
ਅੰਮ੍ਰਿਤਸਰ, 6 ਸਤੰਬਰ (ਪ੍ਰੀਤਮ ਸਿੰਘ)- ਅਮਰੀਕਾ ਅਤੇ ਜਪਾਨ ਤੋਂ ਆਏ ਇਕ ਸਾਂਝੇ ਵਿੱਦਿਅਕ ਮਾਹਿਰਾਂ ਦੇ ਵਫ਼ਦ ਨੇ ਅੱਜ ਸਥਾਨਕ ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਕੀਤੇ ਦੌਰੇ ਦੌਰਾਨ ਪੰਜਾਬੀ ਸੱਭਿਆਚਾਰ ਅਤੇ ਵਿੱਦਿਆ ਪ੍ਰਸਾਰ ਦੇ ਤਰੀਕਿਆਂ ਬਾਰੇ ਵੱਡਮੁੱਲੀ ਜਾਣਕਾਰੀ ਹਾਸਲ ਕੀਤੀ। ਦੁਨੀਆ ਦੀਆਂ ਮਸ਼ਹੂਰ ਯੂਨੀਵਰਸਿਟੀਆਂ ਜਿਨ੍ਹਾਂ ਵਿੱਚ ਸੈਂਟੈਨਫ਼ੋਰਡ, ਓਰੇਗੋਨ, ਰੋਹਡਦੇ, ਅਮਰੀਕਾ ਅਤੇ ਟੋਕੀਓ ਅਤੇ ਯੋਕਾਹਮਾ ਯੂਨੀਵਰਸਿਟੀ, ਜਾਪਾਨ ਤੋਂ ਆਏ ਇਸ ਵਫ਼ਦ ਨੇ ਸਕੂਲ ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਇਕ ਸੱਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਣਿਆ। ਵਫ਼ਦ ਦਾ ਸਕੂਲ ਪੁੱਜਣ ‘ਤੇ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ‘ਤੇ ਹਾਜ਼ਰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਨਿੱਘਾ ਸਵਾਗਤ ਕੀਤਾ। ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਦੀ ਰਹਿਨੁਮਾਈ ਹੇਠ ਮੌਕੇ ਸਕੂਲ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਜਿਸ ਵਿੱਚ ਉਨ੍ਹਾਂ ਪੰਜਾਬੀ ਵਿਰਸੇ ਦੀ ਝਲਕ ਨੂੰ ਪੇਸ਼ ਕਰਦਿਆਂ ਬੋਲੀਆਂ-ਗਿੱਧਾ, ਭੰਗੜਾ, ਝੁਮਰ, ਡਾਂਸ ਆਦਿ ਖਾਸ ਤੌਰ ‘ਤੇ ਜਾਪਾਨੀ ਸੱਭਿਅਤਾ ਨੂੰ ਦਰਸਾਉਂਦਾ ਹੋਇਆ ਨਾਚ ‘ਸਾੲੋ ਨਾਰਾ’ ਪੇਸ਼ ਕੀਤਾ।
ਸ: ਛੀਨਾ ਨੇ ਇਸ ਦੌਰਾਨ ਕਿਹਾ ਕਿ ਇਸ ਤਰ੍ਹਾਂ ਦੇ ਅੰਤਰ ਸੱਭਿਆਚਾਰ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਇਕ ਦੂਸਰੇ ਦੇ ਸੱਭਿਆਚਾਰ ਨੂੰ ਸਮਝਣ ਵਿੱਚ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮਾਗਮ ਵਿੱਚ ਜਿੱਥੇ ਵਿਦੇਸ਼ੀ ਸੱਭਿਅਤਾ ਦਾ ਗਿਆਨ ਵਿਦਿਆਰਥੀਆਂ ਦੇ ਰੂਬਰੂ ਹੋਇਆ ਹੈ, ਉੱਥੇ ਵਫ਼ਦ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪੜਚੋਲ ਕਰਦਿਆ ਵਿਰਸੇ, ਸੱਭਿਅਤਾ ਤੋਂ ਗਿਆਤ ਹੋਇਆ ਹੈ। ਇਸ ਮੌਕੇ ਵਫ਼ਦ ਦੀ ਟੀਮ ਨੇ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਉਨ੍ਹਾਂ ਆਪਣੇ ਵਿੱਦਿਅਕ ਢਾਂਚੇ ਅਤੇ ਸੱਭਿਅਤਾ ਸਬੰਧੀ ਵਿਦਿਆਰਥੀਆਂ ਨੂੰ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ। ਸ: ਛੀਨਾ ਨੇ ਡਾ. ਬਰਾੜ ਦੀ ਇਸ ਪ੍ਰੋਗਰਾਮ ਸਬੰਧੀ ਸ਼ਲਾਘਾ ਕੀਤੀ ਅਤੇ ਆਏ ਹੋਏ ਵਫ਼ਦ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਪ੍ਰੋਗਰਾਮ ਦੌਰਾਨ ਅਧਿਆਪਕ ਦਿਵਸ ਨੂੰ ਸਮਰਪਿਤ ਇਕ ਵੱਖਰੇ ਸਮਾਗਮ ਮੌਕੇ 20 ਸਾਲਾਂ ਤੋਂ ਵਧੇਰੇ ਸਕੂਲ ਵਿੱਚ ਸੇਵਾ ਨਿਭਾਅ ਰਹੇ 7 ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਉਪਰੰਤ ਟੋਕੀਓ (ਜਾਪਾਨ) ਦੀ ‘ਢਿੱਲੋਂ ਮਾਰਟੀ ਫਾਊਂਡੇਸ਼ਨ’ ਦੀ ਪ੍ਰਧਾਨ ਸੋਨੀਆ ਇੰਦਰਬੀਰ ਕੌਰ ਢਿੱਲੋਂ ਮਾਰਟੀ ਦੀ ਦੇਖ-ਰੇਖ ਹੇਠ ਆਇਆ ਇਹ ਵਫ਼ਦ ਇਤਿਹਾਸਕ ਖਾਲਸਾ ਕਾਲਜ ਵਿਖੇ ਪਹੁੰਚਿਆ, ਜਿੱਥੇ ਉਨ੍ਹਾਂ ਨੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨਾਲ ਮਿਲਕੇ ਕਾਲਜ ਦੀ ਆਲੀਸ਼ਾਨ ਇਮਾਰਤ ਦਾ ਦੌਰਾ ਕੀਤਾ ਅਤੇ ਇਸਦੇ ਵਿਲੱਖਣ ਭਵਨ ਕਲਾ ਦੇ ਨਮੂਨੇ ਦੀ ਸ਼ਲਾਘਾ ਕੀਤੀ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media