Saturday, April 11, 2026

ਸੇਵਾ ਮੁਕਤ ਕਰਮਚਾਰੀ ਐਸੋਸੀਏਸ਼ਨ ਵਲੋਂ ਡਾ. ਗੁਰਨਾਮ ਸਿੰਘ ਦਾ ਭਾਈ ਪਿਆਰਾ ਸਿੰਘ ਸੰਗੀਤਕ ਘਰਾਣਾ ਐਵਾਰਡ ਨਾਲ ਸਨਮਾਨ

ਡਾ. ਗੁਰਨਾਮ ਸਿੰਘ ਵੱਲੋਂ ਗੁਰਮਤਿ ਸੰਗੀਤ ਲਈ ਕੀਤੇ ਕਾਰਜ਼ਾਂ ਨੂੰ ਭੁਲਾਇਆ ਨਹੀਂ ਜਾ ਸਕਦਾ- ਗਿਆਨੀ ਜਗਤਾਰ ਸਿੰਘ

PUNJ2102201916ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਵਿਸ਼ਵ ਸੰਗੀਤ ਦੇ ਖੇਤਰ ਵਿਚ ਆਪਣੇ ਵਿਸ਼ੇਸ ਉੱਦਮਾਂ ਨਾਲ ਪਿਛਲੇ ਕਈ ਦਹਾਕਿਆਂ ਤੋਂ ਨਿਰੰਤਰ ਕਾਰਜਸ਼ੀਲ ਨਿਧੜਕ ਸਖ਼ਸ਼ੀਅਤ ਡਾ. ਗੁਰਨਾਮ ਸਿੰਘ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ ਦੇ ਘਰ ਸੇਵਾ ਮੁਕਤ ਕਰਮਚਾਰੀ ਐਸੋਸ਼ੀਏਸ਼ਨ ਵੱਲੋਂ ਭਾਈ ਪਿਆਰਾ ਸਿੰਘ ਸੰਗੀਤਕ ਘਰਾਣੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਜਿਕਰਯੋਗ ਹੈ ਕਿ ਭਾਈ ਪਿਆਰਾ ਸਿੰਘ ਸੰਗੀਤਕ ਘਰਾਣੇ ਦੀ ਗੁਰਮਤਿ ਸੰਗੀਤ ਦੇ ਖੇਤਰ ਵਿਚ ਅਹਿਮ ਦੇਣ ਹੈ। ਭਾਈ ਜਸਵੰਤ ਸਿੰਘ ਤੇ ਭਾਈ ਮਨਜੀਤ ਸਿੰਘ ਇਸ ਖੇਤਰ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ ਇਨ੍ਹਾਂ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਵੱਡੀ ਪੱਧਰ ਤੇ ਮਾਨ-ਸਨਮਾਨ ਦਿੱਤਾ ਗਿਆ ਹੈ।
ਇਸ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਡਾ. ਗੁਰਨਾਮ ਸਿੰਘ ਵੱਲੋਂ ਕੀਤੇ ਕਾਰਜ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰਮਤਿ ਸੰਗੀਤ ਵਿਚ ਇਨ੍ਹਾਂ ਦੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ।ਉਨ੍ਹਾਂ ਨੇ ਡਾ. ਗੁਰਨਾਮ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਰਾਸਟਰਪਤੀ ਅਵਾਰਡ ਮਿਲਣ ਤੇ ਵਧਾਈ ਦਿੱਤੀ।ਸ਼੍ਰੋਮਣੀ ਕਮੇਟੀ ਸੇਵਾ ਮੁਕਤ ਕਰਮਚਾਰੀ ਐਸੋਸ਼ੀਏਸ਼ਨ ਦੇ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਜੋਗਿੰਦਰ ਸਿੰਘ ਅਦਲੀਵਾਲ ਨੇ ਆਏ ਹੋਏ ਪਤਵੰਤੇ ਸੱਜਣਾਂ ਨੂੰ `ਜੀ ਆਇਆਂ `ਕਹਿੰਦਿਆਂ ਅਯੋਜਿਤ ਸਮਾਗਮ ਬਾਰੇ ਜਾਣਕਾਰੀ ਦਿੱਤੀ।
ਸ਼੍ਰੋਮਣੀ ਕਮੇਟੀ ਸੇਵਾ ਮੁਕਤ ਕਰਮਚਾਰੀ ਐਸੋਸ਼ੀਏਸ਼ਨ ਦੇ ਬੁਲਾਰੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੌਜੂਦਾ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਡਾ. ਗੁਰਨਾਮ ਸਿੰਘ ਦਾ ਪੀੜ੍ਹੀ ਦਰ ਪੀੜ੍ਹੀ ਗੁਰਮਤਿ ਸੰਗੀਤ ਨਾਲ ਵੱਡਾ ਰਿਸ਼ਤਾ ਰਿਹਾ ਹੈ।ਇਨ੍ਹਾਂ ਦੇ ਭਰਾਤਾ ਡਾ. ਜਗੀਰ ਸਿੰਘ ਦਾ ਵੀ ਗੁਰਮਤਿ ਸਾਹਿਤ ਵਿਚ ਯਾਦਗਾਰੀ ਯੋਗਦਾਨ ਰਿਹਾ ਹੈ।ਡਾ. ਗੁਰਨਾਮ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੂਹ ਸੰਪੂਰਣ ਰਾਗਾਂ ਉਤੇ ਕਈ ਵਰੇ੍ਹ ਨਿਰੰਤਰ ਖੋਜ ਕਰਕੇ ਸ਼ਬਦ ਕੀਰਤਨ ਰਚਨਾਵਾਂ ਬਣਾਈਆਂ।ਉਨ੍ਹਾਂ ਕਿਹਾ ਕਿ ਡਾ. ਸਾਹਿਬ ਨੇ ਗੁਰਮਤਿ ਸੰਗੀਤ ਨੂੰ ਅਕਾਦਮਿਕ ਵਿਸ਼ੇ ਵਜੋਂ ਆਪਣੀ ਖੋਜ, ਅਧਿਐਨ ਨਾਲ ਵਿਕਸਤ ਕਰਦਿਆਂ ਵਿਸ਼ਵ ਭਰ ਦੀਆਂ ਯੂਨੀਵਰਸਿਟੀਆਂ ਤੇ ਅਦਾਰਿਆਂ ਵਿਚ ਲਾਗੂ ਕਰਵਾਇਆ।ਡਾ. ਗੁਰਨਾਮ ਸਿੰਘ ਦੁਆਰਾ ਗੁਰਮਤਿ ਸੰਗੀਤ ਦੇ ਖੇਤਰ ਵਿਚ ਪਾਏ ਵੱਡਮੁੱਲੇ ਯੋਗਦਾਨ ਸਦਕਾ ਪਿਛਲੇ ਦਿਨੀ ਭਾਰਤ ਦੇ ਰਾਸ਼ਟਰਪਤੀ ਵਲੋਂ ਉਨ੍ਹਾਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਸੀ।ਇਸੇ ਲਈ ਅੱਜ ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਡਾ. ਗੁਰਨਾਮ ਸਿੰਘ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਸ਼ਵ ਭਾਰਤੀ ਸੰਗੀਤ ਵਿਚ ਗੁਰਮਤਿ ਸੰਗੀਤ ਨੂੰ ਬਣਦਾ ਉਹ ਸਥਾਨ ਨਹੀਂ ਦਿੱਤਾ ਗਿਆ ਸੀ ਜਿਸ ਦੀ ਲੋੜ ਸੀ। ਅੱਜ ਵੱਡੇ ੳਪਰਾਲਿਆਂ ਸਦਕਾ ਪੰਜਾਬੀ ਯੂਨੀਵਰਸਿਟੀ ਤੇ ਹੋਰ ਵਿਸ਼ਵ ਵਿਦਿਆਲਿਆਂ ਵਿੱਚ ਇਸ ਨੇ ਆਪਣਾ ਬਣਦਾ ਸਥਾਨ ਗ੍ਰਹਿਣ ਕੀਤਾ ਹੈ।ਸਿੱਖ ਸੰਸਥਾਵਾਂ ਬੁਧੀਜੀਵੀਆਂ ਸਿੱਖ ਧਰਮ ਹਤੈਸ਼ੀਆਂ ਅਤੇ ਖ਼ਾਸ ਕਰਕੇ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਇਸ ਵੱਲ ਵਿਸ਼ੇਸ ਧਿਆਨ ਦੇਣਾ ਚਾਹੀਦਾ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਦਿਲਜੀਤ ਸਿੰਘ ਬੇਦੀ ਤੇ ਸਤਬੀਰ ਸਿੰਘ ਧਾਮੀ, ਡਾ. ਅੰਮ੍ਰਿਤਪਾਲ ਕੌਰ ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ, ਸਾਬਕਾ ਵਧੀਕ ਸਕੱਤਰ ਹਰਿੰਦਰਪਾਲ ਸਿੰਘ, ਸਾਬਕਾ ਮੀਤ ਸਕੱਤਰ ਪਰਮਜੀਤ ਸਿੰਘ, ਮੈਨੇਜਰ ਬਲਬੀਰ ਸਿੰਘ, ਚਰਨਜੀਤ ਸਿੰਘ ਸਾਬਕਾ ਮੀਤ ਮੈਨੇਜਰ, ਜਸਵੰਤ ਸਿੰਘ ਈਸੇਵਾਲ, ਭਾਈ ਮਨਜੀਤ ਸਿੰਘ ਹਜ਼ੂਰੀ ਰਾਗੀ, ਭਾਈ ਸੰਤੋਖ ਸਿੰਘ, ਜਸਬੀਰ ਸਿੰਘ ਪ੍ਰੋਗਰਾਮ ਆਫੀਸਰ ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰਚਰਨ ਸਿੰਘ ਠੇਕੇਦਾਰ, ਹਰਮਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਹਰਪ੍ਰੀਤ ਸਿੰਘ, ਸੁਰਿੰਦਰ ਸਿੰਘ ਆਰਟਿਸਟ, ਹਰਦੀਪ ਸਿੰਘ ਕੈਲੀਗ੍ਰਾਫਰ, ਡਾ. ਕਿਰਨਦੀਪ ਕੌਰ, ਬੀਬੀ ਸਿਮਰਨ ਕੌਰ ਆਦਿ ਹਾਜ਼ਰ ਸਨ।

 

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply