ਅੰਮ੍ਰਿਤਸਰ, 9 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨੇ ਅੱਜ
ਇੱਥੇ ਪੰਜਾਬੀ ਰੈਫ਼ਰੀਡ ਰਿਸਰਚ ਜਰਨਲ ‘ਸੰਵਾਦ’ ਨੂੰ ਲੋਕ ਅਰਪਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕੌਂਸਲ ਦੇ ਮੀਤ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ, ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਤੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵੀ ਮੌਜ਼ੂਦ ਸਨ। ਸੰਵਾਦ ਦੇ ਇਸ 9ਵੇਂ ਅੰਕ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਦਿਆਂ ਇਸ ’ਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਜੀਵਨ ਦਰਸ਼ਨ ਨੂੰ ਦਰਸੌਂਦੇ ਨਾਮਵਰ ਵਿਦਵਾਨਾਂ ਦੇ 17 ਖੋਜ਼ ਪੱਤਰ ਸ਼ਾਮਿਲ ਕੀਤੇ ਗਏ ਹਨ।ਮਜੀਠੀਆ ਦੇ ਮੌਜ਼ੂਦਗੀ ’ਚ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੰਵਾਦ ਪੰਜਾਬੀ ਭਾਸ਼ਾ, ਸਾਹਿਤ, ਆਲੋਚਨਾ, ਲੋਕਧਾਰਾ ਤੇ ਸੱਭਿਆਚਾਰ ਨੂੰ ਸਮਰਪਿਤ ਇਕ ਪੀਅਰ ਰਿਵਿਊਡ, ਰੈਫ਼ਰੀਡ ਰਿਸਰਚ ਜਨਰਲ ਹੈ, ਜੋ ਕਿ ਪੋਸਟ ਗ੍ਰੈਜ਼ੂਏਟ ਪੰਜਾਬੀ ਅਧਿਐਨ ਵਿਭਾਗ ਵੱਲੋਂ 2015 ਤੋਂ ਲਗਾਤਾਰ ਹਰ ਛਿਮਾਹੀ ਪ੍ਰਕਾਸ਼ਿਤ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਰਿਸਰਚ ਜਨਰਲ ’ਚ ਰੈਫ਼ੀਰੀਡ ਪੈਨਲ, ਮਾਹਿਰਾਂ ਦੀ ਪ੍ਰਵਾਨਗੀ ਨਾਲ ਹੀ ਖੋਜ਼ ਪੱਤਰ ਪ੍ਰਕਾਸ਼ਿਤ ਕੀਤੇ ਜਾਦੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੇ ਨੀਤੀਗਤ ਪ੍ਰੋਗਰਾਮ ਤਹਿਤ ਸੰਵਾਦ ’ਚ ਵਿਸ਼ੇਸ਼ ਖੇਤਰ ਦੇ ਕਿਸੇ ਵੱਡੇ ਵਿਦਵਾਨ ਦਾ ਖੋਜ਼ ਪੱਤਰ ਸ਼ਾਮਿਲ ਕੀਤਾ ਜਾਂਦਾ ਹੈ।
ਛੀਨਾ ਨੇ ਕਿਹਾ ਇਸ ਅੰਕ ’ਚ ਸਿਰਦਾਰ ਕਪੂਰ ਸਿੰਘ ਦਾ ਖੋਜ਼ ਪੱਤਰ ‘ਗੁਰੂ ਨਾਨਕ ਸਾਹਿਬ’, ਪ੍ਰਿੰ: ਡਾ. ਮਹਿਲ ਸਿੰਘ ਦੀ ਮੋਹਨ ਸਿੰਘ ਦੀ ਕਵਿਤਾ ‘ਸਿੱਖੀ’ : ਉਸਤਿਤ ਤੋਂ ਚਿੰਤਾ ਦਾ ਸਫ਼ਰ, ਡਾ. ਜਸਪਾਲ ਕੌਰ ਦਿਓਲ ਦੀ ਗੁਰੂ ਨਾਨਕ ਦਾ ਨਾਟ ਚਿਤਰਣ : ਸਮਾਜਿਕ ਪ੍ਰਾਸੰਗਿਕਤਾ, ਡਾ. ਆਤਮ ਸਿੰਘ ਰੰਧਾਵਾ ਦੀ ‘ਅਸੀ ਨਾਨਕ ਦੇ ਕੀ ਲਗਦੇ ਹਾਂ : ਪੁਨਰ-ਚਿੰਤਨ’, ਡਾ. ਪਰਮਿੰਦਰ ਸਿੰਘ ਦੀ ‘ਗੁਰੂ ਨਾਨਕ : ਜਨਮਸਾਖੀ ਬਿੰਬ’, ਡਾ. ਭੁਪਿੰਦਰ ਸਿੰਘ ਦੀ ‘ਸੇਵਾ ਦਾ ਸੰਕਲਪ ਅਤੇ ਗੁਰੂ ਨਾਨਕ ਦਰਸ਼ਨ’, ਡਾ. ਗੁਰਤੇਜ ਸਿੰਘ ਠੀਕਰੀਵਾਲਾ ਦੀ ‘ਭਟ ਬਾਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਗੁਰ ਪਰਮੇਸ਼ਰ’ ਸਰੂਪ ਦਾ ਚਿਤਰਣ, ਡਾ. ਤੇਜਿੰਦਰਪਾਲ ਸਿੰਘ ਦਾ ‘ਸ੍ਰੀ ਗੁਰੂ ਨਾਨਕ ਦੇਵ ਜੀ : ਜੋਤਿ ਤੇ ਜੁਗਤਿ’, ਡਾ. ਜਸਬੀਰ ਸਿੰਘ ਦਾ ‘ਗੁਰੂ ਨਾਨਕ ਬਾਣੀ ਵਿਚਲੀ ਪ੍ਰਗਟਾ ਜੁਗਤ ‘ਬਿੰਬ’ : ਵਿਭਿੰਨ ਪਾਸਾਰ’ ਆਦਿ ਸ਼ਾਮਿਲ ਹੈ। ਛੀਨਾ ਨੇ ਕਿਹਾ ਕਿ ਇਸ ਵਿਸ਼ੇਸ਼ ਅੰਕ ਦੇ ਮੁੱਖ ਸੰਪਾਦਕ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਤੇ ਸਿੱਖ ਇਤਿਹਾਸ ਖੋਜ ਕੇਂਦਰ ਦੇ ਇੰਚਾਰਜ ਡਾ. ਕੁਲਦੀਪ ਸਿੰਘ ਢਿੱਲੋਂ ਇਸ ਅੰਕ ਦੇ ਸੰਪਾਦਕ ਹਨ। ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ ਇਸ ਜਰਨਲ ਸਮਰਪਿਤ ਕੀਤਾ ਗਿਆ ਹੈ ਅਤੇ ਮੈਨੇਜ਼ਮੈਂਟ ਵੱਲੋਂ ਹੋਰ ਵੀ ਕਈ ਵੱਡੇ ਪੱਧਰ ਦੇ ਪ੍ਰੋਗਰਾਮ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਢੇ ਗਏ ਹਨ ਜੋ ਸਮੇਂ-ਸਮੇਂ ’ਚ ਕਾਲਜ ਵਿਖੇ ਕਰਵਾਏ ਜਾਣਗੇ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media