ਕੇਂਦਰ ਸਰਕਾਰ ਦੇ ਬਜ਼ਟ ਨੂੰ ਕਿਸਾਨ, ਵਪਾਰੀ ਤੇ ਉਦਯੋਗ ਵਿਰੋਧੀ ਦੱਸਿਆ
ਧੂਰੀ, 5 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਲੋਕ ਇਨਸਾਫ ਪਾਰਟੀ ਵੱਲੋਂ ਧੂਰੀ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਪਾਰਟੀ ਦੇ ਪ੍ਰਧਾਨ
ਸਿਮਰਜੀਤ ਸਿੰਘ ਬੈਂਸ, ਜਨਰਲ ਸੱਕਤਰ ਜਸਵੰਤ ਸਿੰਘ ਗੱਜਣਮਾਜਰਾ ਅਤੇ ਮਾਲਵਾ ਜ਼ੋਨ ਪਟਿਆਲਾ ਦੇ ਯੂਥ ਪ੍ਰਧਾਨ ਜਸਵਿੰਦਰ ਸਿੰਘ ਰਿਖੀ ਵਿਸ਼ੇਸ਼ ਤੌਰ `ਤੇ ਹਾਜ਼ਰ ਹੋਏ। ਪ੍ਰੋਗਰਾਮ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਡੈਮੋਕ੍ਰੇਟਿਕ ਗੱਠਜੋੜ ਆਗਾਮੀ ਲੋਕ ਸਭਾ ਚੋਣਾਂ ਵਿੱਚ ਬੇਦਾਗ ਵਿਅਕਤੀਆਂ ਨੂੰ ਟਿਕਟ ਦੇਣ ਦੀ ਪਹਿਲ ਕਰੇਗਾ।ਉਹਨਾਂ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜ਼ਟ ਦੀ ਨਿੰਦਾ ਕਰਦਿਆਂ ਬਜ਼ਟ ਨੂੰ ਕਿਸਾਨ, ਵਪਾਰੀ ਅਤੇ ਉਦਯੋਗਪਤੀਆਂ ਦਾ ਵਿਰੋਧੀ ਦੱਸਿਆ।
ਪਾਰਟੀ ਵੱਲੋਂ ਕ੍ਰਾਂਤੀ ਚੌਕ ਧੂਰੀ ਵਿਖੇ ਕੱਢੀ ਗਈ ਇੱਕ ਰੈਲੀ ਦੌਰਾਨ ਬੈਂਸ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਬਣੇ ਕਾਨੂੰਨ ਵਿੱਚ ਪੰਜਾਬ ਦਾ ਰਾਜਸਥਾਨ ਸਰਕਾਰ ਵੱਲ 16 ਲੱਖ ਕਰੋੜ ਦਾ ਬਕਾਇਆ ਹੈ, ਜਦਕਿ ਸੂਬੇ ਵੱਲ 4 ਲੱਖ ਕਰੋੜ ਦਾ ਕਬਜ਼ਾ ਹੈ।ਉਹਨਾਂ ਕਿਹਾ ਕਿ ਅਗਰ ਰਾਜਸਥਾਨ ਸਰਕਾਰ ਤੋਂ 16 ਲੱਖ ਕਰੋੜ ਦੀ ਵਸੂਲੀ ਹੋ ਜਾਵੇ ਤਾਂ 12 ਲੱਖ ਕਰੋੜ ਰੂਪਿਆ ਪੰਜਾਬ ਪਾਸ ਬਚਦਾ ਹੈ, ਜਿਸ ਤੋਂ ਪੰਜਾਬ ਇੱਕ ਅਮੀਰ ਦੇਸ਼ ਬਣ ਸਕਦਾ ਹੈ।ਉਹਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਹਮੇਸ਼ਾਂ ਸੂਬੇ ਨੂੰ ਲੁੱਟਿਆ ਹੈ ਅਤੇ ਇਹਨਾਂ ਦੋਵੇਂ ਪਾਰਟੀਆਂ ਦੀ ਅੰਦਰੂਨੀ ਸਾਂਝ ਕਾਰਨ ਹੀ ਕੈਪਟਨ ਅਮਰਿੰਦਰ ਸਿੰਘ ਬਰਗਾੜੀ ਕਾਂਡ ਦੇ ਅਸਲ ਦੋਸ਼ੀਆਂ ਬਾਦਲ ਪਰਿਵਾਰ ਨੂੰ ਬਚਾਉਣ ਵਿੱਚ ਲੱਗਾ ਹੈ ਅਤੇ ਨਵੀਂ ਐਸ.ਆਈ.ਟੀ ਦਾ ਗਠਨ ਕਰਕੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਲੱਗੇ ਹੋਏ ਹਨ। ਪ੍ਰੰਤੂ ਇਸ ਵਾਰ ਚੋਣਾਂ ਉਪਰੰਤ ਇਹਨਾਂ ਦੋਵੇਂ ਪਾਰਟੀਆਂ ਦਾ ਸੱਚ ਸਾਹਮਣੇ ਆ ਜਾਵੇਗਾ।ਉਹਨਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਿਹਾ ਹੈ ਅਤੇ ਲੋਕਾਂ ਸਾਹਮਣੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਸਰਕਾਰ ਬਣਾ ਕੇ ਲੋਕਾਂ ਨੂੰ ਠੱਗਿਆ ਗਿਆ ਹੈ।
ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਆਗੂ ਰਾਕੇਸ਼ ਕੁਮਾਰ ਬੱਬੂ, ਗੁਰਸੇਵਕ ਸਿੰਘ, ਬਿੱਕਰ ਸਿੰਘ, ਚਮਕੌਰ ਸਿੰਘ ਅਤੇ ਰਾਜੇਸ਼ ਕੁਮਾਰ ਰਾਕੀ ਆਦਿ ਵੀ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media