Sunday, June 15, 2025
Breaking News

ਮਨੁੱਖਤਾ ਦਾ ਸੱਚਾ ਸੇਵਕ ਤੇ ਲੋੜਵੰਦਾ ਦਾ ਸਹਾਰਾ ਬਣਿਆ – ਤਜਿੰਦਰਪਾਲ ਸਿੰਘ (ਸੋਨੀ ਮੱਕੜ)

ਬਰਸੀ ‘ਤੇੇ ਵਿਸ਼ੇਸ਼
PPN06091417

                          ਆਪਣੀ ਕਹਿਣੀ ‘ਤੇ ਕਰਨੀ ਵਿੱਚ ਪ੍ਰਪੱਕ ਹੋ ਕੇ ਇਨਸਾਨੀ ਕਦਰਾਂ ਕੀਮਤਾਂ ‘ਤੇ ਪਹਿਰਾ ਦੇਣ ਵਾਲਾ ਤੇ ਮਨੁੱਖਤਾ ਦਾ ਸੱਚਾ ਸੇਵਕ ਬਣਨ ਵਾਲਾ ਤਜਿੰਦਰਪਾਲ ਸਿੰਘ (ਸੋਨੀ ਮੱਕੜ) ਇਨਸਾਨੀ ਜਾਮੇ ਅੰਦਰ ਇਕ ਫਰਿਸ਼ਤਾ ਸੀ । ਜਿਸ ਨੇ ਆਪਣੀ ਜਿੰਦਗੀ ਦੇ ਥੋੜੇ ਸਮੇਂ ਵਿੱਚ ਬਿਨ੍ਹਾਂ ਕਿਸੇ ਸ਼ੋਹਰਤ ਦੇ ਲੋੜਵੰਦਾਂ ਦੀ ਖੁੱਲ ਕੇ ਮਦਦ ਕਰਨ ਦੇ ਵਿੱਚ ਆਪਣਾ ਮੋਹਰੀ ਰੋਲ ਨਿਭਾਇਆ ਬੁਲੰਦ ਹੋਸਲੇ ਦੇ ਮਾਲਕ ਸਿਰੜੀ ਨੌਜਵਾਨ ਤਜਿੰਦਰਪਾਲ ਸਿੰਘ (ਸੋਨੀ ਮੱਕੜ) ਦਾ ਜਨਮ ਜੱਥੇ: ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਗ੍ਰਹਿ ਵਿਖੇ ਮਾਤਾ ਮਹਿੰਦਰ ਕੌਰ ਦੀ ਕੁੱਖੋਂ 23 ਜੂਨ 1975 ਨੂੰ ਹੋਇਆ, ਵਿਰਸੇ ਵਿੱਚੋਂ ਆਪਣੇ ਮਾਤਾ-ਪਿਤਾ ਤੋਂ ਪ੍ਰਾਪਤ ਹੋਈ ਧਾਰਮਕ ਗੁੜਤੀ ਅਤੇ ਗੁਰੂ ਦੀ ਬਖਸ਼ਿਸ਼ ਨੇ ਤਜਿੰਦਰਪਾਲ ਸਿੰਘ ਨੂੰ ਜਿੱਥੇ ਇਕ ਗੁਰੂ ਦਾ ਸੱਚਾ ਸਿੱਖ ਬਣਾਇਆ, ਉਥੇ ਨਾਲ ਹੀ ਕਿਰਤ ਕਰੋ, ਵੰਡ ਛਕੋ ਦੇ ਸਿਧਾਂਤ ਵਿੱਚ ਪ੍ਰਪੱਕ ਹੋਣ ਵਿੱਚ ਵੀ ਅਹਿਮ ਰੋਲ ਅਦਾ ਕੀਤਾ ।

                              ਬਚਪਨ ਤੋਂ ਲੈ ਕੇ ਜੁਆਨੀ ਤੱਕ ਦੇ ਸਫਰ ਦੌਰਾਨ ਆਪਣੇ ਦੋ ਭਰਾਵਾਂ ਇੰਦਰਜੀਤ ਸਿੰਘ ਮੱਕੜ ਤੇ ਮਨਵਿੰਦਰਪਾਲ ਸਿੰਘ ਮੱਕੜ (ਕੌਂਸਲਰ) ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿੱਥੇ ਆਟੋ-ਪਾਰਟਸ ਤੇ ਪ੍ਰਾਪਰਟੀ ਦੇ ਕਾਰੋਬਾਰ ਨੂੰ ਵਧਾਇਆ ਉਥੇ ਨਾਲ ਹੀ ਆਪਣੇ ਸਤਿਕਾਰਯੋਗ ਪਿਤਾ ਜੱਥੇ: ਅਵਤਾਰ ਸਿੰਘ ਨੂੰ ਦਰਵੇਸ਼ ਅਕਾਲੀ ਆਗੂ ਬਣਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ । ਆਪਣੀ ਜਿੰਦਗੀ ਵਿੱਚ ਦਿਆਲੂ ਇਨਸਾਨ ਬਣਨ ਦੀ ਆਸ ਵਿੱਚ ਕਾਰਜਸ਼ੀਲ ਰਹੇ ਸਿਰੜੀ ਇਨਸਾਨ ਤਜਿੰਦਰਪਾਲ ਸਿੰਘ (ਸੋਨੀ ਮੱਕੜ) ਨੂੰ ਜਿੰਦਗੀ ਦੇ ਥਪੇੜਿਆਂ ਨੇ ਇਨ੍ਹਾਂ ਨਰੋਆ ਬਣਾ ਦਿੱਤਾ ਕਿ ਹਰ ਪ੍ਰਕਾਰ ਦੇ ਹਲਾਤਾਂ ਨਾਲ ਟੱਕਰ ਲੈਣ ਲਈ ਤਿਆਰ-ਬਰ-ਤਿਆਰ ਰਹਿਣ ਲੱਗਾ, ਖਾਸ ਕਰਕੇ ਆਪਣੇ ਸਤਿਕਾਰਯੋਗ ਪਿਤਾ ਜੱਥੇ: ਅਵਤਾਰ ਸਿੰਘ ਦੇ ਹਰ ਵੱਡੇ ਕਾਰਜ ਵਿੱਚ ਸਭ ਤੋਂ ਛੋਟੇ ਬੇਟੇ ਹੋਣ ਦੇ ਬਾਵਜੂਦ ਸਭ ਤੋਂ ਅੱਗੇ ਹੋ ਕੇ ਆਪਣੀ ਪੁਖਤਾ ਜਿੰਮੇਵਾਰੀ ਨਿਭਾਈ । ਇਸ ਦੌਰਾਨ ਜੱਥੇ: ਅਵਤਾਰ ਸਿੰਘ ਜੀ ਦੇ ਪੰਥ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਸੋਨੀ ਮੱਕੜ ਇੱਕ ਸੱਚੇ ਹਮਦਰਦ ਤੇ ਲਾਡਲੇ ਬੇਟੇ ਦੇ ਰੂਪ ਵਜੋਂ ਆਪਣੇ ਪਿਤਾ ਦੀ ਸਮੁੱਚੀ ਸੁਰੱਖਿਆ ਦੀ ਜਿੰਮੇਵਾਰੀ ਵੀ ਆਪਣੇ ਮੋਢਿਆਂ ਉਪਰ ਪਾਈ ਰੱਖੀ ਅਤੇ ਹਰ ਪਲ ਆਪਣੇ ਮੋਬਾਇਲ ਫੋਨ ਰਾਹੀਂ ਸਮੁੱਚੀ ਸਥਿਤੀ ਅਤੇ ਹਾਲਾਤਾ ਦਾ ਜਾਇਜਾ ਲੈਂਦਾ ਰਹਿੰਦਾ । ਇਸ ਦੇ ਨਾਲ ਹੀ ਆਪਣੇ ਭਰਾ ਮਨਵਿੰਦਰਪਾਲ ਸਿੰਘ ਮੱਕੜ ਨੂੰ ਦੋ ਵਾਰ ਲੁਧਿਆਣਾ ਨਗਰ ਨਿਗਮ ਦਾ ਕੌਂਸਲਰ ਬਣਾਉਣ ਵਿੱਚ ਆਪਣਾ ਮਹੱਤਵਪੂਰਨ ਰੋਲ ਅਦਾ ਕੀਤਾ। ਆਪਣੀ ਪਤਨੀ ਸਮੇਤ ਆਪਣੇ ਬੇਟਾ ਤੇ ਬੇਟੀ ਨਾਲ ਨੀਝ ਨਾਲ ਪਿਆਰ ਕਰਨ ਵਾਲਾ ਤਜਿੰਦਰਪਾਲ ਸਿੰਘ (ਸੋਨੀ ਮੱਕੜ) ਜਿੱਥੇ ਇੱਕ ਚੰਗਾ ਇਨਸਾਨ ਸੀ ਉਥੇ ਨਾਲ ਹੀ ਯਾਰਾ ਦਾ ਯਾਰ ਵੀ ਸੀ ਜੋ ਕਿ ਹਮੇਸ਼ਾ ਆਪਣੇ ਮਿੱਤਰਾ ਨੂੰ ਕਲੇਵੇ ਵਿੱਚ ਲੈ ਕੇ ਆਪਣੀ ਸੱਚੀ ਮਿੱਤਰਤਾ ਪੁਗਾਉਂਦਾ ਸੀ । ਜਿਸ ਦੀ ਮਿਸਾਲ ਅੱਜ ਵੀ ਉਨ੍ਹਾਂ ਦੇ ਮਿੱਤਰ ਦਿੰਦੇ ਹੋਏ ਨਜ਼ਰ ਆਉਂਦੇ ਹਨ ਕਿ ਕਿਵੇਂ ਸੱਚੇ ਦੋਸਤ ਦਾ ਫਰਜ਼ ਨਿਭਾਉਂਦੇ ਹੋਏ ਲੋੜ ਵੇਲੇ ਉਹ ਆਪਣੀ ਜੇਬ ਵਿੱਚ ਪਏ ਸਾਰੇ ਪੈਸੇ ਹੀ ਉਨ੍ਹਾਂ ਨੂੰ ਮਦਦ ਲਈ ਦੇ ਦਿੰਦੇ ਸਨ ।

                          ਜਿਗਰ (ਲੀਵਰ) ਦੀ ਬਿਮਾਰੀ ਨਾਲ ਪੀੜਤ ਤਜਿੰਦਰਪਾਲ ਸਿੰਘ (ਸੋਨੀ ਮੱਕੜ) ਨੇ ਆਪਣੇ ਇਲਾਜ ਦੌਰਾਨ ਵੀ ਬੁਲੰਦ ਹੌਂਸਲੇ ਦਾ ਸਬੂਤ ਦਿੰਦੇ ਹੋਏ ਆਪਣੇ ਪਰਿਵਾਰਿਕ ਮੈਂਬਰਾਂ ਖਾਸ ਕਰਕੇ ਆਪਣੇ ਪਿਤਾ ਜੱਥੇ: ਅਵਤਾਰ ਸਿੰਘ ਦੇ ਨਾਲ ਆਪਣੀ ਪਿਆਰ ਭਰੀ ਦਿਲੀ ਸਾਂਝ ਬਣਾਈ ਰੱਖੀ । ਪਰ ਅਕਾਲ ਪੁਰਖ ਦੀ ਰਜ਼ਾ ਅਨੁਸਾਰ ਤਜਿੰਦਰਪਾਲ ਸਿੰਘ (ਸੋਨੀ ਮੱਕੜ) ਦਾ ਵੱਡੇ ਪੱਧਰ ਤੇ ਉਚ ਇਲਾਜ ਹੋਣ ਦੇ ਬਾਵਜੂਦ ਵੀ ਉਸ ਦੀ ਜਿੰਦਗੀ ਨਾ ਬੱਚ ਸਕੀ ਅਤੇ 7 ਅਕਤੂਬਰ 2013 ਨੂੰ ਬੁਲੰਦ ਹੌਂਸਲੇ ਦਾ ਮਾਲਕ ਸੋਨੀ ਮੱਕੜ ਇਸ ਫਾਨੀ ਜਹਾਨ ਤੋਂ ਕੂਚ ਕਰ ਗਿਆ । ਤਜਿੰਦਰ ਸਿੰਘ ਸੋਨੀ ਮੱਕੜ ਦੀ ਲੋਕਪ੍ਰਿਯਤਾ ਦਾ ਆਲਮ ਇਸ ਕਦਰ ਸੀ । ਜਦੋਂ ਉਨ੍ਹਾਂ ਦੇ ਅੰਤਿਮ ਸੰਸਕਾਰ ਵੇਲੇ ਭਾਵੁਕ ਲੋਕਾਂ ਦੇ ਅੱਥਰੂ ਨਹੀਂ ਰੁੱਕ ਰਹੇ ਸਨ, ਜਿੰਨਾਂ ਦੀ ਵੱਧ ਤੋਂ ਵੱਧ ਮਦਦ ਸ. ਤਜਿੰਦਰਪਾਲ ਸਿੰਘ ਸੋਨੀ ਮੱਕੜ ਨੇ ਕੀਤੀ ਸੀ । ਬੇਸ਼ੱਕ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਤੇ ਬੁਲੰਦ ਹੌਂਸਲੇ ਦਾ ਮਾਲਕ ਤਜਿੰਦਰਪਾਲ ਸਿੰਘ (ਸੋਨੀ ਮੱਕੜ) ਸਰੀਰਕ ਤੌਰ ਤੇ ਆਪਣੇ ਪੀਰਵਾਰਕ ਮੈਂਬਰਾਂ ਤੇ ਸਮੁੱਚੇ ਸਮਾਜ ਨੂੰ ਪਿਛਲੇ ਸਾਲ ਸਦੀਵੀ ਵਿਛੋੜਾ ਦੇ ਗਿਆ ਹੈ । ਪਰ ਉਨ੍ਹਾਂ ਦੇ ਕਾਰਜ ਅਤੇ ਨਿੱਘੀਆਂ ਯਾਦਾਂ ਹਮੇਸ਼ਾ ਹੀ ਉਨ੍ਹਾਂ ਦੇ ਪ੍ਰੀਵਾਰਕ ਮੈਂਬਰਾ ਤੇ ਸੱਜਨ-ਪ੍ਰੇਮੀਆਂ ਦੇ ਦਿਲਾਂ ਵਿੱਚ ਹਮੇਸ਼ਾਂ ਅੰਗ-ਸੰਗ ਵੱਸਦੀਆਂ ਰਹਿਣਗੀਆਂ । ਤਜਿੰਦਰਪਾਲ ਸਿੰਘ (ਸੋਨੀ ਮੱਕੜ) ਦੀ ਪਹਿਲੀ ਬਰਸੀ ਮੌਕੇ ਸਾਡੀ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹ ਹੀ ਹੋਵੇਗੀ ਕਿ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਗਏ ਮਨੁੱਖੀ ਭਲਾਈ ਕਾਰਜਾਂ ਦੀ ਲੜੀ ਨੂੰ ਨਿਰੰਤਰ ਅੱਗੇ ਵਧਾਇਆ ਜਾਵੇ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਅਕਾਲ ਪੁਰਖ ਦਾ ਹੁਕਮ ਮੰਨਦਿਆਂ ਹੋਇਆਂ ਸ. ਤਜਿੰਦਰ ਪਾਲ ਸਿੰਘ ਸੋਨੀ ਮੱਕੜ ਵੱਲੋਂ ਦੇਖੇ ਗਏ ਸੁਪਨਿਆਂ ਨੂੰ ਹਕੀਕੀ ਰੂਪ ਵਿੱਚ ਸਾਕਾਰ ਕਰਨ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇੇ । ਉਨ੍ਹਾਂ ਦੀ ਪਹਿਲੀ ਬਰਸੀ ਦੇ ਸਬੰਧ ਵਿੱਚ 7 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਤੋਂ 12 ਵਜੇ ਤੱਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ (ਲੁਧਿਆਣਾ) ਵਿਖੇ ਗੁਰਮਤਿ ਸਮਾਗਮ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀਏ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ, ਉਥੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਸਮੇਤ ਕਈ ਹੋਰ ਪ੍ਰਮੁੱਖ ਰਾਜਨੀਤਿਕ ਤੇ ਧਾਰਮਿਕ ਸਖਸ਼ੀਅਤਾਂ ਸ. ਤਜਿੰਦਰਪਾਲ ਸਿੰਘ ਸੋਨੀ ਮੱਕੜ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕਰਨਗੀਆਂ ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply