਕਾਂਗੀ ਸੁੱਤੇ ਪਏ ਨਗ਼ਮੇ, ਆਲੋਚਨਾ, ਕਹਾਣੀ ਕਲਾ ਤੇ ਮੇਰਾ ਅਨੁਭਵ ਆਦਿ ਨੂੰ ਪੰਜਾਬੀ ਸਾਹਿਤਕ ਖੇਤਰ ਦੇ ਪਾਠਕਾਂ ਨੇ ਮਣਾਂ ਮੂੰਹੀਂ ਪਿਆਰ ਦਿੱਤਾ।

Beant Bajwa

ਬੇਅੰਤ ਬਾਜਵਾ
ਬਰਨਾਲਾ।
ਮੋ: 70878-00168

Check Also

ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ

ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …

Leave a Reply