ਬੱਚਿਆਂ ਨੂੰ ਦਿਖਾਇਆ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਭਾਸ਼ਣ ਦਾ ਸਿੱਧਾ ਪ੍ਰਸਾਰਣ
ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ)- ਸਰਕਾਰੀ ਕੰਨਿਆ ਐਲੀਮੈਂਟਰੀ ਸਕੂਲ, ਕੋਟ ਬਾਬਾ ਦੀਪ ਸਿੰਘ ਵਿਖੇ ਹੈਡ ਟੀਚਰ ਰੋਸ਼ਨ ਲਾਲ ਸ਼ਰਮਾ ਸਟੇਟ ਅਤੇ ਨੈਸ਼ਨਲ ਐਵਾਰਡੀ ਦੀ ਅਗਵਾਈ ਹੇਠ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਡਾ. ਸਰਵਪਲਵੀ ਰਾਧਾ ਕ੍ਰਿਸ਼ਨ ਜੀ ਦਾ ਜਨਮ ਦਿਨ ਅਧਿਆਪਕ ਦਿਵਸ ਵਜੋਂ ਮਨਾਇਆ ਗਿਆ। ਬੱਚਿਆਂ ਨੇ ਅਧਿਆਪਕ ਦਿਵਸ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕਰਦੇ ਹੋਏ ਗੀਤ, ਕਵਿਤਾਵਾਂ ਅਤੇ ਅਧਿਆਪਕਾਂ ਦੇ ਗੁਣਾਂ ਦੀ ਵਿਆਖਿਆ ਕੀਤੀ। ਰੋਸ਼ਨ ਲਾਲ ਸ਼ਰਮਾ ਨੇ ਕਿਹਾ ਕਿ ਇਸ ਦਿਵਸ ਨੂੰ ਇਸ ਪ੍ਰੋਗਰਾਮ ਰਾਹੀਂ ਅਧਿਆਪਕਾਂ ਅਤੇ ਬੱਚਿਆਂ ਪ੍ਰਤੀ ਨੇੜਤਾ ਦੀ ਭਾਵਨਾ ਪੈਦਾ ਹੁੰਦੀ ਹੈ। ਬੱਚਿਆਂ ਦੇ ਨਿਰਮਾਣ ਅਤੇ ਉਨ੍ਹਾਂ ਨੂੰ ਦੇਸ਼ ਦੇ ਚੰਗੇ ਨਾਗਰਿਕ ਬਨਾਉਣ ਵਿੱਚ ਅਧਿਆਪਕ ਦਾ ਅਹਿਮ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਅਧਿਆਪਕ ਦੇ ਪੜ੍ਹੇ ਬੱਚੇ ਨੂੰ ਕਾਮਯਾਬੀ ਮਿਲਦੀ ਹੈ ਤਾਂ ਮਨ ਨੂੰ ਇੱਕ ਅਨੋਖੀ ਖੁਸ਼ੀ ਮਹਿਸੂਸ ਹੁੰਦੀ ਹੈ। ਸਾਨੂੰ ਸਾਰਿਆਂ ਨੂੰ ਅਧਿਆਪਕ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਖੂਬ ਮਿਹਨਤ ਕਰਨੀ ਚਾਹੀਦੀ ਹੈ। ਇਸ ਦਿਨ ਬੱਚਿਆਂ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਭਾਸ਼ਣ ਦਾ ਸਿੱਧਾ ਪ੍ਰਸਾਰਣ ਦਿਖਾਇਆ ਗਿਆ, ਜਿਸ ਦਾ ਪਹਿਲਾਂ ਹੀ ਸਕੂਲ ਵਿੱਚ ਪ੍ਰਬੰਧ ਕੀਤਾ ਗਿਆ ਸੀ। ਬੱਚਿਆਂ ਤੇ ਅਧਿਆਪਕਾਂ ਨੇ ਸਮਾਜ ਵਿੱਚ ਫੈਲੀਆਂ ਭ੍ਰਿਸ਼ਟਾਚਾਰ, ਜਾਤ-ਪਾਤ, ਧਾਰਮਿਕ ਕੱਟੜਵਾਦ ਆਦਿ ਬੁਰਾਈਆਂ ਨੂੰ ਦੂਰ ਕਰਨ ਅਤੇ ਲੋਕਾਂ ਨੂੰ ਇੰਨ੍ਹਾਂ ਤੋਂ ਸੁਚੇਤ ਕਰਨ ਦਾ ਪ੍ਰਣ ਲਿਆ ਗਿਆ। ਇਸ ਮੌਕੇ ਮੈਡਮ ਸ੍ਰੀਮਤੀ ਮਨਜੀਤ ਕੌਰ, ਸ੍ਰੀਮਤੀ ਭੁਪਿੰਦਰ ਕੌਰ, ਸ੍ਰੀ ਪਰਮਿੰਦਰਜੀਤ ਸਿੰਘ, ਸ੍ਰੀਮਤੀ ਹਰਿੰਦਰ ਕੌਰ, ਮੈਡਮ ਮਮਤਾ ਰਾਣੀ, ਰਣਜੀਤ ਸਿੰਘ ਬੀ.ਪੀ.ਸੀ., ਸ੍ਰੀ ਬਿਕਰਮਜੀਤ ਸਿੰਘ, ਸੰਦੀਪ ਕੌਰ, ਹਰਵਿੰਦਰ ਕੌਰ ਅਤੇ ਬੱਚਿਆਂ ਦੇ ਮਾਤਾ ਪਿਤਾ ਸ਼ਾਮਿਲ ਹੋਏ।