Thursday, November 21, 2024

ਕੈਪਟਨ ਵਲੋਂ ਦਿਹਾਤੀ ਸਿਹਤ ਸੇਵਾਵਾਂ ਨੂੰ ਵਧਾਵਾ ਦੇਣ ਲਈ 70 ਆਈ.ਈ.ਸੀ ਵੈਨਾਂ ਨੂੰ ਝੰਡੀ

ਚੰਡੀਗੜ, 28 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਹਾਤੀ ਸਿਹਤ ਸੇਵਾਵਾਂ ਨੂੰ ਬੜਾਵਾ ਦੇਣ ਲਈ ਆਪਣੀ PUNJ2801201904ਸਰਕਾਰ ਦੀ ਤੰਦਰੁਸਤ ਪੰਜਾਬ ਸਿਹਤ ਮੁਹਿੰਮ ਪ੍ਰੋਗਰਾਮ ਹੇਠ 70 ਆਈ.ਈ.ਸੀ (ਸੂਚਨਾ ਸਿੱਖਿਆ ਅਤੇ ਸੰਚਾਰ) ਵੈਨਾਂ ਨੂੰ ਝੰਡੀ ਦਿੱਤੀ ਹੈ।
ਸੂਬਾ ਪੱਧਰ `ਤੇ ਲੋਕਾਂ ਨਾਲ ਸੰਪਰਕ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਵਾਲੇ ਇਸ ਪ੍ਰੋਗਰਾਮ ਹੇਠ ਸੂਬੇ ਭਰ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਵੱਖ-ਵੱਖ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਨਾਂ ਦੀ ਰੋਕਥਾਮ ਬਾਰੇ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।
ਇਸ ਮੌਕੇ ਮੁੱਖ ਮੰਤਰੀ ਦੇ ਨਾਲ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੀ ਸਨ।ਮੁੱਖ ਮੰਤਰੀ ਨੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀਆਂ ਆਪਣੀ ਸਰਕਾਰ ਦੀਆਂ ਕੋਸ਼ਿਸ਼ਾਂ `ਤੇ ਜ਼ੋਰ ਦਿੱਤਾ ਜਿਨਾਂ ਦੇ ਰਾਹੀਂ ਕੰਢੀ ਅਤੇ ਸਰਹੱਦੀ ਖੇਤਰਾਂ ਦੇ ਦੂਰ-ਦਰਾਜ ਇਲਾਕਿਆ ਸਣੇ ਦਿਹਾਤੀ ਖੇਤਰਾਂ  ਦੇ ਲੋਕਾਂ ਤੱਕ ਪਹੁੰਚ ਬਣਾਈ ਜਾਵੇਗੀ। ਉਨਾਂ ਨੇ ਲੋਕਾਂ ਨੂੰ ਬਿਮਾਰੀਆਂ ਦੀ ਰੋਕਥਾਮ ਲਈ ਕਦਮ ਚੁਕਣ ਅਤੇ ਜਾਗਰੂਕਤਾ ਪੈਦਾ ਕਰਨ ਵਾਸਤੇ ਅਜਿਹੇ ਹੋਰ ਜਨ ਸੰਪਰਕ ਪ੍ਰੋਗਰਾਮ ਸ਼ੁਰੂ ਕਰਨ ਲਈ ਸਿਹਤ ਵਿਭਾਗ ਨੂੰ ਆਖਿਆ।
ਮੁੱਖ ਮੰਤਰੀ ਨੇ ਉਨਾਂ ਸਾਰੇ ਪਿੰਡਾਂ ਲਈ ਦਵਾਈਆਂ ਦਾ ਚੋਖਾ ਸਟਾਕ ਬਣਾਈ ਰੱਖਣ ਅਤੇ ਦਵਾਈਆਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਵੀ ਸਿਹਤ ਵਿਭਾਗ ਨੂੰ ਆਖਿਆ ਹੈ ਜਿਨਾਂ ਪਿੰਡਾਂ ਵਿੱਚ ਇਹ ਵੈਨਾਂ ਸੇਵਾਵਾਂ ਮੁਹੱਈਆਂ ਕਰਵਾਉਣ ਲਈ ਲਾਈਆਂ ਗਈਆਂ ਹਨ।
ਇਹ ਵੈਨਾਂ ਸੂਬੇ ਭਰ ਵਿੱਚ ਲੋਕਾਂ ਦੀਆਂ ਸਿਹਤ ਨਾਲ ਸਬੰਧਤ ਮੁੱਢਲੀ ਜਰੂਰਤਾਂ ਨੂੰ ਪੂਰਾ ਕਰਨਗੀਆਂ। ਇਨਾਂ ਵਿੱਚੋਂ 13 ਵੈਨਾਂ ਮਾਝੇ ਖਿੱਤੇ ਵਿੱਚ, 14 ਦੁਆਬੇ ਵਿੱਚ, 43 ਮਾਲਵੇ ਵਿੱਚ ਅਤੇ 17 ਸਰਹੱਦੀ ਜਿਲਿਆਂ ਦੇ ਹਲਕਿਆਂ ਵਿੱਚ ਲਾਈਆਂ ਗਈਆਂ ਹਨ। ਇਨਾਂ ਅਤਿ ਆਧੁਨਿਕ ਵੈਨਾਂ ਵਿੱਚ 42“ ਐਲ.ਈ.ਟੀ ਟੈਲੀਵਿਜ਼ਨ ਸਕ੍ਰੀਨਾਂ ਲਗੀਆਂ ਹੋਈਆਂ ਹਨ। ਇਨਾਂ ਵਿੱਚ ਪਬਲਿਕ ਐਡਰੈਸ ਸਿਸਟਮ ਅਤੇ ਐਲੀਵੇਟਿਡ ਪਲੇਟਫਾਰਮ ਹੈ। ਇਸ ਦੇ ਰਾਹੀਂ ਸਿਹਤ ਮਾਹਿਰ ਲੋਕਾਂ ਨੂੰ ਸਿਹਤ ਮੁੱਦਿਆਂ ਬਾਰੇ ਜਾਗਰੂਕਤਾ ਮੁਹੱਈਆ ਕਰਵਾਉਣਗੇ। ਇਨਾਂ ਦੇ ਰਾਹੀਂ ਜਾਗਰੂਕਤਾ ਪੈਦਾ ਕਰਨ ਵਾਲੀਆਂ ਫਿਲਮਾਂ ਵੀ ਵਿਖਾਈਆਂ ਜਾਣਗੀਆਂ।
ਇਹ ਮੁਹਿੰਮ ਵਿਭਾਗ ਵੱਲੋਂ ਲੋਕਾਂ ਤੱਕ ਪਹੁੰਚ ਕਰਨ ਵਾਲੀ ਸਭ ਤੋਂ ਵੱਡੀ ਕਰਨ ਵਾਲੀ ਮੁਹਿੰਮ ਹੈ ਜੋ ਕਿ ਰਾਸ਼ਟਰੀ ਸਿਹਤ ਮਿਸ਼ਨ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਦੇ ਵੱਖ-ਵੱਖ ਵਿੰਗਾਂ ਦੀ ਮਦਦ ਨਾਲ ਸ਼ੁਰੂ ਕੀਤੀ ਗਈ ਹੈ ਜਿਨਾਂ ਵਿੱਚ ਡਾਇਰੈਕਟੋਰੇਟ ਆਫ ਹੈਲਥ ਸਰਵਸਿਜ਼, ਆਯੂਰਵੇਦ, ਹੋਮੋਪੈਥੀ, ਪੀ.ਐਚ.ਸੀ ਅਤੇ ਪੀ.ਐਸ.ਏ.ਸੀ.ਐਸ ਸ਼ਾਮਲ ਹਨ। ਜ਼ਿਲਾ ਪਰਿਵਾਰ ਭਲਾਈ/ਹਰੇਕ ਜ਼ਿਲੇ ਦੇ ਸੀਨੀਅਰ ਮੈਡੀਕਲ ਅਫ਼ਸਰ ਪੱਧਰ ਦੇ ਅਧਿਕਾਰੀ ਨੋਡਲ ਅਫ਼ਸਰ ਵੱਲੋਂ ਮਨੋਨੀਤ ਕੀਤੇ ਗਏ ਹਨ।
ਇਸ ਮੌਕੇ ਸਿਹਤ ਮੰਤਰੀ ਨੇ ਦੱਸਿਆ ਕਿ ਇਨਾਂ ਗੱਡੀਆਂ ਨੂੰ ਫੀਲਡ ਵਿੱਚ ਸਬੰਧਤ ਵਿਧਾਇਕਾਂ ਵੱਲੋਂ ਝੰਡੀ ਦਿੱਤੀ ਜਾਵੇਗੀ ਅਤੇ ਡਿਪਟੀ ਕਮਿਸ਼ਨਰ ਰੋਜ਼ਮਰਾ ਦੇ ਆਧਾਰ `ਤੇ ਇਸ ਦੀ ਪ੍ਰਗਤੀ ਦਾ ਜਾਇਜ਼ਾ ਲੈਣਗੇ।ਇਸ ਤੋਂ ਇਲਾਵਾ ਉਹ ਮੈਡੀਕਲ ਟੀਮਾਂ ਦਾ ਮਾਰਗ ਦਰਸ਼ਨ ਵੀ ਕਰਨਗੇ ਤਾਂ ਜੋ ਇਸ ਵਿਸ਼ੇਸ਼ ਸਿਹਤ ਸੰਭਾਲ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਉਪਯੋਗ ਵਿੱਚ ਲਿਆਂਦਾ ਜਾ ਸਕੇ।ਹਰੇਕ ਵੈਨ ਰੋਜ਼ਾਨਾ ਘੱਟ ਤੋ ਘੱਟ 8 ਤੋ 10 ਥਾਵਾਂ `ਤੇ ਜਾਵੇਗੀ। ਹਰੇਕ ਜ਼ਿਲੇ ਦਾ ਆਪਣਾ ਵਿਸਤ੍ਰਿਤ ਮਾਈਕ੍ਰੋ ਪਲਾਨ/ਰੂਟ ਪਲਾਨ ਹੋਵੇਗਾ।
ਬਲਾਕ ਦਾ ਐਸ.ਐਮ.ਓ ਇੰਚਾਰਜ਼ ਆਪਣੇ ਸਬੰਧਤ ਬਲਾਕ ਵਿੱਚ ਨੋਡਲ ਅਫਸਰ ਹੋਵੇਗਾ ਅਤੇ ਖਿੱਤੇ ਦਾ ਮੈਡੀਕਲ ਅਫ਼ਸਰ ਇੰਚਾਰਜ ਆਪਣੇ ਖੇਤਰ ਵਿੱਚ ਹਰੇਕ ਆਈ.ਈ.ਸੀ ਵੈਨ ਦਾ ਨੋਡਲ ਅਫ਼ਸਰ ਹੋਵੇਗਾ।ਉਹ ਸਾਰੀਆਂ ਸਥਾਨਕ ਸਰਗਰਮੀਆਂ `ਤੇ ਨਿਗਰਾਨੀ ਰੱਖੇਗਾ ਜਿਨਾਂ ਵਿੱਚ ਮੈਡੀਕਲ ਕੈਂਪ ਅਤੇ ਆਰ.ਵੀ.ਐਸ.ਕੇ ਟੀਮਾਂ ਵੀ ਸ਼ਾਮਲ ਹਨ।
ਡਾਇਰੈਕਟਰ ਸਿਹਤ ਸੇਵਾਵਾਂ ਡਾ. ਜਸਪਾਲ ਕੌਰ ਨੇ ਦੱਸਿਆ ਕਿ ਐਚ.ਬੀ, ਬੀ.ਪੀ, ਰੈਂਡਮ ਬਲੱਡ ਸ਼ੂਗਰ, ਬਲੱਡ ਸਲਾਈਡ ਫਾਰ ਐਮ.ਪੀ, ਅੱਖਾਂ ਦੀ ਰੋਸ਼ਨੀ ਵਰਗੇ ਮੁੱਢਲੇ ਟੈਸਟ ਮੌਕੇ `ਤੇ ਹੀ ਕਰ ਦਿੱਤੇ ਜਾਣਗੇ।ਪੈਰਾਸੀਟਾਮੋਲ ਅਤੇ ਐਮੋਕਸੀਕਲਿਨ ਵਰਗੀਆਂ ਐਂਟੀਬਾਓਟਿਕ ਦਵਾਈ ਮਰੀਜ਼ਾਂ ਨੂੰ ਮੁੱਫਤ ਦਿੱਤੀ ਜਾਵੇਗੀ।ਜਿਨਾਂ ਮਰੀਜ਼ਾਂ ਨੂੰ ਹੋਰ ਇਲਾਜ ਦੀ ਜ਼ਰੂਰਤ ਹੋਵੇਗੀ ਉਨਾਂ ਨੂੰ ਨੇੜਲੀ ਸਰਕਾਰੀ ਸਿਹਤ ਸੰਸਥਾ ਵਿੱਚ ਭੇਜਿਆ ਜਾਵੇਗਾ।ਕੈਂਪਾਂ ਵਿੱਚ ਆਉਣ ਵਾਲੇ ਲੋਕਾਂ ਦੀ ਸਹੀ ਢੰਗ ਨਾਲ ਦੇਖਭਾਲ ਕੀਤੀ ਜਾਵੇਗੀ।
       ਵੈਨਾਂ ਅਤੇ ਮੈਡੀਕਲ ਕੈਂਪਾਂ ਦੀਆਂ ਸਰਗਰਮੀਆਂ ਬਾਰੇ ਨਿਗਰਾਨੀ ਅਤੇ ਫੀਡਬੈਕ ਬਾਰੇ ਆਨਲਾਈਨ ਸੂਚਨਾ ਵਿਸ਼ੇਸ਼ ਸਾਫਟਵੇਅਰ ਰਾਹੀਂ ਬਰਕਰਾਰ ਰੱਖੀ ਜਾਵੇਗੀ।ਇਕ ਕੰਟਰੋਲ ਰੂਮ ਰਾਹੀਂ ਇਨਾਂ 70 ਵੈਨਾਂ ਦੀ ਹਰ ਰੋਜ਼ ਦੀ ਪ੍ਰਗਤੀ ਬਾਰੇ ਨਜ਼ਰ ਰੱਖੀ ਜਾਵੇਗੀ।ਇਸੇ ਤਰਾਂ ਓ.ਪੀ.ਡੀ. ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ, ਦਵਾਈਆਂ, ਮਹਿਲਾ/ਪੁਰਸ਼, ਉਮਰ, ਲਿੰਗ ਅਤੇ ਆਈ.ਈ.ਸੀ./ਬੀ.ਸੀ.ਸੀ. ਗਤਿਵਿਧੀਆਂ `ਚ ਸ਼ਾਮਲ ਹੋਣ ਵਾਲੇ ਲੋਕਾਂ ਨਾਲ ਸਬੰਧਤ ਮੁੱਖ ਜਾਣਕਾਰੀ ਰੱਖੀ ਜਾਵੇਗੀ।ਹਰੇਕ ਵੈਨ ਵਿੱਚ ਇਕ ਵਿਜ਼ਟਰ ਬੁੱਕ ਹੋਵੇਗੀ ਜਿੱਥੇ ਕਮਿਊਨਿਟੀ ਮੈਂਬਰ ਆਪਣੀ ਫੀਡਬੈਕ/ਟਿੱਪਣੀਆਂ ਦਰਜ਼ ਕਰ ਸਕਦੇ ਹਨ। ਇਹ ਵੈਨਾਂ ਲੋਕਾਂ ਨੂੰ ਵੰਡਣ ਲਈ ਕਿਤਾਬਚਾ, ਪੋਸਟਰ ਤੇ ਰੂਪ ਵਿੱਚ ਜਨਤੱਕ ਸਮਗਰੀ ਦੀਆਂ 35-40 ਕਿਸਮਾਂ ਵੀ ਨਾਲ ਲੈ ਕੇ ਚੱਲਣਗੀਆਂ।
       ਇਸ ਮੌਕੇ ਸੰਸਦ ਮੈਂਬਰ ਸੁਨੀਲ ਜਾਖੜ, ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ-ਕਮ-ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਤੇ ਕੌਮੀ ਸਿਹਤ ਮਿਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਿਤ ਕੁਮਾਰ ਸਿਹਤ ਵਿਭਾਗ ਦੇ ਵਧੀਕ ਸਕੱਤਰ ਬੀ. ਸਰਿਨੀ ਵਾਸਨ, ਡਾਇਰੈਕਟਰ ਈ.ਐਸ.ਆਈ. ਡਾ. ਜਗਪਾਲ ਬੱਸੀ, ਡਾਇਰੈਕਟਰ ਕੌਮੀ ਸਿਹਤ ਮਿਸ਼ਨ ਡਾ. ਅਵਨੀਤ ਕੌਰ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਹਾਜ਼ਰ ਸਨ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply