ਨਵੀਂ ਦਿੱਲੀ, 22 ਫਰਵਰੀ (ਪੰਜਾਬ ਪੋਸਟ ਬਿਊਰੋ) – ਕਸ਼ਮੀਰੀ ਮੁਸਲਿਮ ਭਾਈਚਾਰੇ ਦੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿੱਖ ਕੌਮ ਵਲੋਂ ਪਨਾਹ ਦੇਣਾ ਸਿੱਖ ਸਿਧਾਂਤ ਦੀ ਪ੍ਰੋੜ੍ਹਤਾ ਕਰਨ ਵਰਗਾ ਹੈ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਕਸ਼ਮੀਰੀਆਂ ਪ੍ਰਤੀ ਦੇਸ਼ ਵਾਸੀਆਂ `ਚ ਭਰੇ ਗ਼ੁੱਸੇ ਦੇ ਬਾਵਜੂਦ ਸਿੱਖ ਕੌਮ ਨੇ ਮਨੁੱਖਤਾ `ਤੇ ਪਹਿਰਾ ਦੇ ਕੇ ਸਿੱਖ ਗੁਰੂਆਂ ਵਲੋਂ “ਸਰਬਤ ਦੇ ਭਲੇ“ ਦੀ ਦਿੱਤੀ ਵਿਚਾਰਧਾਰਾ ਨੂੰ ਅਮਲੀ ਜਾਮਾ ਪਹਿਨਾਇਆ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਮਾਂ-ਬੋਲੀ ਦੇ ਸਤਿਕਾਰ ਅਤੇ ਪ੍ਰਚਾਰ ਨੂੰ ਸਮਰਪਿਤ “ਵਾਰਿਸ ਵਿਰਸੇ ਦੇ“ ਜਥੇਬੰਦੀ ਦੇ ਮੈਂਬਰਾਂ ਨੇ ਜਥੇਬੰਦੀ ਦੇ ਪ੍ਰਧਾਨ ਪਰਮਿੰਦਰ ਪਾਲ ਸਿੰਘ ਦੀ ਅਗਵਾਈ `ਚ ਹੋਈ ਬੈਠਕ ਦੌਰਾਨ ਪ੍ਰਗਟ ਕੀਤਾ।ਪਰਮਿੰਦਰ ਨੇ ਦੱਸਿਆ ਕਿ ਪਰੇਸ਼ਾਨੀ `ਚ ਫਸੇ ਹੋਏ ਹਰ ਮਨੁੱਖ ਦੀ ਸੇਵਾ ਕਰਨਾ ਸਿੱਖ ਕੌਮ ਦਾ ਇਖ਼ਲਾਕੀ ਫ਼ਰਜ਼ ਹੈ।ਗੁਰੂ ਤੇਗ਼ ਬਹਾਦਰ ਸਾਹਿਬ ਨੇ ਇੱਕ ਸਮੇਂ ਪਰੇਸ਼ਾਨੀ `ਚ ਫਸੇ ਹੋਏ ਕਸ਼ਮੀਰੀ ਪੰਡਿਤਾਂ ਦੇ ਧਾਰਮਿਕ ਅਧਿਕਾਰ ਲਈ ਆਪਣੀ ਸ਼ਹਾਦਤ ਦਿੱਤੀ ਸੀ।ਅੱਜ ਗੁਰੂ ਸਾਹਿਬ ਦੇ ਸਿੱਖ ਕਸ਼ਮੀਰੀ ਮੁਸ਼ਲਿਮਾਂ ਦੇ ਹੱਕ ਵਿਚ ਖੜੇ ਹਨ।ਜਿਸ ਤੋਂ ਸਾਫ਼ ਹੁੰਦਾ ਹੈ ਕਿ ਸਿੱਖ ਹਮੇਸ਼ਾਂ ਕਮਜ਼ੋਰਾਂ ਅਤੇ ਲਾਚਾਰਾਂ ਦੇ ਨਾਲ ਖੜਾ ਰਿਹਾ ਹੈ।ਜਥੇਬੰਦੀ ਦੇ ਮੈਂਬਰਾਂ ਨੇ ਪੁਲਵਾਮਾ ਹਮਲੇ ਦੌਰਾਨ ਮਾਰੇ ਗਏ ਸੀ.ਆਰ.ਪੀ.ਐਫ ਦੇ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ। ਪਰਮਿੰਦਰ ਨੇ ਸੋਸ਼ਲ ਮੀਡੀਆ `ਤੇ ਕਸ਼ਮੀਰੀ ਮੁਸਲਿਮ ਵਲੋਂ ਸਿੱਖ ਕੌਮ ਦੇ ਕੀਤੇ ਜਾ ਰਹੇ ਧੰਨਵਾਦ ਨੂੰ ਬੇਲੋੜਾ ਦੱਸਦੇ ਹੋਈ ਕਿਹਾ ਕਿ ਸਿੱਖਾਂ ਨੇ ਅਜਿਹੀ ਨਫ਼ਰਤ ਨਵੰਬਰ 1984 `ਚ ਆਪਣੇ ਪਿੰਡੇ `ਤੇ ਹੰਢਾਈ ਹੈ।ਇਸ ਲਈ ਕੁੱਝ ਲੋਕਾਂ ਦੀ ਗ਼ਲਤੀ ਪਿੱਛੇ ਸਾਰੇ ਕਸ਼ਮੀਰੀਆਂ ਨੂੰ ਗ਼ਲਤ ਦੱਸਣਾ ਸਿੱਖਾਂ ਨੂੰ ਰਾਸ ਨਹੀਂ ਆਇਆ।ਪਰਮਿੰਦਰ ਸਿੰਘ ਨੇ ਸਾਫ਼ ਕਿਹਾ ਕਿ ਜੇਕਰ ਅਸੀਂ ਕਸ਼ਮੀਰ ਨੂੰ ਆਪਣੇ ਦੇਸ਼ ਦਾ ਨਾ ਵੱਖ ਹੋਣ ਵਾਲਾ ਹਿੱਸਾ ਦੱਸਦੇ ਹਾਂ, ਤਾਂ ਕਸ਼ਮੀਰੀ ਵੀ ਇਸ ਮੁਲਕ ਦੇ ਸ਼ਹਿਰੀ ਹਨ।ਇਸ ਲਈ ਸਾਰੇ ਕਸ਼ਮੀਰੀਆਂ ਨੂੰ ਗ਼ਲਤ ਨਹੀਂ ਗਰਦਾਨਿਆ ਜਾ ਸਕਦਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media